ਚੰਡੀਗੜ੍ਹ: ਸਿੱਖ ਵਿਚਾਰ ਮੰਚ ਦੇ ਸੱਦੇ ਉਤੇ ਇਕੱਠੇ ਹੋਏ ਸਿੱਖ ਬੁੱਧੀਜੀਵੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਾਠ-ਪੁਸਤਕਾਂ ਵਿਚ ਸਿੱਖ ਇਤਿਹਾਸ ਤੇ ਸੱਭਿਆਚਾਰ ਦੀ ਹਿੰਦੂਵਾਦ ਦੇ ਰਾਸ਼ਟਰਵਾਦੀ ਨਜ਼ਰੀਏ ਤੋਂ ਕੀਤੀ ਪੇਸ਼ਕਾਰੀ ਦੀ ਸਖਤ ਆਲੋਚਨਾ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਗਿਆਰਵੀਂ-ਬਾਰ੍ਹਵੀਂ ਜਮਾਤ ਲਈ ਛਪੀਆਂ ਇਤਿਹਾਸ ਦੀਆਂ ਪੁਸਤਕਾਂ ਨੂੰ ਰੱਦ ਕਰਕੇ ਨਵੇਂ ਸਿਲੇਬਸ ਤਿਆਰ ਕਰਵਾ ਕੇ ਛਪਵਾਈਆਂ ਜਾਣ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਕੈਂਪਸ ਵਿਚ ਹੋਈ ਮੀਟਿੰਗ ਵਿਚ ਸਿੱਖ ਵਿਚਾਰਵਾਨਾਂ ਨੇ ਮੰਗ ਕੀਤੀ ਕਿ ਸਿੱਖਿਆ ਬੋਰਡ ਤੁਰੰਤ ਸਿੱਖ ਇਤਿਹਾਸਕਾਰਾਂ ਦੀ ਭਰਵੀਂ ਸ਼ਮੂਲੀਅਤ ਨਾਲ ਇਤਿਹਾਸ ਮਾਹਿਰਾਂ ਦੀ ਨਵੀਂ ਕਮੇਟੀ ਦਾ ਗਠਨ ਕਰਕੇ ਸਿੱਖ ਇਤਿਹਾਸ ਦੀ ਸਹੀ ਪੇਸ਼ਕਾਰੀ ਵਾਲਾ ਸਿਲੇਬਸ ਤਿਆਰ ਕਰਵਾਏ।
ਮੀਟਿੰਗ ਵਿਚ ਪਾਸ ਮਤੇ ਵਿਚ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ 2014 ਵਿਚ ਇਤਿਹਾਸ ਦੀਆਂ ਪਾਠ-ਪੁਸਤਕਾਂ ਨੂੰ ਐਨ.ਸੀ.ਈ.ਆਰ.ਟੀ. ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਕੂਲ ਬਣਾਉਣ ਦੇ ਬਹਾਨੇ ਸਿੱਖ ਇਤਿਹਾਸ ਨੂੰ ਘਟਾਉਣ, ਰਾਸ਼ਟਰਵਾਦੀ ਬਣਾਉਣ ਤੇ ਭਗਵੀਂ ਪੇਸ਼ਕਾਰੀ ਦੀ ਪ੍ਰਕਿਰਿਆ ਆਰੰਭ ਦਿੱਤੀ ਸੀ। ਇਸ ਪ੍ਰਕਿਰਿਆ ਵਿਚ ਸਿੱਖ ਇਤਿਹਾਸ ਦਾ ਵੱਡਾ ਹਿੱਸਾ ਉਡਾ ਹੀ ਦਿੱਤਾ ਗਿਆ। ਬਾਕੀ ਹਿੱਸੇ ਦਾ ਭਗਵਾਂਕਰਨ ਕਰ ਦਿੱਤਾ ਗਿਆ। ਕਰਮਕਾਂਡੀ, ਪੁਜਾਰੀਵਾਦ ਤੇ ਹਿੰਦੂਵਾਦੀ ਮਿਥਿਹਾਸ ਨੂੰ ਇਤਿਹਾਸ ਬਣਾਇਆ ਅਤੇ ਇਸ ਨੂੰ ਸਿੱਖ ਯੋਧਿਆਂ ਦੇ ਕਾਰਨਾਮਿਆਂ ਅਤੇ ਇਤਿਹਾਸਕ ਤੱਥਾਂ ਦੇ ਬਰਾਬਰ ਪੇਸ਼ ਕੀਤਾ ਗਿਆ। ਸਕੂਲ ਦੀਆਂ ਨਵੀਂਆਂ
ਪਾਠ-ਪੁਸਤਕਾਂ ਸਿੱਖ ਪਹਿਚਾਣ ਨੂੰ ਪੇਤਲਾ ਅਤੇ ਕਮਜੋਰ ਕਰਨ ਦੀ ਸਾਜਿਸ਼ ਵਿਚੋਂ ਹੀ ਤਿਆਰ ਕੀਤੀਆਂ ਗਈਆਂ ਹਨ। ਇਸੇ ਕਰਕੇ ਸਿਲੇਬਸ ਤਿਆਰ ਕਰਨ ਲਈ ਕਿਸੇ ਸਿੱਖ ਇਤਿਹਾਸਕਾਰ ਨੂੰ ਸ਼ਾਮਲ ਨਹੀਂ ਕੀਤਾ ਗਿਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ, ਪੰਜਾਬੀ ਯੂਨੀਵਰਸਿਟੀ ਦੇ ਧਰਮ ਵਿਭਾਗ ਦੇ ਪ੍ਰੋਫੈਸਰ ਨੂੰ ਇਸ ਪ੍ਰਕਿਰਿਆ ਨਾਲ ਜੋੜਨਾ ਮਹਿਜ਼ ਪਰਦਾਪੋਸ਼ੀ ਸੀਙ
ਪੰਜਾਬ ਦੀ ਨਵੀਂ ਕਾਂਗਰਸ ਸਰਕਾਰ ਨੂੰ ਚਾਹੀਦਾ ਤਾਂ ਸੀ ਕਿ ਉਹ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸਿੱਖ ਇਤਿਹਾਸ ਦੇ ਹਿੰਦੂਕਰਣ ਕਰਨ ਦੇ ਪ੍ਰੋਜੈਕਟ ਨੂੰ ਰੱਦ ਕਰਦੀ ਪਰ ਇਸ ਦੇ ਉਲਟ ਇਸ ਨੇ ਨਵੀਂਆਂ ਪਾਠ-ਪੁਸਤਕਾਂ ਦੇ ਹੱਕ ਵਿਚ ਤਣ ਕੇ ਇਤਿਹਾਸ ਦੇ ਭਗਵਾਂਕਰਣ ਦੀ ਮੁਹਿੰਮ ਨੂੰ ਜਾਇਜ਼ ਠਹਿਰਾ ਦਿੱਤਾ।
ਸਿੱਖ ਬੁੱਧੀਜੀਵੀਆਂ ਨੇ ਕਿਹਾ ਕਿ ਸਿੱਖ ਇਤਿਹਾਸ ਤੇ ਸੱਭਿਆਚਾਰ ਦੀ ਵਿਲੱਖਣਤਾ ਨੂੰ ਖਤਮ ਕਰਕੇ ਰਾਸ਼ਟਰਵਾਦੀ ਢਾਂਚੇ ਵਿਚ ਫਿੱਟ ਕਰਨ ਵਿਚ ਅਕਾਲੀ-ਭਾਜਪਾ ਤੇ ਕਾਂਗਰਸ ਦੀਆਂ ਸਰਕਾਰਾਂ ਦਾ ਬਰਾਬਰ ਦਾ ਘਿਣਾਉਣਾ ਰੋਲ ਹੈ।
ਇਸ ਕਰਕੇ ਸੁਖਬੀਰ ਸਿੰਘ ਬਾਦਲ ਵੱਲੋਂ ਕੈਪਟਨ ਸਰਕਾਰ ਉਤੇ ਸਿੱਖ ਇਤਿਹਾਸ ਨੂੰ ਛੁਟਿਆਉਣ ਦੇ ਦੋਸ਼ ਮਹਿਜ਼ ਸਿਆਸੀ ਤੇ ਗੁਮਰਾਹਕੁਨ ਬਿਆਨ-ਬਾਜ਼ੀ ਹੈ। ਅੰਤ ਵਿਚ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਘੱਟ-ਗਿਣਤੀ ਫਿਰਕਾ ਹੋਣ ਕਾਰਨ ਉਤਪੰਨ ਹੋਣ ਵਾਲੀਆਂ ਦੁਸ਼ਵਾਰੀਆਂ ਤੋਂ ਚੇਤੰਨ ਰਹਿੰਦਿਆਂ ਆਪਣੇ ਇਤਿਹਾਸ ਤੇ ਸੱਭਿਆਚਾਰ ਨੂੰ ਬਚਾਉਣ ਲਈ ਜਾਗਰੂਕਤਾ ਮੁਹਿੰਮ ਖੜ੍ਹੀ ਕਰਨ।
ਇਸ ਮੀਟਿੰਗ ਵਿਚ ਗੁਰਤੇਜ ਸਿੰਘ ਆਈ ਏ ਐਸ, ਭਾਈ ਅਸ਼ੋਕ ਸਿੰਘ ਬਾਗੜੀਆਂ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਗੁਰਪ੍ਰੀਤ ਸਿੰਘ, ਕੁਲਬੀਰ ਸਿੰਘ ਆਈ ਏ ਐਸ, ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ, ਪੱਤਰਕਾਰ ਕਰਮਜੀਤ ਸਿੰਘ ਅਤੇ ਜਸਪਾਲ ਸਿੰਘ, ਸ਼੍ਰੋਮਣੀ ਖਾਲਸਾ ਪੰਚਾਇਤ ਦੇ ਰਾਜਿੰਦਰ ਸਿੰਘ, ਅਕਾਲੀ ਕਾਰਕੁਨ ਜਸਵਿੰਦਰ ਸਿੰਘ ਰਾਜਪੁਰਾ ਸ਼ਾਮਿਲ ਹੋਏ।