Site icon Sikh Siyasat News

ਸਿੱਖ ਰੋਹ: ਚੰਦੂਮਾਜਰਾ ਸਮੇਤ ਬਾਦਲ ਦਲ ਦੇ ਆਗੂਆਂ ਨੇ ਪਸ਼ਚਾਤਾਪ ਸਮਾਗਮ ਦੌਰਾਨ ਲੋਹੇ ਦੇ ਜੰਗਲੇ ‘ਚੋਂ ਸੰਬੋਧਨ ਕੀਤਾ

 ਮੁਹਾਲੀ (28 ਅਕਤੂਬਰ, 2015): ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਹੋਰ ਪੰਥਕ ਮੁੱਦਿਆਂ ‘ਤੇ ਬਾਦਲ ਦਲ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਅਪਨਾਏ ਰਵੱਈਏ ਕਰਕੇ ਪੰਜਾਬ ਵਿੱਚ ਬਾਦਲ ਦਲ ਦੇ ਵੱਖ-ਵੱਖ ਆਗੂਆਂ ਦੇ ਕੀਤੇ ਗਏ ਘਿਰਾਓ ਤੋਂ ਡਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਬਾਦਲ ਦਲ ਦੇ ਆਗੂਆਂ ਅਤੇ ਸਰਗਰਮ ਵਰਕਰਾਂ ਨੇ ਆਪਣੀ ਸੁਰੱਖਿਆ ਲਈ ਲੋਹੇ ਦੇ ਜੰਗਲੇ ਲਾ ਕੇ ਵਿਚਾਰਾਂ ਕੀਤੀਆਂ। ਬਾਕੀ ਸਾਰੀ ਸੰਗਤ ਜੰਗਲੇ ਤੋਂ ਬਾਹਰ ਬੈਠੀ ਹੋਈ ਸੀ ਅਤੇ ਜੰਗਲੇ ਦੇ ਬਾਹਰੋਂ ਹੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ।

ਗੁਰਦੁਆਰਾ ਅੰਬ ਸਾਹਿਬ ਵਿੱਚ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਲੋਹੇ ਦੇ ਜੰਗਲੇ ਅੰਦਰੋਂ ਸੰਗਤ ਨੂੰ ਸੰਬੋਧਨ ਕਰਦੇ ਹੋਏ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਪਸ਼ਚਾਤਾਪ ਵਜੋਂ ਬਾਦਲ ਦਲ ਦੀ ਇਕਾਈ ਜ਼ਿਲ੍ਹਾ ਮੁਹਾਲੀ ਵੱਲੋਂ ਅੱਜ ਇੱਥੋਂ ਦੇ ਫੇਜ਼-8 ਸਥਿਤ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੀ ਪਾਰਕਿੰਗ ਦੇ ਖੁੱਲ੍ਹੇ ਪੰਡਾਲ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪੁਆਏ ਗਏ। ਰਾਗੀ ਤੇ ਢਾਡੀ ਜਥਿਆਂ ਨੇ ਗੁਰਬਾਣੀ ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ।

ਜ਼ਿਆਦਾਤਰ ਬੁਲਾਰਿਆਂ ਨੇ ਪਸ਼ਚਾਤਾਪ ਦੀ ਥਾਂ ਬਾਦਲ ਦਲ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਤੇ ਗ੍ਰੰਥੀ ਸਿੰਘ ਵੱਲੋਂ ਵੀ ਹੁਕਮਰਾਨ ਪਾਰਟੀ ਦੀ ਚੜ੍ਹਦੀ ਕਲਾ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ।

ਇਸ ਮੌਕੇ ਲੋਹੇ ਦੇ ਜੰਗਲੇ ਚੋਂ ਬੋਲਦਿਆਂ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਗੁਰੂ ਦੀ ਬੇਅਦਬੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜ਼ਿੰਮੇਵਾਰ ਲੋਕਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਇਸਤੋਂ ਪਗਿਲਾਂ ਬਾਦਲ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਸਿੱਖ ਸੰਗਤਾਂ ਦੇ ਵਿਰੋਧ ਤੋਂ ਡਰਦਿਆਂ ਜਿਲਾ ਪ੍ਰਸ਼ਾਸ਼ਨ ਅਤੇ ਸੁਰੱਖਿਆ ਏਜ਼ੰਸੀਆਂ ਨੇ ਮਾਨਸਾ ਜਿਲੇ ਦੇ ਗੁਰਦੁਆਰਾ ਸੂਲੀਸਰ (ਕੋਟ ਧਰਮੂ) ਸਕੂਲ ਦੀ ਕੰਧ ਪਾੜ ਕੇ ਗੁਰਦੁਆਰਾ ਵਿੱਚ ਦਾਖਲ ਕਰਵਾਇਆ ਸੀ।

ਇਸ ਮੌਕੇ ਐਸਜੀਪੀਸੀ ਦੇ ਮੈਂਬਰ ਨਿਰਮੈਲ ਸਿੰਘ ਜੌਲਾਂ, ਚਰਨਜੀਤ ਸਿੰਘ ਕਾਲੇਵਾਲ ਤੇ ਅਜਮੇਰ ਸਿੰਘ ਖੇੜ, ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਕੁੰਭੜਾ, ਜ਼ਿਲ੍ਹਾ ਯੂਥ (ਸ਼ਹਿਰੀ) ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ, ਜ਼ਿਲ੍ਹਾ ਇਸਤਰੀ ਦਲ ਦੀ ਪ੍ਰਧਾਨ ਕੁਲਦੀਪ ਕੌਰ ਕੰਗ, ਅਤੇ ਹੋਰ ਬਾਦਲ ਦਲ ਦੇ ਵਰਕਰ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version