ਚੰਡੀਗੜ੍ਹ: ਬੰਦੀ ਸਿੰਘ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਬੀਤੇ ਕੱਲ੍ਹ ਪੇਰੋਲ ਉੱਤੇ ਰਿਹਾਅ ਹੋਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਵਕੀਲ ਅਤੇ ਸਿੰਘਾਂ ਦੀ ਸੂਚੀ ਤਿਆਰ ਕਰਨ ਵਾਲੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਪ੍ਰੋ. ਭੁੱਲਰ 6 ਹਫਤੇ ਦੀ ਪੇਰੋਲ (ਛੁੱਟੀ) ਉੱਤੇ ਰਿਹਾਅ ਹੋਏ ਹਨ।
ਦੱਸ ਦੇਈਏ ਕਿ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਬੀਤੇ ਕੁਝ ਸਾਲਾਂ ਤੋਂ ਛੁੱਟੀ ਉੱਪਰ ਰਿਹਾਅ ਹੁੰਦੇ ਆ ਰਹੇ ਹਨ। ਪਿਛਲੇ ਲੰਮੇ ਅਰਸੇ ਤੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਹਸਪਤਾਲ ਵਿੱਚ ਰੱਖਿਆ ਜਾਂਦਾ ਹੈ ਅਤੇ ਉੱਥੋਂ ਹੀ ਉਨ੍ਹਾਂ ਦੀ ਪੇਰੋਲ ਉੱਤੇ ਰਿਹਾਈ ਹੁੰਦੀ ਹੈ।
ਕਰੋਨਾ ਮਹਾਂਮਾਰੀ ਦੇ ਚੱਲਦਿਆਂ ਸਿੱਖ ਜਥੇਬੰਦੀਆਂ ਵੱਲੋਂ ਭਾਰਤੀ ਜੇਲ੍ਹਾਂ ਵਿੱਚ ਨਜ਼ਰਬੰਦ ਸਿੱਖ ਸਿਆਸੀ ਕੈਦੀਆਂ, ਜਿਨ੍ਹਾਂ ਨੂੰ ਬੰਦੀ ਸਿੰਘ ਕਿਹਾ ਜਾਂਦਾ ਹੈ, ਨੂੰ ਰਿਹਾਅ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਹਾਲ ਵਿੱਚ ਹੀ ਭਾਰਤੀ ਸੁਪਰੀਮ ਕੋਰਟ ਨੇ ਵੀ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਰਕਾਰਾਂ ਨੂੰ ਇਹ ਹਦਾਇਤਾਂ ਦਿੱਤੀਆਂ ਹਨ ਕਿ ਜੇਲ੍ਹਾਂ ਵਿੱਚੋਂ ਭੀੜ ਘਟਾਈ ਜਾਵੇ।
ਯੂਨਾਇਟਡ ਨੇਸ਼ਨਜ਼ ਦੇ ਮਨੁੱਖੀ ਹੱਕਾਂ ਦੇ ਮੁਖੀ ਨੇ ਵੀ ਇਹ ਬਿਆਨ ਜਾਰੀ ਕੀਤਾ ਹੈ ਕਿ ਜੇਲ੍ਹਾਂ ਵਿੱਚੋਂ ਪੀੜ ਕਰਾਉਣ ਲਈ ਕੈਦੀਆਂ ਨੂੰ ਰਿਹਾਅ ਕਰਨ ਲਈ ਸਿਆਸੀ ਕੈਦੀਆਂ (ਪੁਲਿਟੀਕਲ ਪ੍ਰਿਜ਼ਨਰਜ਼) ਨੂੰ ਤਰਜੀਹ ਦਿੱਤੀ ਜਾਵੇ।