ਅੰਮ੍ਰਿਤਸਰ: ਦਰਬਾਰ ਸਾਹਿਬ ਆਏ ਸ਼ਰਧਾਲੂ ਨੂੰ ਨਸ਼ੀਲੀ ਚੀਜ਼ ਸੁੰਘਾ ਕੇ ਬੇਹੋਸ਼ ਕਰਨ ਮਗਰੋਂ ਲੁੱਟਣ ਦੀ ਵਾਪਰੀ ਘਟਨਾ ਤੋਂ ਬਾਅਦ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਦੀ ਸ਼ਨਾਖ਼ਤ ਗੁਰਮੀਤ ਸਿੰਘ ਉਰਫ ਪੱਪੂ ਅਤੇ ਲਖਵਿੰਦਰ ਸਿੰਘ ਉਰਫ ਲੱਕੀ ਵਜੋਂ ਹੋਈ ਸੀ। ਇਨ੍ਹਾਂ ਵਿੱਚੋਂ ਇਕ ਦਿੱਲੀ ਵਾਸੀ ਹੈ, ਜੋ ਹੁਣ ਇੱਥੇ ਅੰਮ੍ਰਿਤਸਰ ਵਿੱਚ ਰਹਿ ਰਿਹਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 15 ਮੋਬਾਈਲ ਫੋਨ ਅਤੇ 100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਨ੍ਹਾਂ ਖ਼ਿਲਾਫ਼ ਧਾਰਾ 328, 379, 411 ਆਈਪੀਸੀ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਦੇ ਡਿਪਟੀ ਕਮਿਸ਼ਨਰ ਗਗਨਅਜੀਤ ਸਿੰਘ ਨੇ ਦੱਸਿਆ ਸੀ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਅੰਮ੍ਰਿਤਸਰ ਤੋਂ ਇਲਾਵਾ ਦਿੱਲੀ ਅਤੇ ਆਨੰਦਪੁਰ ਸਾਹਿਬ ਵਿੱਚ ਵੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ।
ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਅਜਨਾਲਾ ਵਾਸੀ ਇੱਕ ਨੌਜਵਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਚੇਤ ਅਵਸਥਾ ਵਿੱਚ ਮਿਲਿਆ ਸੀ, ਜਿਸ ਦਾ ਇਲਾਜ ਕਰਾਇਆ ਗਿਆ ਅਤੇ ਮਗਰੋਂ ਉਸ ਨੇ ਦੱਸਿਆ ਕਿ ਕੁਝ ਵਿਅਕਤੀਆਂ ਨੇ ਉਸ ਨੂੰ ਕੁਝ ਸੁੰਘਾਇਆ ਸੀ, ਜਿਸ ਮਗਰੋਂ ਉਹ ਬੇਹੋਸ਼ ਹੋ ਗਿਆ। ਇਹ ਵਿਅਕਤੀ ਉਸ ਦਾ ਮੋਬਾਈਲ ਫੋਨ ਤੇ ਹੋਰ ਸਾਮਾਨ ਲੈ ਗਏ ਸਨ। ਇਸ ਸਬੰਧੀ ਸ਼੍ਰੋਮਣੀ ਕਮੇਟੀ ਅਤੇ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਰਾਹੀਂ ਘੋਖ ਕੀਤੀ ਗਈ ਤਾਂ ਦੋ ਵਿਅਕਤੀਆਂ ’ਤੇ ਸ਼ੱਕ ਹੋਇਆ, ਜਿਨ੍ਹਾਂ ਨੂੰ ਮਗਰੋਂ ਸ਼੍ਰੋਮਣੀ ਕਮੇਟੀ ਨੇ ਕਾਬੂ ਕਰ ਲਿਆ। ਇਨ੍ਹਾਂ ਦੇ ਕੁਝ ਹੋਰ ਸਾਥੀ ਵੀ ਹਨ, ਜਿਨ੍ਹਾਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਇਹ ਇੱਥੇ ਸ਼ਰਧਾਲੂਆਂ ਨੂੰ ਕੋਈ ਨਸ਼ੀਲੀ ਚੀਜ਼ ਖੁਆ ਕੇ ਜਾਂ ਸੁੰਘਾ ਕੇ ਲੁੱਟਦੇ ਹਨ ਅਤੇ ਪਹਿਲਾਂ ਵੀ ਕਈ ਧਾਰਮਿਕ ਸਥਾਨਾਂ ’ਤੇ ਅਜਿਹਾ ਕਰ ਚੁੱਕੇ ਹਨ।
ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਰਾਮਦਾਸ ਲੰਗਰ ਘਰ ਵਿੱਚ ਬਿਨਾਂ ਸ਼ਨਾਖ਼ਤੀ ਕਾਰਡ ਸੇਵਾ ਕਰਨ ’ਤੇ ਰੋਕ ਲਾ ਦਿੱਤੀ ਗਈ ਹੈ। ਲੰਗਰ ਘਰ ਵਿੱਚ ਰੋਜ਼ਾਨਾ ਹੀ 6 ਤੋਂ 7 ਘੰਟੇ ਲਈ ਸੇਵਾ ਕਰਨ ਵਾਸਤੇ ਆਉਂਦੇ ਕੁਝ ਲੋਕਾਂ ਨੂੰ ਛੱਡ ਕੇ ਹਰ ਕਿਸੇ ਵਿਅਕਤੀ ਵਾਸਤੇ ਸ਼ਨਾਖ਼ਤੀ ਕਾਰਡ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਲੰਗਰ ਘਰ ਵਿੱਚ ਸੇਵਾ ਕਰਨ ਤੋਂ ਪਹਿਲਾਂ ਵਿਅਕਤੀ ਨੂੰ ਆਪਣਾ ਨਾਂ ਅਤੇ ਪਤਾ ਇੱਥੇ ਰਜਿਸਟਰ ਵਿੱਚ ਦਰਜ ਕਰਾਉਣਾ ਪਵੇਗਾ ਅਤੇ ਆਪਣਾ ਸ਼ਨਾਖਤੀ ਕਾਰਡ ਵੀ ਜਮ੍ਹਾਂ ਕਰਾਉਣ ਪਵੇਗਾ, ਜੋ ਉਹ ਸੇਵਾ ਮਗਰੋਂ ਵਾਪਸ ਲੈ ਸਕਦਾ ਹੈ। ਪਿਛਲੇ ਦਿਨੀਂ ਮੋਟਰਸਾਈਕਲ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਵੀ ਕਾਬੂ ਕੀਤਾ ਗਿਆ ਸੀ।