Site icon Sikh Siyasat News

ਭਾਜਪਾ ਸਰਕਾਰ ਵਲੋਂ ਕੀਤੇ ਜਾ ਰਹੇ ਬੁਨਿਆਦੀ ਹੱਕਾਂ ਦੇ ਘਾਣ ਵਿਰੁਧ ਸਿਖਜ਼ ਫਾਰ ਹਿਊਮਨ ਰਾਈਟਜ਼ ਨੇ 22 ਫਰਵਰੀ ਨੂੰ ਚੰਡੀਗੜ ਵਿਖੇ ਸਰਵ-ਪਾਰਟੀ ਮੀਟਿੰਗ ਬੁਲਾਈ

ਚੰਡੀਗੜ (19 ਫਰਵਰੀ, 2016):  ਭਾਜਪਾ ਸਰਕਾਰ ਵਲੋਂ ਅਖੌਤੀ ‘ਦੇਸ਼ਭਗਤੀ’ ਦੇ ਨਾਂ ਹੇਠ ਕੀਤੇ ਜਾ ਰਹੇ ਬੁਨਿਆਦੀ ਹੱਕਾਂ ਦੇ ਘਾਣ ਅਤੇ ਦੇਸ਼ਧ੍ਰੋਹ ਕਾਨੂੰਨ ਦੀ ਦੁਰਵਰਤੋਂ ਵਿਰੁਧ ਵਿਚਾਰ-ਚਰਚਾ ਕਰਨ ਅਤੇ ਉਸ ਨਾਲ ਨਜਿੱਠਣ ਲਈ ਸਾਂਝੀ ਰਣਨੀਤੀ ਬਨਾਉਣ ਲਈ ਸਿਖਜ਼ ਫਾਰ ਹਿਊਮਨ ਰਾਈਟਜ਼ ਵਲੋਂ ਸਰਵ-ਪਾਰਟੀ ਮੀਟਿੰਗ 22 ਫਰਵਰੀ ਨੂੰ ਚੰਡੀਗੜ ਦੇ ਕਿਸਾਨ ਭਵਨ ਵਿਖੇ ਦੁਪਹਿਰ 3 ਵਜੇ ਬੁਲਾਈ ਗਈ ਹੈ।

ਇਸ ਸਬੰਧੀ ਜਾਣਕਾਰੀ ਦੇਂਦਿੰਆ ਸੰਸਥਾ ਦੇ ਚੇਅਰਮੈਨ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਸਮਾਜ ਅਤੇ ਰਾਜਨੀਤਿਕ ਪਿੜ ਵਿੱਚ ਸਰਗਰਮ ਸੰਸਥਾਵਾਂ ਤੋਂ ਇਲਾਵਾ ਮਨੁੱਖੀ ਅਧਿਕਾਰ ਅਤੇ ਕਿਸਾਨ ਜਥੇਬੰਦੀਆਂ ਦੇ ਉਚ ਨੁੰਮਾਇੰਦੇ ਸ਼ਾਮਿਲ ਹੋਣਗੇ।

ਐਡਵੋਕੇਟ ਹਰਪਾਲ ਸਿੰਘ ਚੀਮਾ

ਉਹਨਾਂ ਚਿੰਤਾ ਪ੍ਰਗਟਾਉਦਿਆਂ ਕਿਹਾ ਕਿ ਬੀਤੇ ਦਿਨੀ ਪਟਿਆਲਾ ਹਾਊਸ ਕੋਰਟ ਵਿੱਚ ਬੀਜੇਪੀ ਦੇ ਵਿਧਾਇਕ ਅਤੇ ਸਮਰਥਕ ਵਕੀਲਾਂ ਵਲੋਂ ਕੀਤੀ ਗੁੰਡਾਗਰਦੀ ਸਪਸ਼ਟ ਦਰਸਾਉਂਦੀ ਹੈ ਕਿ ਆਰ.ਐਸ.ਐਸ-ਭਾਜਪਾ ਉਹਨਾਂ ਲੋਕਾਂ ਦੀ ਆਵਾਜ਼ ਸ਼ਾਂਤ ਕਰਨਾ ਚਾਹੁੰਦੇ ਹਨ ਜਿਹੜੇ ਹਿੰਦੁਤਵ ਦੇ ਰੰਗ ਵਿੱਚ ਭੀਜੀ ‘ਦੇਸ਼ਭਗਤੀ ਦੀ ਪ੍ਰਭਾਸ਼ਾ’ ਨੂੰ ਰੱਦ ਕਰਦੇ ਹਨ। ਉਹਨਾਂ ਕਿਹਾ ਕਿ ਸੱਤਾ ਉਤੇ ਕਾਬਜ ਹੋਣ ਤੋਂ ਬਾਅਦ ਭਾਜਪਾ ਨੇ ਸਮਾਜ ਨੂੰ  ਸੰਪਰਦਾਇਕ ਲੀਹਾਂ ਉਤੇ ਵੰਡਣ ਦੀ ਕੋਝੀ ਮੁਹਿੰਮ ਸ਼ੂਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਮੀਟਿੰਗ ਵਿੱਚ ਮੋਦੀ ਸਰਕਾਰ ਦੀਆਂ ਫਾਸੀਵਾਦੀ ਨੀਤੀਆਂ ਕਾਰਨ ਬਣੇ ਹਾਲਾਤਾਂ ਅਤੇ ਭਖਦੇ ਮੁਦਿਆਂ ਉਤੇ ਖੁਲ੍ਹ ਕੇ ਵਿਚਾਰ ਹੋਵੇਗੀ ਅਤੇ ਇਹਨਾਂ ਨਾਲ ਨਜਿਠੱਣ ਲਈ ਰਣਨੀਤੀ ਬਣਾਈ ਜਾਵੇਗੀ। ਉਹਨਾਂ ਕਿਹਾ ਕਿ ਭਾਜਪਾ ਨੇ “ਦੇਸ਼-ਵਿਰੋਧੀ” ਦੀ ਨਵੀਂ ਪ੍ਰਭਾਸ਼ਾ ਘੜ ਲਈ ਹੈ ਤਾਂ ਜੋ ਵੱਖਰੇ ਵਿਚਾਰ ਰੱਖਣ ਵਾਲੇ ਲੋਕਾਂ ਅਤੇ ਸੰਘਰਸ਼ੀਲ ਕੌਮਾਂ ਦਾ ਗੱਲਾ ਘੁਟਿਆ ਜਾ ਸਕੇ।

ਉਹਨਾਂ ਦਸਿਆ ਕਿ ਪੰਜਾਬ ਤੋਂ ਲੈਕੇ ਕਸ਼ਮੀਰ ਅਤੇ ਦਿੱਲੀ ਤੱਕ ਦੇਸ਼ਧ੍ਰੋਹ ਦੇ ਸੰਗੀਨ ਦੋਸ਼ਾਂ ਹੇਠ ਰਾਜਨੀਤਿਕ ਕਾਰਜਕਰਤਾਵਾਂ ਨੂੰ ਫਸਾਇਆ ਅਤੇ ਉਲਝਾਇਆ ਜਾ ਰਿਹਾ ਹੈ ਅਤੇ ਇਹ ਗ੍ਰਿਫਤਾਰੀਆਂ ਕਾਨੂੰਨ ਅਤੇ ਜਮਹੂਰੀਅਤ ਦੀ ਭਾਵਨਾ ਦੇ ਬਿਲਕੁਲ ਉਲਟ ਹਨ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਦੇ ਇਸ਼ਾਰੇ ਉਤੇ ਦਿੱਲੀ ਪੁਲਿਸ ਨੇ ਦੇਸ਼ਧ੍ਰੋਹ ਦੇ ਧਾਰਾ ਦੀ ਦੁਰਵਰਤੋਂ ਕਰਦਿਆਂ ਜੇ.ਐਨ.ਯੂ ਦੇ ਸਟੂਡੇਂਟਸ ਯੂਨੀਅਨ ਦੇ ਪ੍ਰਧਾਨ ਕਨ੍ਹਈਆ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਹੋਰਨਾਂ ਵਿਦਆਰਥੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਉਹਨਾਂ ਜੇ.ਐਨ.ਯੂ ਦੇ ਵਿਦਆਰਥੀਆਂ ਦੀ ਕੀਤੀ ਜਾ ਰਹੀ ਫੜੋਫੜੀ ਨੂੰ ਗੈਰ-ਵਾਜਿਬ ਅਤੇ ਸੰਵਿਧਾਨ ਦੀ ਭਾਵਨਾ ਦੇ ਉਲਟ ਦਸਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਵਜੀਰ ਰਾਜਨਾਥ ਸਿੰਘ ਨੇ ਮੀਡੀਆ ਰਾਂਹੀ ਅਤੇ ਆਪਣੇ ਗੈਰ-ਜਿਮੇਵਾਰ ਬਿਆਨਾਂ ਰਾਂਹੀ ਜਿਥੇ ਵਿਦਆਰਥੀਆਂ ਦੇ ਕੈਰੀਅਰ ਨੂੰ ਸੱਟ ਮਾਰੀ ਹੈ ਉਥੇ ਜੇ.ਐਨ.ਯੂ ਦੇ ਅਕਸ ਨੂੰ ਵੀ ਢਾਹ ਲਾਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version