ਬਠਿੰਡਾ: ਬਾਦਲ ਦਲ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦਾ ‘ਘੁਬਾਇਆ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ’ ਤਕਰੀਬਨ 28 ਲੱਖ ਰੁਪਏ ਦਾ ਡਿਫਾਲਟਰ ਹੈ, ਜਿਸ ਦਾ ਪਾਵਰਕੌਮ ਨੇ ਕੁਨੈਕਸ਼ਨ ਕੱਟ ਦਿੱਤਾ ਹੈ। ਐਕਸੀਅਨ ਲਖਵਿੰਦਰ ਸਿੰਘ ਨੇ ਕਿਹਾ ਕਿ ਇਸ ਕਾਲਜ ਵੱਲ ਕਾਫ਼ੀ ਸਮੇਂ ਤੋਂ ਬਕਾਇਆ ਖੜ੍ਹਾ ਸੀ, ਜਿਸ ਦਾ ਕਨੈਕਸ਼ਨ ਕੱਟ ਦਿੱਤਾ ਗਿਆ ਹੈ। ਜਲਾਲਾਬਾਦ ਦਾ ਸਰਕਾਰੀ ਕਾਲਜ ਵੀ ਚਾਰ ਲੱਖ ਰੁਪਏ ਦਾ ਡਿਫਾਲਟਰ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਮਰਹੂਮ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਤੇ ਕਾਂਗਰਸੀ ਉਮੀਦਵਾਰ ਕਰਨ ਬਰਾੜ ਦੇ ਪਿੰਡ ਸਰਾਏਨਾਗਾ ਵਿਚਲੀ ਰਿਹਾਇਸ਼ ਦੇ ਤਿੰਨ ਬਿਜਲੀ ਕੁਨੈਕਸ਼ਨਾਂ ਦਾ ਤਕਰੀਬਨ 25 ਲੱਖ ਰੁਪਏ ਦਾ ਬਿੱਲ ਬਕਾਇਆ ਖੜ੍ਹਾ ਹੈ। ਕਾਫੀ ਸਮੇਂ ਤੋਂ ਇਨ੍ਹਾਂ ਨੇ ਬਿੱਲ ਨਹੀਂ ਭਰਿਆ। ਉਪ ਮੰਡਲ ਬਰੀਵਾਲਾ ਦੇ ਐਸਡੀਓ ਸੰਜੇ ਸ਼ਰਮਾ ਨੇ ਦੱਸਿਆ ਕਿ ਬਰਾੜ ਪਰਿਵਾਰ ਨੇ ਮੰਗਲਵਾਰ ਤੱਕ ਬਿਜਲੀ ਦਾ ਬਿੱਲ ਨਾ ਤਾਰਿਆ ਤਾਂ ਉਹ ਕੁਨੈਕਸ਼ਨ ਕੱਟਣਗੇ।
ਮੁਕਤਸਰ ਵਿਚਲੇ ਬਾਦਲ ਦਲ ਦਾ ਕੋਟਕਪੂਰਾ ਰੋਡ ’ਤੇ ਸਥਿਤ ਦਫ਼ਤਰ ਦਾ ਬਿਜਲੀ ਦਾ ਬਿੱਲ ਵਰ੍ਹਿਆਂ ਤੋਂ ਨਹੀਂ ਭਰਿਆ ਜਾ ਰਿਹਾ। ਕਾਗਜ਼ਾਂ ਵਿੱਚ ਬਾਦਲ ਦਲ ਦਾ ਕਨੈਕਸ਼ਨ ਕੱਟਿਆ ਹੋਇਆ ਹੈ ਪਰ ਅਮਲੀ ਤੌਰ ’ਤੇ ਅਜਿਹਾ ਨਹੀਂ ਹੋਇਆ ਹੈ। ਹਲਕਾ ਮੁਕਤਸਰ ਤੋਂ ਬਾਦਲ ਦਲ ਦੇ ਉਮੀਦਵਾਰ ਰੋਜ਼ੀ ਬਰਕੰਦੀ ਦੇ ਇਸ ਦਫ਼ਤਰ ਦਾ ਖਾਤਾ ਨੰਬਰ ਜੀਟੀ 62-0214 ਹੈ, ਜਿਸ ਦਾ ਲੋਡ 20 ਕਿਲੋਵਾਟ ਹੈ। ਬਾਦਲ ਦਲ ਦੇ ਉਮੀਦਵਾਰ ਨੇ ਮਨੋਹਰ ਸਿੰਘ ਦੇ ਘਰ ਆਪਣਾ ਦਫ਼ਤਰ ਬਣਾਇਆ ਹੋਇਆ ਹੈ।
ਫਰਵਰੀ 2015 ਵਿੱਚ ਇਸ ਦਫਤਰ ਦਾ ਕਨੈਕਸ਼ਨ ਕੱਟਣ ਦੇ ਹੁਕਮ ਕਾਗਜ਼ਾਂ ’ਚ ਹੋ ਗਏ ਸਨ ਪਰ ਅੱਜ ਤਕ ਇਸ ਦੀ ਬਿਜਲੀ ਨਹੀਂ ਕੱਟਿਆ ਗਿਆ। ਬਾਦਲ ਦਲ ਦਾ ਇਹ ਦਫ਼ਤਰ 3.69 ਲੱਖ ਰੁਪਏ ਦਾ ਡਿਫਾਲਟਰ ਹੈ। ਰੋਜ਼ੀ ਬਰਕੰਦੀ ਦੇ ਪੀਏ ਬਿੰਦਰ ਸਿੰਘ ਨੇ ਕਿਹਾ ਕਿ ਉਹ ਜਲਦੀ ਬਿੱਲ ਭਰ ਰਹੇ ਹਨ। ਬਾਦਲ ਦਲ ਮੁਕਤਸਰ ਦੇ ਜ਼ਿਲ੍ਹਾ ਪ੍ਰਧਾਨ ਦਿਆਲ ਸਿੰਘ ਕੋਲਿਆਂਵਾਲੀ ਦੇ ਪੁੱਤਰ ਪਰਮਿੰਦਰ ਦੇ ਨਾਂ ਲੱਗਾ ਬਿਜਲੀ ਦਾ ਮੀਟਰ ਵੀ 23 ਲੱਖ ਰੁਪਏ ਦਾ ਡਿਫਾਲਟਰ ਹੈ, ਜਿਸ ਦਾ ਕਨੈਕਸ਼ਨ ਕੱਟ ਦਿੱਤਾ ਗਿਆ ਹੈ।
ਜ਼ੀਰਾ ਵਿਚਲੇ ਬਾਦਲ ਦਲ ਦੇ ਆਗੂ ਦੇ ਪਰਿਵਾਰ ਦੇ ‘ਹਰਬੀਰ ਪੈਟਰੋ’ ਵੱਲ 3.84 ਲੱਖ ਰੁਪਏ ਦਾ ਬਕਾਇਆ ਖੜ੍ਹਾ ਹੈ। ਐਸਡੀਓ ਜ਼ੀਰਾ ਸੰਤੋਖ ਸਿੰਘ ਨੇ ਕਿਹਾ ਕਿ ਜੇਕਰ ਸੋਮਵਾਰ ਤੱਕ ਰਿਕਵਰੀ ਨਾ ਆਈ ਤਾਂ ਉਹ ਕਨੈਕਸ਼ਨ ਕੱਟਣਗੇ। ਪੰਜਾਬ ਰਾਜ ਸਹਿਕਾਰੀ ਬੈਂਕ ਦੇ ਚੇਅਰਮੈਨ ਤੇ ਬਾਦਲ ਦਲ ਆਗੂ ਅਵਤਾਰ ਸਿੰਘ ਜ਼ੀਰਾ ਨੇ ਕਿਹਾ ਕਿ ਇਹ ਕਨੈਕਸ਼ਨ ਉਨ੍ਹਾਂ ਦੇ ਲੜਕੇ ਦੇ ਨਾਂ ਹੈ ਅਤੇ ਉਹ ਰੈਗੂਲਰ ਬਿੱਲ ਤਾਰ ਰਹੇ ਹਨ। ਉਨ੍ਹਾਂ ਨੂੰ ਬਕਾਇਆ ਰਾਸ਼ੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਬਠਿੰਡਾ ਜ਼ਿਲ੍ਹੇ ਦਾ ਵੀ ਇੱਕ ਕਾਂਗਰਸੀ ਉਮੀਦਵਾਰ ਪਾਵਰਕੌਮ ਦਾ ਡਿਫਾਲਟਰ ਹੈ, ਜਿਸ ਦਾ ਨਾਂ ਜ਼ਾਹਿਰ ਨਹੀਂ ਕੀਤਾ ਗਿਆ।
ਹਲਕਾ ਭੁੱਚੋ ਤੋਂ ਕਾਂਗਰਸੀ ਉਮੀਦਵਾਰ ਪ੍ਰੀਤਮ ਸਿੰਘ ਕੋਟਭਾਈ ਨੇ ਚੋਣ ਲੜਨ ਤੋਂ ਪਹਿਲਾਂ ਹੀ ਪਾਵਰਕੌਮ ਦੇ ਤਕਰੀਬਨ ਸਾਢੇ ਸੱਤ ਲੱਖ ਰੁਪਏ ਦਾ ਬਿਜਲੀ ਬਿੱਲ ਭੁਗਤਿਆ ਹੈ। ਐਸਡੀਓ ਗਿੱਦੜਬਾਹਾ ਸੁਰੇਸ਼ ਕੁਮਾਰ ਨੇ ਦੱਸਿਆ ਕਿ ਪ੍ਰੀਤਮ ਕੋਟਭਾਈ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਬਕਾਏ ਤਾਰ ਦਿੱਤੇ ਸਨ ਅਤੇ ਹੁਣ ਉਸ ਦੇ ਭਰਾ ਸੁਖਦੀਪ ਸਿੰਘ ਨੇ ਵੀ 78 ਹਜ਼ਾਰ ਦਾ ਬਿੱਲ ਤਾਰ ਦਿੱਤਾ ਹੈ। ਪਾਵਰਕੌਮ ਦੇ ਅਫ਼ਸਰਾਂ ਨੇ ਦੱਸਿਆ ਕਿ ਸਿਆਸੀ ਧਿਰਾਂ ਦੇ ਬਹੁਤੇ ਉਮੀਦਵਾਰ ਚੋਣ ਲੜਨ ਤੋਂ ਪਹਿਲਾਂ ਬਕਾਏ ਤਾਰ ਕੇ ਐਨਓਸੀ ਲੈ ਗਏ ਸਨ। ਹਲਕਾ ਜੈਤੋ ਤੋਂ ਬਾਦਲ ਦਲ ਦੇ ਉਮੀਦਵਾਰ ਸੂਬਾ ਸਿੰਘ ਨੇ ਵੀ ਚੋਣ ਲੜਨ ਤੋਂ ਪਹਿਲਾਂ ਬਕਾਇਆ ਤਾਰਿਆ ਸੀ।