Site icon Sikh Siyasat News

ਸਤਲੁਜ ਦਰਿਆ ਦੇ ਪ੍ਰਦੂਸਣ ਅਤੇ ਮੱਤੇਵਾੜਾ ਜੰਗਲ ਕੁਝ ਪਿੰਡਾਂ ਦਾ ਨਹੀਂ ਬਲਕਿ ਪੂਰੇ ਪੰਜਾਬ ਦਾ ਮਸਲਾ

 

ਲੁਧਿਆਣੇ ਸ਼ਹਿਰ ਵਿੱਚ ਲੱਗੇ ਕਾਰਖਾਨੇ, ਇਸ ਸ਼ਹਿਰ ਵਿਚਲੀਆਂ ਡੇਅਰੀਆਂ ਅਤੇ ਸ਼ਹਿਰ ਦੀ ਗੰਦਗੀ ਸਤਲੁਜ ਦਰਿਆ ਦੇ ਪਾਣੀ ਦੇ ਪਰਦੂਸ਼ਣ ਦਾ ਵੱਡਾ ਕਾਰਨ ਹਨ। ਲੁਧਿਆਣਾ ਸ਼ਹਿਰ ਵਿਚੋਂ ਲੰਘਦਾ ਬੁੱਢਾ ਦਰਿਆ ਜਿਸ ਨੂੰ ਹੁਣ ਬੁੱਢਾ ਨਾਲਾ ਕਿਹਾ ਜਾਂਦਾ ਹੈ, ਭੱਟੀਆਂ ਡਰੇਨ ਅਤੇ ਕਾਲਾ ਸੰਘਿਆਂ ਡਰੇਨ ਰਾਹੀਂ ਸਤਲੁਜ ਦਾ ਪਾਣੀ ਪਲੀਤ ਹੁੰਦਾ ਹੈ। ਇਸ ਤੋਂ ਇਲਾਵਾ ਲੁਧਿਆਣੇ ਸ਼ਹਿਰ ਨੇੜੇ ਪੰਜਾਬ ਦੇ ਬਚੇ ਆਖਰੀ ਜੰਗਲਾਂ ਵਿਚੋਂ ਮੱਤੇਵਾੜਾ ਜੰਗਲ ਕੋਲ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਉੱਤੇ ਜ਼ਮੀਨ ਜ਼ਬਤ ਕੀਤੀ ਗਈ ਹੈ ਜਿੱਥੇ ਆਉਂਦੇ ਸਮੇਂ ਵਿੱਚ ਵੱਡੀਆਂ ਕੰਪਨੀਆਂ ਵੱਲੋਂ ਉਸਾਰੀ ਕਰਨ ਅਤੇ ਕਾਰਖਾਨੇ ਲਾਉਣ ਦੇ ਮਨਸੂਬੇ ਹਨ। ਸ. ਅਮਨਦੀਪ ਸਿੰਘ ਬੈਂਸ ਲੁਧਿਆਣੇ ਸ਼ਹਿਰ ਤੋਂ ਪਲੀਤ ਹੁੰਦੇ ਸਲਤੁਜ ਦੇ ਪਾਣੀ ਵਿਰੁੱਧ ਚੇਤਨਤਾ ਲਿਆਉਣ ਅਤੇ ਮੱਤੇਵਾੜਾ ਖੇਤਰ ਦੇ ਕੁਦਰਤੀ ਮਹੌਲ ਨੂੰ ਬਚਾਉਣ ਲਈ ਯਤਨਸ਼ੀਲ ਸ਼ਹਿਰੀਆਂ ਵਿੱਚੋਂ ਇੱਕ ਹਨ। ਖੇਤੀਬਾੜੀ ਅਤੇ ਵਾਤਾਵਰਨ ਕੇਂਦਰ ਵੱਲੋਂ ਕੀਤੀ ਜਾ ਰਹੀ #ਜਲ_ਚੇਤਨਾ_ਯਾਤਰਾ ਦੌਰਾਨ ਸ. ਅਮਨਦੀਪ ਸਿੰਘ ਬੈਂਸ ਨਾਲ ਗੱਲਬਾਤ ਹੋਈ ਅਤੇ ਉਹਨਾਂ ਵੱਲੋਂ ਹੋਰਨਾਂ ਜੀਆਂ ਨਾਲ ਰਲ ਕੇ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਗਈ। ਉਹਨਾਂ ਕਿਹਾ ਕਿ ਮੱਤੇਵਾੜਾ ਦਾ ਮਸਲਾ ਇਸ ਇਲਾਕੇ ਦੇ ਕੁਝ ਕੁ ਪਿੰਡਾਂ ਦਾ ਮਸਲਾ ਨਹੀਂ ਹੈ ਬਲਕਿ ਪੂਰੇ ਪੰਜਾਬ ਦਾ ਮਸਲਾ ਹੈ ਕਿਉਂਕਿ ਮੱਤੇਵਾੜਾ ਖੇਤਰ ਦੇ ਕੁਦਰਤੀ ਮਹੌਲ ਨਾਲ ਛੇੜਛਾੜ ਨਾਲ ਪੰਜਾਬ ਦੇ ਵਾਤਾਵਰਨ ਦਾ ਵਿਗਾੜ ਹੋਰ ਗੰਭੀਰ ਹੋ ਜਾਵੇਗਾ। ਉਹਨਾਂ ਦੱਸਿਆ ਕਿ ਮੱਤੇਵਾੜਾ ਦਾ ਮਾਮਲਾ ਇੰਡੀਆ ਦੇ ਨੈਸ਼ਨਲ ਗਰੀਨ ਟ੍ਰਿਬਿਊਨਲ (ਨੈ.ਗ.ਟ੍ਰਿ.)ਵਿੱਚ ਚੁੱਕਿਆ ਗਿਆ ਹੈ। ਉਹਨਾ ਕਿਹਾ ਕਿ ਨੈ.ਗ.ਟ੍ਰਿ. ਨੇ ਪੰਜਾਬ ਸਰਕਾਰ ਕੋਲੋਂ “ਫਲੱਡ ਪਲੇਨ” ਦੀ ਪ੍ਰਭਾਸ਼ਾ ਮੰਗੀ ਹੈ ਕਿਉਂਕਿ ਫਲੱਡ ਪਲੇਨ ਵਿੱਚ ਉਸਾਰੀ ਨਹੀਂ ਕੀਤੀ ਜਾ ਸਕਦੀ ਅਤੇ ਉਹਨਾਂ ਮੱਤੇਵਾੜਾ ਦੇ ਮਾਮਲੇ ਵਿੱਚ ਇਹੀ ਦਲੀਲ ਨੈ.ਗ.ਟ੍ਰਿ. ਸਾਹਮਣੇ ਰੱਖੀ ਹੈ ਕਿ ਸਰਕਾਰ ਮੱਤੇਵਾੜਾ ਵਿੱਚ ਸਤਲੁਜ ਦੇ ਫਲੱਡ ਪਲੇਨ ਵਿੱਚ ਉਸਾਰੀ ਕਰਵਾਉਣ ਜਾ ਰਹੀ ਹੈ ਜੋ ਕਿ ਕਾਨੂੰਨ ਦੀ ਉਲੰਘਣਾ ਹੈ। ਉਹਨਾ ਹਰ ਪੰਜਾਬ ਦਰਦੀ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਬੇਨਤੀ ਕੀਤੀ।

#ਮੱਤੇਵਾੜਾ_ਬਚਾਓ_ਪੰਜਾਬ_ਬਚਾਓ
#ਝੋਨਾ_ਘਟਾਓ_ਪੰਜਾਬ_ਬਚਾਓ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version