ਚੰਡੀਗੜ੍ਹ: ‘ਆਪ’ ਅਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ ਨੇ ਮੰਗਲਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਵੱਲ ਮਾਰਚ ਦੌਰਾਨ ਪੁਲਿਸ ਨੇ ਵਿਧਾਇਕਾਂ ਨੂੰ ਸੈਕਟਰ-2 ਤੇ 3 ਦੇ ਚੌਕ ਨੇੜੇ ਹਿਰਾਸਤ ’ਚ ਲੈ ਲਿਆ। ‘ਆਪ’ ਅਤੇ ਲੋਕ ਇਨਸਾਫ ਪਾਰਟੀ ਨੇ ਬਿਜਲੀ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਮਾਈਨਿੰਗ ਦੀ ਬੋਲੀ ਦੇ ਮਾਮਲੇ ਵਿੱਚ ਵਜ਼ਾਰਤ ’ਚੋਂ ਕੱਢਣ ਅਤੇ ਰਾਣਾ ਦੇ ਖਾਨਸਾਮਿਆਂ ਵੱਲੋਂ ਮਾਈਨਿੰਗ ਦੀਆਂ ਖੱਡਾਂ ਖਰੀਦਣ ਦੇ ਮਾਮਲੇ ਦੀ ਜਾਂਚ ਲਈ ਜਸਟਿਸ ਜੇਐੱਸ ਨਾਰੰਗ ਦੀ ਅਗਵਾਈ ਹੇਠ ਬਣਾਏ ਕਮਿਸ਼ਨ ਨੂੰ ਰੱਦ ਕਰਕੇ ਕਿਸੇ ਮੌਜੂਦਾ ਜੱਜ ਦੀ ਅਗਵਾਈ ਹੇਠ ਕਮਿਸ਼ਨ ਬਣਾਉਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਦਾ ਪ੍ਰੋਗਰਾਮ ਸੀ।
‘ਆਪ’ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਐੱਚਐੱਸ ਫੂਲਕਾ ਦੀ ਅਗਵਾਈ ਹੇਠ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਤੋਂ ਕੈਪਟਨ ਦੀ ਕੋਠੀ ਵੱਲ ਰੋਸ ਮਾਰਚ ਸ਼ੁਰੂ ਕੀਤਾ। ਵਿਧਾਇਕ ਅੱਗੇ ਵਧੇ ਤਾਂ ਡੀਐੱਸਪੀ ਰਾਮ ਗੋਪਾਲ ਦੀ ਅਗਵਾਈ ਹੇਠ ਪੁਲਿਸ ਨੇ ਵਿਧਾਨ ਸਭਾ ਦਾ ਬਾਹਰਲਾ ਗੇਟ ਬੰਦ ਕਰ ਦਿੱਤਾ, ਪਰ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਨਸ਼ਾਹੀਆ ਤੇ ਗੜ੍ਹਸ਼ੰਕਰ ਦੇ ਵਿਧਾਇਕ ਜੈ ਕ੍ਰਿਸ਼ਨ ਰੋੜੀ ਗੇਟ ਟੱਪ ਗਏ। ਤਲਵੰਡੀ ਸਾਬੋ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਤੇ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਨੇ ਵੀ ਗੇਟ ਟੱਪਣ ਦਾ ਯਤਨ ਕੀਤਾ ਅਤੇ ਸਮੂਹ ਵਿਧਾਇਕਾਂ ਨੇ ਪੁਲਿਸ ਨੂੰ ਪਿੱਛੇ ਧੱਕ ਕੇ ਗੇਟ ਖੋਲ੍ਹ ਦਿੱਤਾ।
ਪੁਲਿਸ ਵੱਲੋਂ ਮੁੜ ਘੇਰਾਬੰਦੀ ਕਰਨ ’ਤੇ ਵਿਧਾਇਕਾਂ ਨੇ ਗ੍ਰਿਫ਼ਤਾਰੀਆਂ ਦੇ ਦਿੱਤੀਆਂ। ਇਸ ਦੌਰਾਨ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਉਹ ਇਹ ਮੁੱਦਾ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਕੋਲ ਲੈ ਕੇ ਜਾਣਗੇ ਅਤੇ 5 ਜੂਨ ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰੀ ਮੁਜ਼ਾਹਰੇ ਹੋਣਗੇ। ਫੂਲਕਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਮਿਲਣ ਜਾ ਰਹੇ ਵਿਧਾਇਕਾਂ ਨੂੰ ਕੈਦੀ ਬਣਾਉਣ ਨਾਲ ਕੈਪਟਨ ਸਰਕਾਰ ਦਾ ਅਸਲ ਚਿਹਰਾ ਸਾਹਮਣੇ ਆ ਗਿਆ ਹੈ। ਡੀਐੱਸਪੀ ਰਾਮ ਗੋਪਾਲ ਨੇ ਵਿਧਾਇਕਾਂ ਨੂੰ ਜਦੋਂ ਧੁੱਪੇ ਖੜ੍ਹੀ ਬੱਸ ਵਿੱਚ ਹੀ 25 ਮਿੰਟ ਬੰਦ ਰੱਖਿਆ ਤਾਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ, ਪੰਜਾਬ ਦੇ ਮੀਤ ਪ੍ਰਧਾਨ ਤੇ ਵਿਧਾਇਕ ਅਮਨ ਅਰੋੜਾ, ਵਿਧਾਇਕ ਸੁਖਪਾਲ ਖਹਿਰਾ, ਕੁਲਵੰਤ ਸਿੰਘ ਪੰਡੋਰੀ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਆਦਿ ਬੱਸ ਵਿੱਚੋਂ ਉਤਰ ਕੇ ਕੈਪਟਨ ਦੀ ਕੋਠੀ ਵੱਲ ਦੌੜ ਪਏ।
ਇਸ ਤੋਂ ਬਾਅਦ ਪੁਲਿਸ ਨੇ ਇਕ ਕਿਲੋਮੀਟਰ ਤੱਕ ਪਿੱਛਾ ਕਰਕੇ ਸੈਕਟਰ-2 ਤੇ 3 ਦੇ ਚੌਕ ’ਤੇ ਉਨ੍ਹਾਂ ਨੂੰ ਰੋਕ ਲਿਆ। ਵਿਧਾਇਕ ਉਥੇ ਹੀ ਸੜਕ ’ਤੇ ਧਰਨਾ ਮਾਰ ਕੇ ਬੈਠ ਗਏ ਤੇ ਚੁਫੇਰੇ ਜਾਮ ਲੱਗ ਗਿਆ। ਪੁਲਿਸ ਨੇ ਵਿਧਾਇਕਾਂ ਨੂੰ ਧੂਹ ਕੇ ਗੱਡੀਆਂ ’ਚ ਸੁੱਟਿਆ ਅਤੇ ਸੈਕਟਰ-17 ਦੇ ਥਾਣੇ ਬੰਦ ਕਰ ਦਿੱਤਾ। ਅਖੀਰ ਬਾਅਦ ਦੁਪਹਿਰ 2 ਵਜੇ ਦੇ ਕਰੀਬ ਵਿਧਾਇਕਾਂ ਨੂੰ ਰਿਹਾਅ ਕੀਤਾ ਗਿਆ।