ਫ਼ਤਿਹਗੜ੍ਹ ਸਾਹਿਬ (25 ਫਰਵਰੀ, 2011) : ਬੁੜੈਲ ਜੇਲ ਬਰੇਕ ਕਾਂਡ ਦੀ ਤਰੀਖ ਦੇ ਸਬੰਧ ਵਿਚ ਅੱਜ ਦਿੱਲੀ ਤੇ ਚੰਡੀਗੜ੍ਹ ਪੁਲਿਸ ਭਾਈ ਜਗਤਾਰ ਸਿੰਘ ਹਵਾਰਾ ਤੇ ਪਰਮਜੀਤ ਸਿੰਘ ਭਿਉਰਾ ਨੂੰ ਚੀਫ ਜ਼ੁਡੀਸ਼ੀਆਲ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ੀ ’ਤੇ ਲੈ ਕੇ ਆਈ ਜਿੱਥੇ ਮਾਨਯੋਗ ਅਦਾਲਤ ਨੇ ਉਨ੍ਹਾਂ ਦੀ ਅਗਲੀ ਪੇਸ਼ੀ 2 ਅਪ੍ਰੈਲ ਰੱਖ ਦਿੱਤੀ ਹੈ। ਇਨ੍ਹਾਂ ਦੀ ਵਾਪਸੀ ਮੌਕੇ ਐਂਟੀ ਟੈਰੋਰਿਸਟ ਫਰੰਟ ਨਾਂ ਦੇ ਇਕ ਨਾ-ਮਾਲੂਮ ਗਰੁੱਪ ਨੇ ਉਤੇਜਨਾ ਤੇ ਭੜਕਾਹਟ ਪੈਦਾ ਕਰਨ ਲਈ ‘ਖ਼ਾਲਿਸਤਾਨ ਮੁਰਦਾਬਾਦ’ ਦੇ ਨਾਰ੍ਹੇ ਲਗਾਉਣੇ ਸ਼ੁਰੂ ਕਰ ਦਿੱਤੇ ਜਿਸ ਦੇ ਜਵਾਬ ਵਿੱਚ ਭਾਈ ਹਵਾਰਾ ਤੇ ਭਿਉਰਾ ਨੇ ਵੀ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਰ੍ਹੇ ਲਗਾਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਕਾਰਵਾਈ ਸਰਕਾਰ ਅਤੇ ਪੁਲਿਸ ਦੀ ਮਿਲੀਭੁਗਤ ਦਾ ਨਤੀਜਾ ਹੈ। ਭੜਕਾਹਟ ਭਰਿਆ ਮਾਹੌਲ ਪੈਦਾ ਕਰਕੇ ਇਸ ਕੇਸ ਨੂੰ ਲਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਦੀਆ ਕਾਲ ਕੋਠੜੀਆਂ ਵਿੱਚ ਹੀ ਬੰਦ ਵੇਖਣਾ ਚਾਹੁੰਦੇ ਹਨ। ਇਸ ਅਖੌਤੀ ਫਰੰਟ ਵਾਲਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪਿਛਲੇ 26 ਸਾਲਾਂ ਦੌਰਾਨ ਨਿਰਦੋਸ਼ ਸਿੱਖ ਨੌਜਵਾਨਾਂ ਦਾ ਘਾਣ ਵੀ ਇਨ੍ਹਾਂ ਅਖੌਤੀ ਫਰੰਟਾਂ ਤੇ ਇਨ੍ਹਾਂ ਦੀ ਸੋਚ ਵਾਲੇ ਲੋਕਾਂ ਕਾਰਨ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਇਨ੍ਹਾਂ ਲੋਕਾਂ ਨੂੰ ਅਪਣੀਆਂ ਹਰਕਤਾਂ ਤੋਂ ਬਾਜ਼ ਅਉੁਣਾ ਚਾਹੀਦਾ ਹੈ ਉਥੇ ਹੀ ਸਰਕਾਰ ਤੇ ਪੁਲਿਸ ਨੂੰ ਵੀ ਨੌਜਵਾਨਾਂ ਦੇ ਜ਼ਜਬਾਤ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਤਨਾਮ ਸਿੰਘ ਭਾਰਾਪੁਰ, ਹਰਪਾਲ ਸਿੰਘ ਸਹੀਦਗੜ੍ਹ ਅਤੇ ਲਖਵਿੰਦਰ ਸਿੰਘ ਵੀ ਹਾਜ਼ਰ ਸਨ।