ਨਵੀ ਦਿੱਲੀ(8 ਅਗਸਤ, 2015): ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਟਿੱਪਣੀ ਕਰਦਿਆ ਕਿਹਾ ਕਿ ਇੱਕ ਪਾਸੇ ਬਾਪੂ ਸੂਰਤ ਸਿੰਘ ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ ਕਰੀਬ ਦੋ ਸੌ ਦਿਨਾਂ ਤੋ ਭੁੱਖ ਹੜਤਾਲ ਹੈ ਪਰ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰ ਸੰਜੀਦਾ ਨਹੀ ਜਦ ਕਿ ਤਾਮਿਲਨਾਡੂ ਸਰਕਾਰ ਨੇ ਰਾਜੀਵ ਗਾਂਧੀ ਹੱਤਿਆ ਕਾਂਡ ਸ਼ਾਮਲ ਸੱਤ ਤਾਮਿਲਾਂ ਦੇ ਹੱਕ ਵਿੱਚ ਪਹਿਲਾਂ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਤੇ ਹੁਣ ਸੁਪਰੀਮ ਕੋਰਟ ਵਿੱਚ ਹਲਫੀਆ ਬਿਆਨ ਦੇ ਕੇ ਸਵਾਲ ਕੀਤਾ ਹੈ ਕਿ ਰਾਜੀਵ ਹੱਤਿਆ ਕਾਂਡ ਵਿੱਚ ਗੋਡਸੇ ਦਾ ਭਰਾ ਰਿਹਾਅ ਹੋ ਸਕਦਾ ਹੈ ਤਾਂ ਫਿਰ ਬਾਕੀ ਦੋਸ਼ੀ ਕਿਉ ਨਹੀ ?
ਜਾਰੀ ਇੱਕ ਬਿਆਨ ਰਾਹੀ ਸਰਨਾ ਨੇ ਕਿਹਾ ਕਿ ਸਜਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਨੂੰ ਅੱਜ ਬਾਦਲ ਉਹਨਾਂ ਨੂੰ ਅੱਤਵਾਦੀ ਤੇ ਵੱਖਵਾਦੀ ਦੱਸ ਕੇ ਭੰਡ ਰਹੇ ਹਨ ਜਿਸ ਨੂੰ ਸਿੱਖ ਕੌਮ ਬਰਦਾਸ਼ਤ ਨਹੀ ਕਰ ਸਕਦੀ।
ਉਹਨਾਂ ਮੰਗ ਕੀਤੀ ਕਿ ਜਿਸ ਤਰੀਕੇ ਨਾਲ ਤਾਮਿਲਨਾਡੂ ਸਰਕਾਰ ਨੇ ਆਪਣੇ ਬੰਦੀ ਤਾਮਿਲਾਂ ਦੀ ਰਿਹਾਈ ਲਈ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਉਸੇ ਤਰਾਂ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਬਾਦਲ ਵੀ ਮਤਾ ਪਾਸ ਕਰਕੇ ਉਹਨਾਂ ਦੀ ਰਿਹਾਈ ਨੂੰ ਯਕੀਨੀ ਬਣਾਏ।
ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੇ ਪਿੰਕੀ ਕੈਂਟ ਨੂੰ ਉਮਰ ਕੈਦ ਹੋਣ ਦੇ ਬਾਵਜੂਦ ਵੀ ਸੱਤ ਸਾਲਾ ਬਾਅਦ ਰਿਹਾਅ ਕਰ ਦਿੱਤਾ ਹੈ ਉਸੇ ਤਰ੍ਹਾ ਹੀ ਪੰਜਾਬ ਸਰਕਾਰ ਵੀ ਸਜਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰੇ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਤਾਮਿਲਨਾਡੂ ਸਰਕਾਰ ਦੇ ਵਾਂਗ ਹੀ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕਰਨੇ ਚਾਹੀਦੇ ਹਨ ਤੇ ਗੋਡਸੇ ਦੀ ਕੇਸ ਨੂੰ ਆਧਾਰ ਬਣਾ ਕੇ ਆਪਣੀ ਦਲੀਲ ਤੁਰੰਤ ਸੁਪਰੀਮ ਕੋਰਟ ਵਿੱਚ ਦੇਣੀ ਚਾਹੀਦੀ ਹੈ।