ਅੱਜ ਸਿੱਖ ਸਿਆਸਤ ਦੇ ਸੰਪਾਦਕ ਭਾਈ ਪਰਮਜੀਤ ਸਿੰਘ ਵਲੋਂ ਜਲੰਧਰ ਦੇ ਪ੍ਰੈਸ ਕਲੱਬ ਵਿਚ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿਚ ਪੀਟੀਸੀ ਦੁਆਰਾ ਗੁਰਬਾਣੀ ਨੂੰ ਆਪਣੀ ਬੌਧਿਕ ਸੰਪਤੀ ਦੱਸਣ ਦੇ ਸਬੂਤ ਪੇਸ਼ ਕੀਤੇ ਗਏ। ਇਹ ਸਬੂਤ ਅਸੀਂ ਸਿੱਖ ਸਿਆਸਤ ਦੇ ਪਾਠਕਾਂ ਨਾਲ ਸਾਝੇ ਕਰ ਰਹੇ ਹਾਂ:
ੴ ਸਤਿਗੁਰ ਪ੍ਰਸਾਦਿ॥
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ॥
‘ਜੀ. ਨੈਕਸਟ ਮੀਡੀਆ ਪ੍ਰਾਈਵੇਟ ਲਿਮਿਟਿਡ’ ਅਤੇ ‘ਪੀ.ਟੀ.ਸੀ. ਪੰਜਾਬੀ’ ਵਲੋਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਚੱਲਦੇ ਗੁਰਬਾਣੀ ਦੇ ਪਰਵਾਹ- ਗੁਰਬਾਣੀ ਕੀਰਤਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਖਵਾਕ (ਹੁਕਮਨਾਮਾ ਸਾਹਿਬ) ਉੱਤੇ ਆਪਣੀ ਅਜਾਰੇਦਾਰੀ ਦਰਸਾਉਣਾ ਸਰਾਸਰ ਗਲਤ ਅਤੇ ਨਾ ਪ੍ਰਵਾਣਯੋਗ ਕਾਰਵਾਈ ਹੈ।
ਪੀ.ਟੀ.ਸੀ. ਨੇ 10 ਜਨਵਰੀ 2020 ਨੂੰ ਅਦਾਰਾ ‘ਸਿੱਖ ਸਿਆਸਤ’ ਨੂੰ ਫੇਸਬੁੱਕ ਰਾਹੀਂ ਭੇਜੇ ਨੋਟਿਸ ਵਿਚ ਗੁਰਬਾਣੀ ਨੂੰ ਆਪਣੀ ‘ਬੌਧਿਕ ਜਾਇਦਾਦ’ (ਇਨਟਲੈਕਚੁਅਲ ਪ੍ਰਾਪਰਟੀ) ਦਰਸਾਇਆ ਹੈ।
‘ਬੌਧਿਕ ਜਾਇਦਾਦ’ ਉਹ ਹੁੰਦੀ ਹੈ ਜਿਹੜੀ ਕਿਸੇ ਦੇ ਆਪਣੇ ਦਿਮਾਗ ਦੀ ਉਪਜ ਹੋਵੇ, ਜਿਵੇਂ ਕਿ ਕਵੀ ਦੀ ਕਵਿਤਾ, ਕਹਾਣੀਕਾਰ ਦੀ ਕਹਾਣੀ, ਸਾਜਿੰਦੇ ਦਾ ਸੰਗੀਤ, ਫਿਲਮਸਾਜ ਦੀ ਫਿਲਮ, ਨਾਟਕਕਾਰ ਦਾ ਨਾਟਕ ਅਤੇ ਕਲਾਕਾਰ ਦੀ ਕਲਾ ਉਸ ਦੀ ‘ਬੌਧਿਕ ਜਾਇਦਾਦ’ ਹੈ।
ਗੁਰਬਾਣੀ, ਜਿਸ ਬਾਰੇ ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਸਪਸ਼ਟ ਕੀਤਾ ਹੈ ਕਿ ‘ ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ।।’ ਅਤੇ ‘ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥’ ਅਤੇ ਹਰੇਕ ਪ੍ਰਾਣੀ ਨੂੰ ਦੱਸਿਆ ਹੈ ਕਿ ਗੁਰਬਾਣੀ ਆਪ ਨਿਰੰਕਾਰੁ ਅਕਾਲ ਪੁਰਖੁ ਜੀ ਦਾ ਹੁਕਮ ਹੈ, ਉਸ ਨੂੰ ਪੀ.ਟੀ.ਸੀ ਵਲੋਂ ਆਪਣੀ ‘ਬੌਧਿਕ ਜਾਇਦਾਦ’ ਦੱਸਣਾ ਅਸੀਂ ‘ਧੁਰਿ ਕੀ ਬਾਣੀ’ ਦੀ ਬੇਅਦਬੀ ਸਮਝਦੇ ਹਾਂ।
ਪਹਿਲਾਂ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਾਹਿਬਾਨ ਦੀਆਂ ਘੋਰ ਬੇਅਦਬੀਆਂ ਹੋਈਆਂ, ਜਿਨ੍ਹਾਂ ਦਾ ਸੱਲ੍ਹ ਅਜੇ ਵੀ ਹਰੇਕ ਸ਼ਰਧਾਵਾਨ ਸਿੱਖ ਦੇ ਹਿਰਦੇ ਵਿਚ ਸੂਲ ਵਾਙ ਗੱਡਿਆ ਹੋਇਆ ਹੈ ਓਥੇ ਹੁਣ ਗੁਰਬਾਣੀ ਨੂੰ ਆਪਣੀ ‘ਬੌਧਿਕ ਜਾਇਦਾਦ’ ਦੱਸ ਕੇ ਪੀ.ਟੀ.ਸੀ. ਵਲੋਂ ਗੁਰਬਾਣੀ ਦੀ ਘੋਰ ਬੇਅਦਬੀ ਕੀਤੀ ਗਈ ਹੈ।
ਇਸ ਮਾਮਲੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧਾਰੀ ਗਈ ਚੁੱਪ ਪਹਿਲਾਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਵੇਲੇ ਕੀਤੇ ਵਤੀਰੇ ਦਾ ਹੀ ਦੁਹਰਾਓ ਹੈ, ਜੋ ਕਿ ਮੰਦਭਾਗੀ ਗੱਲ ਹੈ।
ਦੋ ਦਿਨ ਪਹਿਲਾਂ ਦਾ ਹੀ ਇਹ ਮਸਲਾ ‘ਸਿੱਖ ਸਿਆਸਤ’ ਤੱਕ ਸੀਮਤ ਨਾ ਰਹਿ ਕੇ ਸਮੁੱਚੇ ਸਿੱਖ ਜਗਤ ਦਾ ਬਣ ਗਿਆ ਹੈ ਕਿਉਂਕਿ ਇਹ ਗੁਰੂ ਸਾਹਿਬਾਨ ਦੇ ਅਦਬ-ਸਤਿਕਾਰ ਦਾ ਮਸਲਾ ਹੈ। ਇਸ ਲਈ ਸਾਡੀ ਸਮੁੱਚੇ ਸਿੱਖ ਜਗਤ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਅੱਗੇ ਸਨਿਮਰ ਬੇਨਤੀ ਹੈ ਕਿ ਗੁਰਬਾਣੀ ਨੂੰ ਆਪਣੀ ‘ਬੌਧਿਕ ਜਾਇਦਾਦ’ ਦੱਸ ਕੇ ਬੇਅਦਬੀ ਕਰਨ ਵਾਲਿਆਂ ਦਾ ਹਰ ਪੱਧਰ ਉੱਤੇ ਡਟਵਾਂ ਵਿਰੋਧ ਕੀਤਾ ਜਾਵੇ।
ਅਸੀਂ ਸਮੁੱਚੇ ਬਿਜਲ-ਸੱਥ (ਸੋਸ਼ਲ ਮੀਡੀਆ) ਭਾਈਚਾਰੇ ਅਤੇ ਖਬਰਖਾਨੇ (ਮੀਡੀਆ), ਜੋ ਗੁਰੂ ਸਾਹਿਬ ਦੇ ਅਦਬ ਸਤਿਕਾਰ ਦੇ ਹਾਮੀ ਹਨ, ਨੂੰ ਸੱਦਾ ਦਿੰਦੇ ਹਾਂ ਕਿ ਆਓ ਆਪਾਂ ਦਰਬਾਰ ਸਾਹਿਬ ਵਿਖੇ ਹੁੰਦੇ ਗੁਰਬਾਣੀ ਕੀਰਤਨ ਤੇ ਹੁਕਮਨਾਮਾ ਸਾਹਿਬ ਨੂੰ ਸੰਗਤਾਂ ਤੱਕ ਪਹੁੰਚਾਉਣ ਲਈ ਆਪੋ ਆਪਣੇ ਫੇਸਬੁਕ ਖਾਤਿਆਂ ਅਤੇ ਹੋਰ ਬਿਜਲ ਸੱਥ ਮੰਚਾਂ ਤੋਂ ਸਾਂਝਾ ਕਰੀਏ।
ਇਸ ਮਸਲੇ ਸਾਰੇ ਪੱਖ ਵਿਚਾਰਨ ਲਈ ਅਸੀਂ ਸਿਖ ਜਗਤ ਦੀਆਂ ਸੁਹਿਰਦ ਸ਼ਖ਼ਸੀਅਤਾਂ ਦਾ ਇਕ ਇੱਕਠ 17 ਜਨਵਰੀ 2020 ਨੂੰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਸੈਕਟਰੀ 28, ਚੰਡੀਗੜ੍ਹ ਵਿਖੇ ਸੱਦ ਰਹੇ ਹਾਂ।
ਗੁਰਬਾਣੀ ਦੀ ਬੇਅਦਬੀ ਕਰਨ ਵਾਲਿਆਂ ਵਿਰੁਧ ਕਾਰਵਾਈ ਯਕੀਨੀ ਬਣਾਉਣ ਲਈ ਇਕੱਠੇ ਹੋਈਏ ਅਤੇ ਸਾਂਝੇ ਉਦਮ ਕਰੀਏ।
ਵੱਲੋਂ: ਸਿੱਖ ਸਿਆਸਤ
ਮਿਤੀ: 13 ਜਨਵਰੀ 2020
ਥਾਂ: ਪ੍ਰੈਸ ਕਲੱਬ,ਜਲੰਧਰ