Site icon Sikh Siyasat News

ਮਿਸਰ: ਦਲੇਰਾਨਾ ਰਾਜ ਪਲਟਾ

– ਡਾ. ਅਮਰਜੀਤ ਸਿੰਘ (ਵਾਸ਼ਿੰਗਟਨ)

ਸਾਰੀ ਦੁਨੀਆ (ਖਾਸ ਕਰਕੇ ਮੱਧ ਪੂਰਬ ਅਤੇ ਦੱਖਣੀ ਏਸ਼ੀਆ) ਮਿਸਰੀ ਰਾਸ਼ਟਰਪਤੀ ਹੋਸਨੀ ਮੁਬਾਰਕ ਦੇ 30 ਸਾਲ ਪੁਰਾਣੇ ਤਾਨਾਸ਼ਾਹੀ ਰਾਜ ਨੂੰ ਖਤਮ ਕਰਨ ਵਾਲੇ ਲੋਕ-ਵਿਦਰੋਹ ਦੀ ਸਫਲਤਾ ਉਤੇ ਹੈਰਾਨ ਹਨ। ਮੁਬਾਰਕ ਦੇ ਭ੍ਰਿਸ਼ਟ ਰਾਜ ਨੂੰ ਡੇਗਣ ਲਈ ਮਿਸਰੀ ਲੋਕਾਂ ਨੂੰ 18 ਦਿਨ ਦਲੇਰਾਨਾ ਮੁਜ਼ਾਹਰੇ ਕਰਨੇ ਪਏ, ਜਿਹੜੇ ਕਿ ਕੁਝ ਹੀ ਹਫਤੇ ਪਹਿਲਾਂ ਟਿਊਨੇਸ਼ੀਆ ਦੇ ਤਾਨਾਸ਼ਾਹ ਨੂੰ ਲੋਕਾਂ ਵਲੋਂ ਗੱਦੀਓਂ ਲਾਹੇ ਜਾਣ ਦੀਆਂ ਘਟਨਾਵਾਂ ਤੋਂ ਪ੍ਰੇਰਿਤ ਸਨ। ਅਰਬ ਮੁਲਕਾਂ ਦੇ ਲੋਕਾਂ ਲਈ ਮਿਸਰ ਵਿਚਲੀ ਕ੍ਰਾਂਤੀ ਇੱਕ ਨਵੀਂ ਆਸ ਦੀ ਕਿਰਨ ਬਣ ਕੇ ਉਭਰੀ ਹੈ।

ਇਸ ਵਿਦਰੋਹ ਦੀ ਸਫਲਤਾ ਨਾਲ ਜਿਹੜੀ ਸਭ ਤੋਂ ਵੱਡੀ ਤਬਦੀਲੀ ਆਈ ਹੈ, ਉਹ ਇਹ ਹੈ ਕਿ ਮੱਧ ਪੂਰਬ ਅਤੇ ਦੱਖਣੀ ਏਸ਼ੀਆ ਦੇ ਲੋਕ ਹੁਣ ਇਹ ਜਾਣ ਗਏ ਹਨ ਕਿ ਉਹ ਆਪਣੀ ਤਰਸਯੋਗ ਹਾਲਤ ਤੋਂ, ਅਮਰੀਕਾ, ਆਪਣੇ ਦੇਸ਼ਾਂ ਦੀ ਫੌਜ ਜਾਂ ਅੰਤਰਰਾਸ਼ਟਰੀ ਭਾਈਚਾਰੇ ਦੀ ਸਹਾਇਤਾ ਤੋਂ ਬਿਨਾਂ ਹੀ ਛੁਟਕਾਰਾ ਪਾ ਸਕਦੇ ਹਨ। ਉਹ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸੜਕਾਂ ਉਤੇ ਆ ਕੇ ਜ਼ਾਲਮ ਸਰਕਾਰਾਂ ਨੂੰ ਬੇਵੱਸ ਕਰ ਸਕਦੇ ਹਨ। ਮੱਧ ਪੂਰਬ ਦੇ ਲੋਕਾਂ ਨੇ ਦਿਨ-ਬ-ਦਿਨ ਕ੍ਰਾਂਤੀ ਨੂੰ ਅਸਲੀ ਰੂਪ ਲੈਂਦਿਆਂ ਆਪਣੀਆਂ ਅੱਖਾਂ ਨਾਲ ਤੱਕਿਆ ਹੈ। ਇਹ ਸਾਰੀ ਲਹਿਰ ਟਿਊਨੀਸ਼ੀਆ ਵਿੱਚ ਪਿਛਲੇ ਸਾਲ ਦਸੰਬਰ ਮਹੀਨੇ ਉਦੋਂ ਸ਼ੁਰੂ ਹੋਈ ਸੀ ਜਦੋਂ ਪੁਲਿਸ ਦੇ ਜ਼ੁਲਮ ਤੋਂ ਅੱਕੇ ਇੱਕ ਨੌਜਵਾਨ ਸਬਜ਼ੀ ਵਿਕਰੇਤਾ ਨੇ ਆਪਣੇ ਆਪ ਨੂੰ ਅੱਗ ਲਗਾ ਲਈ ਸੀ। ਇਸ ਘਟਨਾ ਤੋਂ ਪੈਦਾ ਹੋਇਆ ਲੋਕ-ਵਿਦਰੋਹ ਟਿਊਨੇਸ਼ੀਆ ਦੇ ਤਾਨਾਸ਼ਾਹ ਸ਼ਾਸ਼ਕ ਨੂੰ ਮੁਲਕ ਵਿੱਚੋਂ ਕੱਢ ਕੇ ਹੀ ਥੰਮਿਆ ਸੀ। ਟਿਊਨੇਸ਼ੀਆ ਵਿੱਚ ਕ੍ਰਾਂਤੀ ਦੀ ਸਫਲਤਾ ਤੋਂ ਉਤਸ਼ਾਹ ਵਿੱਚ ਆ ਕੇ ਮਿਸਰ ਦੇ ਲੋਕ ਵੀ ਕਾਇਰੋ ਦੀਆਂ ਗਲੀਆਂ ਅਤੇ ਮਿਸਰ ਦੇ ਦੂਜੇ ਸ਼ਹਿਰਾਂ ਵਿੱਚ ਇਕੱਤਰ ਹੋਣੇ ਸ਼ੁਰੂ ਹੋ ਗਏ। ਉਥੇ ਉਨ੍ਹਾਂ ਨੇ ਪਹਿਲਾਂ ਮਿਸਰੀ ਸੁਰੱਖਿਆ ਦਸਤਿਆਂ ਨਾਲ ਟੱਕਰ ਲਈ ਅਤੇ ਫਿਰ ਕਾਇਰੋ ਦੇ ਤਹਿਰੀਰ ਚੌਂਕ ਵਿੱਚ ਹਕੂਮਤ ਵਲੋਂ ਭੇਜੇ ਭਾੜੇ ਦੇ ਟੱਟੂਆਂ, ਜਿਹੜੇ ਘੋੜਿਆਂ ਅਤੇ ਊਠਾਂ ’ਤੇ ਸਵਾਰ ਹੋ ਕੇ ਉਨ੍ਹਾਂ ਉਤੇ ਹਮਲਾ ਕਰਨ ਆਏ ਸਨ, ਨੂੰ ਉਥੋਂ ਭਜਾਇਆ ਅਤੇ ਅੰਤ ਜਦੋਂ ਹਕੂਮਤ ਲੋਕਾਂ ਨੂੰ ਡਰਾਉਣ ਵਿੱਚ ਅਸਫਲ ਹੋ ਗਈ ਤਾਂ ਲੋਕਾਂ ਨੇ ਭ੍ਰਿਸ਼ਟ ਰਾਜਤੰਤਰ ਨੂੰ ਖਤਮ ਕਰਕੇ ਹੀ ਸਾਹ ਲਿਆ। ਲੋਕ ਇਹ ਯਾਦ ਰੱਖਣਗੇ ਕਿ ਹੋਸਨੀ ਮੁਬਾਰਕ ਮੱਧ ਪੂਰਬ ਵਿੱਚ ਤਾਨਾਸ਼ਾਹੀ ਸ਼ਾਸ਼ਨ ਦਾ ਚਿੰਨ੍ਹ ਸੀ। ਉਹ ਨੇ ਇੱਕ ਬੇਰਹਿਮ ਸੁਰੱਖਿਆਤੰਤਰ ਖੜ੍ਹਾ ਕੀਤਾ ਸੀ, ਜਿਸ ਵਿੱਚ 50 ਲੱਖ ਲੋਕ ਕੰਮ ਕਰਦੇ ਸਨ। ਮੁਬਾਰਕ ਆਪਣੇ ਭ੍ਰਿਸ਼ਟ ਰਾਜ ਨੂੰ ਡਰ, ਸੁਰੱਖਿਆ ਦਸਤਿਆਂ ਅਤੇ ਅਮਰੀਕਾ ਵਲੋਂ ਮਿਲਦੀ 40 ਬਿਲੀਅਨ ਡਾਲਰ ਦੀ ਫੌਜੀ ਸਹਾਇਤਾ ਰਾਸ਼ੀ ਨਾਲ ਚਲਾਉਂਦਾ ਸੀ। ਮੁਬਾਰਕ ਦੇ ਗੱਦੀਓਂ ਲਹਿਣ ਤੋਂ ਬਾਅਦ ਅਰਬ ਮੁਲਕਾਂ ਦੇ ਸਾਰੇ ਤਾਨਾਸ਼ਾਹ ਸ਼ਾਸ਼ਕਾਂ ਵਿੱਚ ਡਰ ਦੀ ਇੱਕ ਲਹਿਰ ਪੈਦਾ ਹੋ ਗਈ ਹੈ। ਅਰਬ ਲੋਕਾਂ ਦੀ ਮਾਨਸਿਕਤਾ ਵਿੱਚ ਇੱਕ ਤਬਦੀਲੀ ਆ ਚੁੱਕੀ ਹੈ। ਹਰ ਪਿੰਡ, ਹਰ ਮੁਹੱਲੇ, ਹਰ ਅਰਬ (ਅਤੇ ਹਰ ਦੱਖਣ ਏਸ਼ੀਆਈ) ਭਾਵੇਂ ਉਹ ਕਿੰਨਾ ਹੀ ਗਰੀਬ ’ਤੇ ਲਤਾੜਿਆ ਹੋਇਆ ਨਾ ਹੋਵੇ, ਅੰਦਰ ਇੱਕ ਨਵੀਂ ਤਾਕਤ ਦੀ ਲਹਿਰ ਦੌੜ ਗਈ ਹੈ।

ਰਾਸ਼ਟਰਪਤੀ ਓਬਾਮਾ ਨੇ ਇਨ੍ਹਾਂ ਘਟਨਾਵਾਂ ਬਾਰੇ ਬੋਲਦਿਆਂ ਕਿਹਾ, ‘ਮਿਸਰ ਨੇ ਪਿਛਲੇ 6000 ਸਾਲਾਂ ਦੌਰਾਨ ਮਨੁੱਖੀ ਇਤਿਹਾਸ ਵਿੱਚ ਗੌਰਵਮਈ ਰੋਲ ਨਿਭਾਇਆ ਹੈ। ਪਰ ਪਿਛਲੇ ਕੁਝ ਹਫਤਿਆਂ ’ਤੋਂ ਇਤਿਹਾਸ ਦਾ ਚੱਕਾ ਬਹੁਤ ਤੇਜ਼ੀ ਨਾਲ ਘੁੰਮ ਰਿਹਾ ਹੈ ਜਦੋਂ ਮਿਸਰੀ ਲੋਕ ਆਪਣੇ ਸਰਬ-ਵਿਆਪੀ ਹੱਕਾਂ ਦੀ ਮੰਗ ਕਰ ਰਹੇ ਹਨ। ਅਸੀਂ ਇੱਕ ਨਵੀਂ ਪੀੜ੍ਹੀ ਨੂੰ ਉਭਰਦੇ ਹੋਏ ਦੇਖਿਆ ਹੈ। ਇੱਕ ਪੀੜੀ ਜਿਹੜੀ ਆਪਣੀ ਸਿਰਜਣਾਤਮਿਕ, ਹੁਨਰ ਅਤੇ ਤਕਨਾਲੌਜੀ ਨੂੰ ਇੱਕ ਅਜਿਹੀ ਸਰਕਾਰ ਬਣਾਉਣ ਲਈ ਵਰਤ ਰਹੀ ਹੈ, ਜੋ ਉਨ੍ਹਾਂ ਦੀਆਂ ਉਮੀਦਾਂ ਦੀ ਤਰਜਮਾਨੀ ਕਰਦੀ ਹੋਵੇ ਨਾ ਕਿ ਡਰ ਦੀ।’’ ਅਸੀਂ ਰਾਸ਼ਟਰਪਤੀ ਓਬਾਮਾ ਦੇ ਇਸ ਬਿਆਨ ਦੀ ਸ਼ਲਾਘਾ ਕਰਦੇ ਹਾਂ।

ਬਰੁਕਿੰਨਜ਼ ਦੋਹਾ ਸੈਂਟਰ ਦੇ ਡਾਇਰੈਕਟਰ ਸ਼ਾਦੀ ਹਾਮਿਦ ਨੇ ਕਾਇਰੋ ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਹਰ ਕੋਈ ਇਨ੍ਹਾਂ ਘਟਨਾਵਾਂ ਨੂੰ ਦੇਖ ਰਿਹਾ ਹੈ। ਲੱਖਾਂ ਕਰੋੜਾਂ ਅਰਬ ਅਤੇ ਮੁਸਲਮਾਨ ਅਤੇ ਹੋਰ ਪਤਾ ਨਹੀਂ ਕੌਣ-ਕੌਣ ਦੇਖ ਰਿਹਾ ਹੈ। ਅਰਬ ਜਗਤ ਹੁਣ ਕਦੇ ਵੀ ਪਹਿਲਾਂ ਵਰਗਾ ਨਹੀਂ ਰਹੇਗਾ। ਅਸੀਂ ਭਲਕ ਨੂੰ ਇੱਕ ਨਵਾਂ ਮਿਸਰ ਸਿਰਜਣ ਜਾ ਰਹੇ ਹਾਂ। ਮਿਸਰ ਮੁਲਕ, ਅਰਬ ਜਗਤ ਦਾ ਰਾਜਨੀਤਕ ਅਤੇ ਸੱਭਿਆਚਾਰਕ ਕੇਂਦਰ ਹੈ ਅਤੇ ਇਹ ਘਟਨਾਵਾਂ ਅਰਬ ਲੋਕਾਂ ਨੂੰ ਇੱਕ ਵੱਖਰੇ ਹੀ ਤਰੀਕੇ ਨਾਲ ਜਾਗਰਿਤ ਕਰਨਗੀਆਂ। ਬਿਨਾਂ ਸ਼ੱਕ ਅਰਬ ਜਗਤ ਇੱਕ ਅਜਿਹੀ ਥਾਂ ਸੀ, ਜਿਥੇ ਸੱਦਾਮ ਹੁਸੈਨ ਵਰਗੇ ਤਾਨਾਸ਼ਾਹ ਸ਼ਾਸ਼ਕ ਇੱਕ ਵਾਰ ਮੁਲਕ ’ਤੇ ਕਬਜ਼ਾ ਕਰਨ ਤੋਂ ਬਾਅਦ ਦਹਾਕਿਆਂ ਤੱਕ ਰਾਜ ਕਰਦੇ ਰਹਿੰਦੇ ਸਨ। ਜਿਹੜੀ ਤਬਦੀਲੀ ਹੁਣ ਆਈ ਹੈ, ਉਹ ਇਹ ਹੈ ਕਿ ਅਰਬ ਲੋਕ ਹੁਣ ਜਾਣ ਗਏ ਹਨ ਕਿ ਉਹ ਆਪਣੀ ਹਾਲਤ ਖੁਦ ਬਦਲ ਸਕਦੇ ਹਨ, ਉਹ ਵੀ ਬਿਨਾਂ ਅਮਰੀਕਾ ਜਾਂ ਹੋਰ ਬਸਤੀਵਾਦੀ ਤਾਕਤਾਂ ਜਿਵੇਂ, ਬ੍ਰਿਟੇਨ, ਫਰਾਂਸ ਅਤੇ ਰੂਸ ਅਤੇ ਅੰਤਰਰਾਸ਼ਟਰੀ ਭਾਈਚਾਰੇ ਦੀ ਮੱਦਦ ਤੋਂ। ਉਹ ਹਜ਼ਾਰਾਂ ਦੀ ਗਿਣਤੀ ਵਿੱਚ ਸੜਕਾਂ ਉ¤ਤੇ ਉ¤ਤਰ ਕੇ ਆਪਣੀ ਗੱਲ ਕਹਿ ਸਕਦੇ ਹਨ ਅਤੇ ਕੋਈ ਵੀ ਉਨ੍ਹਾਂ ਨੂੰ ਰੋਕ ਨਹੀਂ ਸਕੇਗਾ।’’

ਜਿਸ ਦਿਨ (11 ਫਰਵਰੀ 2011) ਮੁਬਾਰਕ ਗੱਦੀਓਂ ਲੱਥਾ, ਉਹ ਦਿਨ ਇਤਫਾਕਵੱਸ ਹੀ 1979 ਵਿੱਚ ਆਈ ਇਸਲਾਮਿਕ ਕ੍ਰਾਂਤੀ ਦੀ 32ਵੀਂ ਵਰ੍ਹੇਗੰਢ ਦਾ ਦਿਨ ਸੀ, ਜਦੋਂ ਇਮਾਮ ਖੁਮੈਨੀ ਦੀ ਅਗਵਾਈ ਵਾਲੀ ਕ੍ਰਾਂਤੀ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਪਰ ਹੁਣ ਇਰਾਨ ਮਾਡਲ ਨਹੀਂ ਰਿਹਾ, ਨਾ ਹੀ ਮੁੱਲਾ-ਮੁਲਾਣੇ ਮਾਡਲ ਰਹੇ ਹਨ ਅਤੇ ਨਾ ਹੀ ਓਸਾਮਾ-ਬਿਨ-ਲਾਦੇਨ ਜਾਂ ਆਇਮਨ-ਅਲ-ਜ਼ਵਾਹਰੀ ਮਾਡਲ ਹਨ। ਹੁਣ ਤਾਂ ਮਾਡਲ ਉਹ ਲੱਖਾਂ ਅਰਬ ਨੌਜਵਾਨ ਹਨ, ਜਿਹੜੇ ਖੁੱਲ੍ਹੇ ਸਮਾਜ, ਆਜ਼ਾਦੀ ਅਤੇ ਨਿਰਪੱਖ ਚੋਣਾਂ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਅਮਲ ਰਾਹੀਂ ਲੋਕਤੰਤਰ ਦਾ ਅਰਬੀਕਰਨ ਕਰ ਦਿੱਤਾ ਹੈ। ਮਿਸਰ ਦੀ ਕ੍ਰਾਂਤੀ ਨੂੰ ਸਿਰਫ ਟੀ. ਵੀ. ਅਤੇ ਰੇਡੀਓ ਦੇ ਜ਼ਰੀਏ ਹੀ ਦੁਨੀਆ ਤੱਕ ਨਹੀਂ ਪਹੁੰਚਾਇਆ ਜਾ ਰਿਹਾ ਸਗੋਂ ਇਸ ਦਾ ਪ੍ਰਚਾਰ ਅਤੇ ਪ੍ਰਸਾਰ ਇੰਟਰਨੈਟ ਉਤੇ ਟਵਿੱਟਰ ਅਤੇ ਫੇਸਬੁੱਕ ਰਾਹੀਂ ਵੀ ਹੋ ਰਿਹਾ ਹੈ। ਮਿਸਰ ਦੀ ਕ੍ਰਾਂਤੀ ਨੇ ਅਰਬ-ਜਾਤ ਦੀਆਂ ਸੰਭਾਵਨਾਵਾਂ ਨੂੰ ਪੁਨਰ-ਪ੍ਰਭਾਸ਼ਿਤ ਕੀਤਾ ਹੈ। ਯਮਨ ਵਿੱਚ ਵੀ ਵਿਦਰੋਹ ਸ਼ੁਰੂ ਹੋ ਚੁੱਕਾ ਹੈ, ਜਿਥੇ ਲੋਕ ਅਮਰੀਕਾ-ਪੱਖੀ ਰਾਸ਼ਟਰਪਤੀ ਅਲੀ ਅਬਦੁੱਲਾ ਸਵੇਹ ਨੂੰ ਗੱਦੀਓਂ ਲਾਹੁਣ ਲਈ ਸੰਘਰਸ਼ ਕਰ ਰਹੇ ਹਨ। ਉਸ ਨੇ ਆਪਣੀ ਸੱਤਾ ਆਪਣੇ ਪੁੱਤਰ ਮੁਬਾਰਕ ਨੂੰ ਦੇਣ ਦੀ ਵਿਉਂਤ ਬਣਾਈ ਹੋਈ ਸੀ। ਯਮਨ ਵਿੱਚ ਵਕੀਲਾਂ ਸਮੇਤ ਹਜ਼ਾਰਾਂ ਲੋਕਾਂ ਨੇ ਸੜਕਾਂ ਉਤੇ ਆ ਕੇ ਪ੍ਰਦਰਸ਼ਨ ਕੀਤਾ, ਜਿਸ ਨੂੰ ਖਦੇੜਨ ਲਈ ਪੁਲਿਸ ਦੇ ਲਾਠੀਚਾਰਜ ਵੀ ਕੀਤਾ ਅਤੇ ਹੰਝੂ ਗੈਸ ਦੇ ਗੋਲੇ ਵੀ ਵਰਸਾਏ।

ਮਿਸਰ ਤੋਂ ਪ੍ਰੇਰਿਤ ਹੋ ਕੇ ਹੋਰਨਾਂ ਅਰਬ ਮੁਲਕਾਂ ਦੇ ਲੋਕ ਵੀ ਸੜਕਾਂ ਉਤੇ ਉਤਰ ਆਏ ਹਨ। ਇਰਾਨ ਦੀਆਂ ਵਿਰੋਧੀ ਧਿਰਾਂ ਨੇ ਵੀ ਕੇਂਦਰੀ ਤਹਿਰਾਨ ਵਿੱਚ ਰੈਲੀ ਕੀਤੀ, ਜਿਥੇ ਉਨ੍ਹਾਂ ਨੂੰ ਪੁਲਿਸ ਦੇ ਲਾਠੀਚਾਰਜ ਅਤੇ ਹੰਝੂ ਗੈਸ ਦਾ ਸਾਹਮਣਾ ਕਰਨਾ ਪਿਆ। ਬਹਿਰੀਨ ਅਤੇ ਅਲਜ਼ੀਰੀਆ ਵਿੱਚ ਵੀ ਅਜਿਹੇ ਰੋਸ ਮੁਜ਼ਾਹਰੇ ਹੋ ਰਹੇ ਹਨ। ਬਹਿਰੀਨ ਦੀ ਰਾਜਧਾਨੀ ਮਾਨਾਮਾ ਵਿੱਚ ਪੁਲਿਸ ਗੋਲੀ ਨਾਲ ਕਈ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖਮੀ ਹੋ ਗਏ। ਉਧਰੋਂ ਕੁਵੈਤ ਦੀਆਂ ਵਿਰੋਧੀ ਧਿਰਾਂ ਵਲੋਂ ਵੀ 8 ਮਾਰਚ ਨੂੰ ਰੈਲੀ ਕਰਨ ਲਈ ਕਮਰ-ਕੱਸੇ ਕੀਤੇ ਜਾਣ ਲੱਗੇ ਹਨ।

ਮਿਸਰ ਅਤੇ ਟਿਊਨੇਸ਼ੀਆ ਦੇ ਲੋਕ-ਵਿਦਰੋਹ ਦੀ ਬਦੌਲਤ ਸਵਿਟਜ਼ਰਲੈਂਡ ਨੂੰ ਆਪਣੇ ਗੁਪਤ ਖਾਤਿਆਂ ਸਬੰਧੀ ਕਾਨੂੰਨ ਵਿੱਚ ਸੋਧ ਕਰਨੀ ਪਈ ਹੈ। ਦਹਾਕਿਆਂ ਤੋਂ ਸਵਿਟਜ਼ਰਲੈਂਡ ਭ੍ਰਿਸ਼ਟ ਰਾਜ ਨੇਤਾਵਾਂ ਲਈ ਆਪਣੀ ਪੂੰਜੀ ਸਾਂਭਣ ਦੀ ਸੁਰੱਖਿਅਤ ਜਗ੍ਹਾ ਬਣਿਆ ਹੋਇਆ ਸੀ। ਭਾਰਤ ਦੇ ਭ੍ਰਿਸ਼ਟ ਨੇਤਾਵਾਂ ਨੇ ਵੀ ਸਵਿਟਜ਼ਰਲੈਂਡ ਦੀਆਂ ਬੈਂਕਾਂ ਅੰਦਰ ਪੰਜ ਸੌ ਮਿਲੀਅਨ ਅਮਰੀਕਨ ਡਾਲਰ ਜਮ੍ਹਾਂ ਕਰਵਾਇਆ ਹੋਇਆ ਹੈ। 1 ਫਰਵਰੀ 2011 ਨੂੰ ਸਵਿਟਜ਼ਰਲੈਂਡ ਦੀ ਸਰਕਾਰ ਨੇ ਇੱਕ ਅਜਿਹਾ ਕਾਨੂੰਨ ਪਾਸ ਕੀਤਾ ਹੈ, ਜਿਸ ਨਾਲ ਗੁਪਤ ਖਾਤਿਆਂ ਬਾਰੇ ਜਾਣਕਾਰੀ ਨਸ਼ਰ ਕਰਨੀ ਸੰਭਵ ਹੋ ਸਕੇਗੀ। ਇਸ ਕਾਨੂੰਨ ਨਾਲ ਭ੍ਰਿਸ਼ਟ ਰਾਜ ਨੇਤਾਵਾਂ ਵਲੋਂ ਉਥੇ ਜਮ੍ਹਾਂ ਕੀਤੀ ਰਾਸ਼ੀ ਉਨ੍ਹਾਂ ਮੁਲਕਾਂ ਨੂੰ ਵਾਪਸ ਮੋੜੀ ਜਾ ਸਕੇਗੀ। ਹੁਣ ਟਿਊਨੇਸ਼ੀਆ ਦੇ ਤਾਨਾਸ਼ਾਹ ਅਲ ਅਬਦੀਨ ਅਲੀ, ਮਿਸਰ ਦੇ ਹੋਸਨੀ ਮੁਬਾਰਕ ਅਤੇ ਭਾਰਤ ਦੇ ਭ੍ਰਿਸ਼ਟ ਸੁਪਰੀਮ ਕੋਰਟ ਦੇ ਜੱਜ ਕੇ. ਜੀ. ਬਾਲਾਕ੍ਰਿਸ਼ਨਨ ਦੀ ਦੌਲਤ ਬਾਰੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਹੁਣ ਜਿਹੜਾ ਸਭ ਤੋਂ ਵੱਡਾ ਸੁਆਲ ਲੋਕਾਂ ਦੇ ਮਨਾਂ ਵਿੱਚ ਘੁੰਮ ਰਿਹਾ ਹੈ, ਉਹ ਹੈ ਦੱਖਣੀ ਏਸ਼ੀਆਈ ਖਾਸ ਕਰ ਭਾਰਤ ਦੀ ਸਥਿਤੀ ਉਤੇ ਮੱਧ-ਪੂਰਬ ਵਿੱਚ ਵਾਪਰ ਰਹੀਆਂ ਕ੍ਰਾਂਤੀਕਾਰੀ ਤਬਦੀਲੀਆਂ ਦਾ ਪ੍ਰਭਾਵ। ਭਾਰਤ ਦੇ ਉਤਰੀ ਸੂਬੇ ਯੂ. ਪੀ. ਦੇ ਸ਼ਹਿਰ ਬਰੇਲੀ ਵਿੱਚ ਹੋਏ ਹਾਦਸੇ ਨੇ ਇਥੋਂ ਦੀ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਦੀ ਤ੍ਰਾਸਦੀ ਨੂੰ ਦੁਨੀਆ ਸਾਹਮਣੇ ਲਿਆਂਦਾ ਹੈ।

ਕੁਝ ਦਿਨ ਪਹਿਲਾਂ ਇੱਕ ਲੱਖ ਤੋਂ ਵਧੇਰੇ ਨੌਜਵਾਨ 416 ਨੌਕਰੀਆਂ ਲਈ ਅਰਜ਼ੀ ਦੇਣ ਵਾਸਤੇ ਬਰੇਲੀ ਜਾ ਰਹੇ ਸਨ। ਇਹ ਨੌਕਰੀਆਂ ਵੀ ਬਹੁਤ ਮਾਮੂਲੀ ਸਨ ਜਿਵੇਂ ਧੋਬੀ, ਨਾਈ ਅਤੇ ਸਫਾਈ ਦਾ ਕੰਮ ਆਦਿ। ਇਨ੍ਹਾਂ ਦੀ ਤਨਖਾਹ ਮਹਿਜ਼ 5200 ਰੁਪਏ (115 ਅਮਰੀਕੀ ਡਾਲਰ) ਪ੍ਰਤੀ ਮਹੀਨਾ ਹੋਣੀ ਸੀ। ਜਦੋਂ ਉਹ ਟਰੇਨ ਦੀ ਛੱਤ ਉਤੇ ਬੈਠ ਕੇ ਘਰ ਮੁੜ ਰਹੇ ਸਨ ਤਾਂ ਇੱਕ ਨੀਵੇਂ ਪੁਲ ਨਾਲ ਟਕਰਾ ਕੇ 18 ਨੌਜਵਾਨਾਂ ਦੀ ਮੌਤ ਹੋ ਗਈ। ਇਸ ਹਾਦਸੇ ਨੇ ਦੁਨੀਆ ਸਾਹਮਣੇ ਭਾਰਤ ਦੀ ਇੱਕ ਵੱਖਰੀ ਤਸਵੀਰ ਪੇਸ਼ ਕੀਤੀ ਹੈ। ਭਾਰਤ ਦੇ ਰਾਜ ਨੇਤਾ ਡੀਂਗਾਂ ਮਾਰਦੇ ਨਹੀਂ ਥੱਕਦੇ ਕਿ ਭਾਰਤੀ ਅਰਥਚਾਰਾ 9 ਪ੍ਰਤੀਸ਼ਤ ਦੀ ਦਰ ਨਾਲ ਵਿਕਾਸ ਕਰ ਰਿਹਾ ਹੈ। ਪਰ ਉਹ ਕਦੇ ਵੀ ਭਾਰਤ ਦੀ 70 ਪ੍ਰਤੀਸ਼ਤ ਆਬਾਦੀ ਦੀ ਗੱਲ ਨਹੀਂ ਕਰਦੇ, ਜਿਹੜੀ ਦੋ ਅਮਰੀਕੀ ਡਾਲਰ ਪ੍ਰਤੀ ਦਿਨ ਨਾਲੋਂ ਵੀ ਘੱਟ ਉਤੇ ਗੁਜ਼ਾਰਾ ਕਰਦੀ ਹੈ ਅਤੇ ਜਿਸ ਕੋਲ ਪੀਣ ਵਾਲੇ ਸਾਫ ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਵੀ ਨਹੀਂ ਹਨ। ਇੱਕ ਹਥਿਆਰਬੰਦ ਵਿਦਰੋਹ (ਨਕਸਲੀ ਵਿਦਰੋਹ) ਭਾਰਤ ਦੇ ਪੇਂਡੂ ਅਤੇ ਜੰਗਲੀ ਖੇਤਰਾਂ ਵਿੱਚ ਪਹਿਲਾਂ ਹੀ ਆਪਣੇ ਪੈਰ ਪਸਾਰ ਚੁੱਕਾ ਹੈ। ਜ਼ਰਾ ਸੋਚੋ ਕਿ ਕੀ ਵਾਪਰੇਗਾ ਜਦੋਂ ਮਿਸਰ ਤੇ ਟਿਊਨੇਸ਼ੀਆ ਦੇ ਸਫਲ ਵਿਦਰੋਹਾਂ ਦੀ ਖਬਰ ਉਨ੍ਹਾਂ ਕਰੋੜਾਂ ਭਾਰਤੀਆਂ ਦੇ ਕੰਨਾਂ ਤੱਕ ਪਹੁੰਚੇਗੀ, ਜਿਹੜੇ ਅਤਿ ਦੀ ਗਰੀਬੀ ਵਿੱਚ ਸਾਫ ਪਾਣੀ, ਸਕੂਲਾਂ ਅਤੇ ਰਹਿਣ ਲਈ ਮਕਾਨਾਂ ਤੋਂ ਬਿਨਾਂ ਗੁਜ਼ਾਰਾ ਕਰ ਰਹੇ ਹਨ। ਮਿਸਰ ਦੇ ਦਲੇਰ ਲੋਕਾਂ ਨੇ ਆਪਣੀ ਆਜ਼ਾਦੀ ਅਤੇ ਹੱਕਾਂ ਲਈ ਲੜ ਰਹੇ ਲੋਕਾਂ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ। ਕੰਧ ’ਤੇ ਲਿਖਿਆ ਇਹ ਸੱਚ ਜ਼ਾਲਮ ਅਤੇ ਤਾਨਾਸ਼ਾਹ ਹਕੂਮਤਾਂ ਨੂੰ ਪੜ੍ਹ ਲੈਣਾ ਚਾਹੀਦਾ ਹੈ ਕਿ ਹੁਣ ਬਹੁਤੀ ਦੇਰ ਹਨ੍ਹੇਰਾ, ਚਾਨਣ ਨੂੰ ਕੱਜ ਕੇ ਨਹੀਂ ਰੱਖ ਸਕੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version