Site icon Sikh Siyasat News

ਪੀਲੀਭੀਤ ਝੂਠਾ ਪੁਲਿਸ ਮੁਕਾਬਲਾ: 47 ਵਿੱਚੋਂ 27 ਪੁਲਿਸ ਵਾਲੇ ਸਜ਼ਾ ਸੁਣਾਉਣ ਤੋਂ ਪਹਿਲਾਂ ਆਲੋਪ ਹੋਏ

ਚੰਡੀਗੜ੍ਹ ( 4 ਅਪ੍ਰੈਲ, 2016): ਪੀਲੀਭੀਤ ਵਿੱਚ 12 ਜੁਲਾਈ 1991 ਨੂੰ ਹੋਏ ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ਵਿੱਚ ਸੀਬੀਆਈ ਅਦਾਲਤ ਵੱਲੋਂ ਦੋਸ਼ੀ ਐਲਾਨੇ 47 ਪੁਲਿਸ ਵਾਲਿਆਂ ਵਿੱਚੋਂ 27 ਬੰਦੇ ਅਦਾਲਤ ਵਿੱਚ ਹਾਜ਼ਰ ਨਹੀ ਹੋਏ। ਅੱਜ ਉਨ੍ਹਾਂ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਣੀ ਸੀ।

ਧਿਆਨਦੇਣ ਯੋਗ ਹੈ ਕਿ 1 ਅਪ੍ਰੈਲ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਵਿੱਚ ਕੇਵਲ 20 ਬੰਦੇ ਹੀ ਹਾਜ਼ਰ ਸਨ ਅਤੇ ਅਦਾਲਤ ਨੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਸੀ। ਅਦਾਲਤ ਨੇ ਗੈਰਹਾਜ਼ਰ ਰਹੇ 27 ਬੰਦਿਆਂ ਖਿਲਾਫ 1 ਅਪਰੈਲ ਨੂੰ ਗੈਰਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ।

ਅੰਗਰੇਜ਼ੀ ਅਖਬਾਰ “ਟਾਇਮਜ਼ ਆਫ ਇੰਡੀਆ” ਦੀ ਖਬਰ ਮੁਤਾਬਿਕ “ਉਨ੍ਹਾਂ ਵਿੱਚੋਂ ਕਈ ਪੁਲਿਸ ਵਾਲੇ ਲੰਮੀਆਂ ਛੁੱਟੀਆਂ ਲੈ ਕੇ ਪਤਾ ਨਹੀਂ ਕਿੱਧਰ ਚਲੇ ਗਏ ਅਤੇ 25 ਸਾਲਾਂ ਦੀ ਲੰਮੀ ਅਦਾਲਤੀ ਸੁਣਵਾਈ ਦੌਰਾਨ ਜਿਹੜੇ ਸੇਵਾ ਮੁਕਤ ਹੋ ਗਏ ਹਨ, ਉਨ੍ਹਾਂ ਦਾ ਵੀ ਕੋਈ ਅਤਾ-ਪਤਾ ਨਹੀਂ ਹੈ”।

ਇੱਕ ਸਥਾਨਿਕ ਹਿੰਦੀ ਅਖਬਾਰ ਦੀ ਰਿਪੋਰਟ ਅਨੁਸਾਰ ਅਪਰਾਧਿਕ ਕਾਰਵਾਈਆਂ ਵਿੱਚ ਸ਼ਾਮਲ ਕੁਝ ਬੰਦੇ ਆਪਣੇ ਪਰਿਵਾਰਾਂ ਨਾਲ ਧਾਰਮਿਕ ਸਥਾਨਾਂ ਦੀ ਯਾਤਰਾ ‘ਤੇ ਸਨ। ਪੁਲਿਸ ਨੇ ਪ੍ਰਾਪਤ ਖਬਰਾਂ ‘ਤੇ ਕਾਰਵਾਈ ਕਰਦਿਆਂ ਜਾਣਕਾਰੀ ਇੱਕਤਰ ਕਰਕੇ ਬੀਬੀਆਂ ਸਮੇਤ ਧਾਰਮਿਕ ਯਾਤਰਾ ਕਰ ਰਹੇ ਇੱਕ ਬੰਦਿਆਂ ਦੇ ਟੋਲੇ ਨੂੰ ਲੱਭ ਲਿਆ।ਇੰਡੀਅਨ ਐਕਸਪ੍ਰੇਸ ਅਨੁਸਾਰ ਉਹ ਬਰੇਲੀ ਦੇ ਖੇਤਰੀ ਆਵਾਜ਼ਾਈ ਮਹਿਕਮੇ ਤੋਂ ਆਰਜ਼ੀ ਤੌਰ ‘ਤੇ ਲਏ ਪਰਮਿਟ ਵਾਲੀ ਬੱਸ ‘ਤੇ ਯਾਤਰਾ ਕਰ ਰਹੇ ਸਨ।
ਸੀਬੀਆਈ ਅਨੁਸਾਰ ਯਾਤਰੂਆਂ ਦੀ ਇਹ ਬੱਸ 12 ਜੁਲਾਈ ਨੂੰ ਪੀਲੀਭੀਤ ਜਾ ਰਹੀ ਸੀ ਤਾਂ ਇੱਕ ਪੁਲਿਸ ਦੀ ਟੋਲੀ ਨੇ ਉਸਨੂੰ ਕੱਚਲਾਪੁਲ ਘਾਟ ‘ਤੇ ਰੋਕ ਲਿਆ। ਬੱਸ ਵਿੱਚੋਂ 11 ਸਿੱਖ ਬੰਦਿਆਂ ਨੂੰ ਬਾਹਰ ਕੱਢ ਲਿਆ ਗਿਆ।

ਬੀਬੀਆਂ ਅਤੇ ਬੱਚਿਆਂ ਸਮੇਤ ਹੋਰ ਮੁਸਾਫਰਾਂ ਨੂੰ ਪੀਲੀਭੀਤ ਦੇ ਇੱਕ ਗੁਰਦੁਆਰਾ ਵਿੱਚ ਲਿਜਾਇਆ ਗਿਆ ਅਤੇ ਬੱਸ ਵਿੱਚੋਂ ਕੱਢੇ 11 ਸਿੱਖਾਂ ਨੂੰ ਹੋਰ ਸਾਧਨ ਵਿੱਚ ਬੈਠਾ ਕੇ ਕਿਸੇ ਹੋਰ ਥਾਂ ‘ਤੇ ਲਿਜਾਇਆ ਗਿਆ।ਇਸ ਦਿਨ ਦੇਰ ਸ਼ਾਮ ਨੂੰ ਉਕਤ ਪੁਲਿਸ ਟੋਲੀ ਨਾਲ ਹੋਰ ਪੁਲਿਸ ਵੀ ਸ਼ਾਮਲ ਹੋ ਗਈ ਅਤੇ ਬੱਸ ਵਿੱਚੋਂ ਫੜੇ ਸਿੱਖਾਂ ਨੂੰ ਤਿੰਨ ਟੋਲੀਆਂ ਵਿੱਚ ਵੰਡ ਲਿਆ ਗਿਆ।

12 ਅਤੇ 13 ਜੁਲਾਈ ਦੀ ਦਰਮਿਆਨੀ ਰਾਤ ਨੂੰ ਪੁਲਿਸ ਨੇ ਬੱਸ ਵਿੱਚੋਂ ਫੜੇ ਇਨ੍ਹਾਂ ਸਿੱਖਾਂ ਨੂੰ ਪੀਲੀਭੀਤ ਦੇ ਵੱਖ-ਵੱਖ ਪੁਲਿਸ ਥਾਣਿਆਂ ਬਿਲਸੰਦਾ, ਨਿਉਰੀਆ ਅਤੇ ਪੋਰਾਨਪੁਰ ਦੇ ਜੰਗਲਾਂ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ। ਫਿਰ ਪੁਲਿਸ ਨੇ ਦਾਅਵਾ ਕੀਤਾ ਕਿ ਇਨ੍ਹਾਂ ਬੰਦਿਆਂ ਖਿਲਾਫ ਆਪਰਾਧਿਕ ਮਾਮਲੇ ਦਰਜ਼ ਸਨ ਅਤੇ ਪੁਲਿਸ ਨੂੰ ਉਨ੍ਹਾਂ ਕੋਲੋਂ ਹਥਿਆਰ ਅਤੇ ਗੋਲੀ ਸਿੱਕਾ ਮਿਲਿਆ ਹੈ।

ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:

Pilibhit Sikh Fake Encounter: 27 out of 47 convicted cops go missing before sentencing

ਸੀਬੀਆਈ ਨੂੰ ਜਾਂਚ ਦੌਰਾਨ ਪਤਾ ਲੱਗਿਆ ਕਿ ਇਨ੍ਹਾਂ ਵਿੱਚ 10 ਸਿੱਖਾਂ ਦੀਆਂ ਲਾਸ਼ਾਂ ਦਾ ਪੁਲਿਸ ਨੇ ਮੁਲ੍ਹਾਜਾ ਕਰਵਾ ਕੇ ਉਸ ਦਿਨ ਹੀ ਅੰਤਮ ਸਸਕਾਰ ਕਰ ਦਿੱਤਾ ਸੀ, ਜਦੋਂ ਕਿ ਇੱਕ ਲਾਸ਼ ਦਾ ਕੋਈ ਪਤਾ ਨਹੀ ਲੱਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version