ਲੁਧਿਆਣਾ(20 ਜੁਲਾਈ, 2015): ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ 186 ਦਿਨਾਂ ਤੋਂ ਭੁੱਖ ਹੜਤਾਲ ‘ਤੇ ਚੱਲ ਰਹੇ ਬਾਪੂ ਸੂਰਤ ਸਿੰਘ ਦਾ ਪਿੰਡ ਪੁਲਿਸ ਛਾਉਣੀ ਵਿੱਚ ਬਦਲ ਗਿਆ ਹੈ।ਪੁਲਿਸ ਅਤੇ ਕਮਾਂਡੋ ਫੋਰਸ ਨੇ ਬਾਪੂ ਸੂਰਤ ਸਿੰਘ ਦੇ ਘਰ ਨੂੰ ਪੂਰੀ ਤਰਾਂ ਘੇਰਿਆ ਹੋਇਆ ਹੈ। ਪਿੰਡ ਨੂੰ ਜਾਣ ਵਾਲੀਆਂ ਸੜਕਾਂ ‘ਤੇ ਨਾਕੇ ਲਾ ਦਿੱਤੇ ਗਏ ਹਨ ਅਤੇ ਕਿਸੇ ਨੂੰ ਵੀ ਪਿੰਡ ਵਿੱਚ ਵੜਨ ਨਹੀਂ ਦਿੱਤਾ ਜਾਂਦਾ।
ਬਾਪੂ ਸੂਰਤ ਸਿੰਘ ਦੇ ਸੰਘਰਸ਼ ਦੀ ਹਮਾਇਤ ਕਰ ਰਹੀ ਸੰਘਰਸ਼ ਕਮੇਟੀ ਦੇ ਆਗੂਆਂ ਦੀ ਪਿਛਲੀ ਰਾਤ ਤੋਂ ਫੜੋ ਫੜੀ ਜਾਰੀ ਹੈ ਅਤੇ ਗ੍ਰਿਫਤਾਰ ਕੀਤੇ ਆਗੂਆਂ ਨੂੰ ਜੇਲ ਭੇਜ ਦਿੱਤਾ ਗਿਆ ਹੈ।
ਬਾਪੂ ਸੂਰਤ ਸਿੰਘ ਦੀ ਧੀ ਬੀਬੀ ਸਰਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਜ਼ਾ ਪੂਰੀ ਕਰ ਚੁੱਕੇ ਜੇਲੀ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਹਨ।ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਜੇਲੀਂ ਬੰਦ ਸਿੱਖ ਸਿਆਸੀ ਕੈਦੀ ਰਿਹਾਈ ਦੇ ਪੂਰੀ ਤਰਾਂ ਹੱਕਦਾਰ ਹਨ।
ਉਨ੍ਹਾਂ ਕਿਹਾ ਕਿ ਬਾਪੂ ਜੀ ਵੱਲੋਂ ਲੜਿਆ ਜਾ ਰਿਹਾ ਸੰਘਰਸ਼ ਪੁਰੀ ਤਰਾਂ ਸ਼ਾਂਤਮਈ ਹੈ। ਸਿੱਖ ਨੌਜਵਾਨਾਂ ਨੇ ਪੁਲਿਸ ਦੀ ਗੱਲ ਮੰਨਦੇ ਹੋਏ ਇਤਰਾਜ਼ਯੋਗ ਚੀਜ਼ਾਂ ਚੁੱਕ ਦਿੱਤੀਆਂ ਹਨ, ਪਰ ਪੁਲਿਸ ਆਪਣੇ ਵਾਅਦੇ ਤੋਂ ਮੁੱਕ ਰਹੀ ਹੈ ਅਤੇ ਸੰਗਤ ਨੂੰ ਉਨ੍ਹਾਂ ਦੇ ਘਰ ਨਹੀਂ ਆਉਣ ਦੇ ਰਹੀ।
ਉਨ੍ਹਾਂ ਦੱਸਿਆ ਕਿ ਐੱਸ. ਐੱਸ. ਪੀ ਰਵਚਰਨ ਸਿੰਘ ਬਰਾੜ ਸਾਡੇ ਘਰ ਆਇਆ ਸੀ ਅਤੇ ਉਸਨੇ ਕਿਹਾ ਸੀ ਕਿ ਬਾਪੂ ਜੀ ਨੂੰ ਮਿਲਣ ਆਉਣ ਵਾਲਿਆਂ ਨੂੰ ਨਹੀਂ ਰੋਕਿਆ ਜਾਵੇਗਾ, ਪਰ ਪੁਲਿਸ ਨੇ ਕਿਸੇ ਨੂੰ ਆਉਣ ਨਹੀਂ ਦਿੱਤਾ।
ਬੀਬੀ ਸਰਵਿੰਦਰ ਕੌਰ ਨੇ ਅੱਗੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਦੇ ਘਰ ਸਬਜ਼ੀਆਂ, ਦੁੱਧ ਅਤੇ ਖਾਨ-ਪੀਣ ਦੀਆਂ ਹੋਰ ਜਰੂਰੀ ਚੀਜ਼ਾਂ ਲਿਆਉਣ’ਤੇ ਰੋਕ ਲਾ ਦਿੱਤੀ ਹੈ।ਜੇਕਰ ਕੋਈ ਘਰੋਂ ਬਾਹਰ ਇਹ ਚੀਜ਼ਾਂ ਲੈਣ ਜਾਂਦਾ ਹੈ ਤਾਂ ਪੁਲਿਸ ਉਸਨੂੰ ਵਾਪਿਸ ਆਉਣ ਨਹੀਂ ਦਿੰਦੀ ਜਾਂ ਗ੍ਰਿਫਤਾਰ ਕਰ ਲੈਂਦੀ ਹੈ।