ਅੰਮ੍ਰਿਤਸਰ (6 ਅਗਸਤ, 2015): ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ’ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੇ ਹਮਾਇਤੀ ਇੱਕ ਦਰਜਨ ਪੰਥਕ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਵਿੱਚ ਇੱਕ ਬੀਬੀ ਸੰਦੀਪ ਕੌਰ ਵੀ ਸ਼ਾਮਲ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਅੱਧੀ ਰਾਤ ਨੂੰ ਪੁਲੀਸ ਨੇ ਵੱਖ ਵੱਖ ਆਗੂਆਂ ਦੇ ਘਰਾਂ ਵਿੱਚ ਛਾਪੇ ਮਾਰੇ ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫ਼ਤਰ ਸਕੱਤਰ ਹਰਬੀਰ ਸਿੰਘ ਸੰਧੂ, ਬਲਦੇਵ ਸਿੰਘ ਸਿਰਸਾ, ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਬਿੱਟੂ, ਧਰਮ ਸਿੰਘ ਯਾਦਗਾਰੀ ਟਰੱਸਟ ਦੀ ਮੁੱਖੀ ਬੀਬੀ ਸੰਦੀਪ ਕੌਰ ਖਾਲਸਾ, ਬਾਦਲ ਦਲ ਨਾਲ ਸਬੰਧਿਤ ਆਗੂ ਕੰਵਰਬੀਰ ਸਿੰਘ ਗਿੱਲ, ਮੈਂਬਰ ਜੇਲ੍ਹ ਬੋਰਡ ਸ਼ਰਨਜੀਤ ਸਿੰਘ ਰਟੌਲ ਦੇ ਪਿਤਾ ਮੁਖਤਿਆਰ ਸਿੰਘ ਰਟੌਲ, ਪੱਪਲਪ੍ਰੀਤ ਸਿੰਘ, ਸਤਨਾਮ ਸਿੰਘ ਮਨਾਵਾਂ, ਬਲਵੰਤ ਸਿੰਘ ਗੋਪਾਲਾ, ਵਰਿੰਦਰ ਮਲਹੋਤਰਾ ਆਦਿ ਤੋ ਇਲਾਵਾ ਹੋਰ ਵੀ ਬਹੁਤ ਸਾਰੇ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਕਿਆ ਹੈ। ਕਈ ਆਗੂਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਜਦੋਂਕਿ ਬੀਬੀ ਸੰਦੀਪ ਕੌਰ ਖਾਲਸਾ ਨੂੰ ਰਿਹਾਅ ਕਰ ਦਿੱਤਾ ਗਿਆ। ਜੇਲ੍ਹ ਭੇਜੇ ਗਏ ਆਗੂਆਂ ਖ਼ਿਲਾਫ਼ ਧਾਰਾ 107/151 ਤਹਿਤ ਕੇਸ ਦਰਜ ਕੀਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਅਖਬਾਰ “ਰੋਜ਼ਾਨਾ ਪਹਿਰੇਦਾਰ” ਦੇ ਸੰਪਾਦਕ ਸ੍ਰ. ਜਸਪਾਲ ਸਿੰਘ ਹੇਰਾਂ ਦੇ ਦਫਤਰ ਅਤੇ ਘਰ ‘ਤੇ ਪੁਲਿਸ ਨੇ ਛਾਪੇ ਮਾਰੇ, ਪਰ ਉਹ ਪੁਲਿਸ ਨੂੰ ਨਹੀਂ ਮਿਲੇ। ਇਸੇ ਤਰਾਂ ਪੰਥਕ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ਼ ਦੇ ਘਰ ਵੀ ਪੁਲਿਸ ਨੇ ਛਾਪਾ ਮਾਰਿਆ, ਪਰ ਉਹ ਪੁਲਿਸ ਦੇ ਹਥ ਨਹੀਂ ਆਏ।ਬੰਦੀ ਸਿੰਘ ਰਿਹਾਈ ਸੰਘਰਸ਼ ਕਮੇਟੀ ਦੇ ਆਗੂ ਜਸਬੀਰ ਸਿੰਘ ਖਡੂਰ ਸਾਹਿਬ ਜਿਹੜੇ ਹੁਣੇ ਹੀ ਰਿਹਾਅ ਹੋ ਕੇ ਆਏ ਹਨ, ਨੂੰ ਫੜਨ ਲਈ ਪੁਲਿਸ ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ ਪਰ ਉਹ ਫੜੇ ਨਹੀਂ ਗਏ।
ਹਰਬੀਰ ਸਿੰਘ ਸੰਧੂ ਤੇ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੁਲੀਸ ਨੇ ਉਨ੍ਹਾਂ ਦੇ ਘਰਾਂ ਵਿੱਚ ਇਸ ਤਰੀਕੇ ਨਾਲ ਛਾਪੇ ਮਾਰੇ ਜਿਵੇਂ ਉਹ ਬਹੁਤ ਵੱਡੇ ਅਪਰਾਧੀ ਹੋਣ। ਸ਼ਹਿਰੀ ਖੇਤਰ ਵਿੱਚੋਂ ਫੜੇ ਗਏ ਆਗੂਆਂ ਨੂੰ ਪੁਲੀਸ ਕਮਿਸ਼ਨਰ , ਜਦੋਂਕਿ ਦਿਹਾਤੀ ਖੇਤਰ ਵਿੱਚੋਂ ਫੜੇ ਗਏ ਵਿਅਕਤੀਆਂ ਨੂੰ ਐਸ.ਡੀ.ਐਮ. ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।