Site icon Sikh Siyasat News

ਪਰਗਟ ਸਿੰਘ ਨੇ ਬਾਦਲ ਦੇ ਸੰਗਤ ਦਰਸ਼ਨ ‘ਚ ਪਹੁੰਚ ਕੇ ਕੀਤੇ ਸਵਾਲ

ਜਲੰਧਰ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਉਸ ਸਮੇਂ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪਿਆ, ਜਦੋਂ ਹਲਕਾ ਵਿਧਾਇਕ ਪਰਗਟ ਸਿੰਘ ਨੇ ਪ੍ਰੋਗਰਾਮ ਵਿੱਚ ਆ ਕੇ ਸਾਲਿਡ ਵੇਸਟ ਪਲਾਂਟ ਦਾ ਮੁੱਦਾ ਚੁੱਕਿਆ। ਪਰਗਟ ਸਿੰਘ ਦੇ ਸੰਗਤ ਦਰਸ਼ਨ ਵਿੱਚ ਆਉਣ ਨਾਲ ਪੁਲਿਸ ਕਰਮਚਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਜਮਸ਼ੇਰ ਵਿੱਚ ਜਲੰਧਰ ਛਾਉਣੀ ਹਲਕੇ ਦਾ ਪੰਜ ਸਾਲਾਂ ਦੌਰਾਨ ਪਹਿਲਾ ਸੰਗਤ ਦਰਸ਼ਨ ਕੀਤਾ ਗਿਆ। ਇਸ ਵਿੱਚ ਹਲਕੇ ਦੇ ਵਿਧਾਇਕ ਦੀ ਥਾਂ ਅਕਾਲੀ ਦਲ ਦੇ ਐਲਾਨੇ ਉਮੀਦਵਾਰ ਸਰਬਜੀਤ ਸਿੰਘ ਮੱਕੜ ਮੁੱਖ ਮੰਤਰੀ ਨਾਲ ਬੈਠ ਕੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਗਰਾਂਟਾਂ ਵੰਡਣ ਵਿੱਚ ਹੱਥ ਵਟਾ ਰਹੇ ਸਨ।

ਸੰਗਤ ਦਰਸ਼ਨ ਵਿੱਚ ਸ਼ਾਮਲ ਹੋਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜਨਤਕ ਤੌਰ ’ਤੇ ਹਰ ਕਿਸੇ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਪਰ ਉੱਥੇ ਪੁਲਿਸ ਨੇ ਹਲਕਾ ਵਿਧਾਇਕ ਪਰਗਟ ਸਿੰਘ ਨੂੰ ਅੱਗੇ ਜਾਣ ਤੋਂ ਰੋਕੀ ਰੱਖਿਆ। ਜਦੋਂ ਪੁਲਿਸ ਨੇ ਪਰਗਟ ਸਿੰਘ ਤੇ ਉਸ ਦੇ ਸਮਰਥਕਾਂ ਨੂੰ ਅੱਗੇ ਨਾ ਜਾਣ ਦਿੱਤਾ ਤਾਂ ਉਹ ਉੱਥੇ ਹੀ ਧਰਨਾ ਲਾ ਕੇ ਬੈਠ ਗਏ। ਮਗਰੋਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਲਿਆ। ਪਰਗਟ ਸਿੰਘ ਨੇ ਮੁੱਖ ਮੰਤਰੀ ਨੂੰ ਜਮਸ਼ੇਰ ਵਿੱਚ ਲੱਗਣ ਵਾਲੇ ਸਾਲਿਡ ਵੇਸਟ ਪਲਾਂਟ ਵਾਲੀ ਥਾਂ ’ਤੇ ਰਹਿ ਰਹੇ ਲੋਕਾਂ ਦੀ ਮਾੜੀ ਹਾਲਤ ਵੇਖਣ ਲਈ ਕਿਹਾ। ਪਰਗਟ ਸਿੰਘ ਦੇ ਵਾਰ-ਵਾਰ ਕਹਿਣ ’ਤੇ ਵੀ ਮੁੱਖ ਮੰਤਰੀ ਨੇ ਉੱਥੇ ਜਾਣ ਤੋਂ ਨਾਂਹ ਕਰ ਦਿੱਤੀ।

ਜਮਸ਼ੇਰ ਵਿੱਚ ਸੰਗਤ ਦਰਸ਼ਨ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਬਹਿਸ ਕਰਦੇ ਹੋਏ ਵਿਧਾਇਕ ਪਰਗਟ ਸਿੰਘ

ਪਰਗਟ ਸਿੰਘ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਪਿਛਲੇ ਪੰਜ ਸਾਲ ਤੋਂ ਮਿੰਨਤਾਂ ਕਰਦੇ ਆ ਰਹੇ ਹਨ ਕਿ ਸਾਲਿਡ ਵੇਸਟ ਪਲਾਂਟ ਇੱਥੇ ਨਾ ਲਾਇਆ ਜਾਵੇ। ਬਾਦਲ ਨੇ ਜਦੋਂ ਕਿਹਾ ਕਿ ਸਾਲਿਡ ਵੇਸਟ ਪਲਾਂਟ ਇੱਥੇ ਨਹੀਂ ਲੱਗੇਗਾ ਤਾਂ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਫਾਇਲ ਜਾਂ ਪੇਪਰ ਦਿਖਾਉਣ, ਜਿਸ ’ਤੇ ਇਸ ਨੂੰ ਰੱਦ ਕਰਨ ਦੇ ਹੁਕਮ ਕੀਤੇ ਹੋਣ। ਇਸ ’ਤੇ ਮੁੱਖ ਮੰਤਰੀ ਚੁੱਪ ਰਹੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਉਹ ਸੰਗਤ ਦਰਸ਼ਨ ਵਿੱਚ ਆਪਣਾ ਪੱਖ ਰੱਖਣ ਆ ਰਹੇ ਸਨ ਪਰ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਜਬਰੀ ਰੋਕੀ ਰੱਖਿਆ। ਉਨ੍ਹਾਂ ਦੋਸ਼ ਲਾਇਆ ਮੁੱਖ ਮੰਤਰੀ ਸਾਲਿਡ ਵੇਸਟ ਦੇ ਮਾਮਲੇ ਵਿੱਚ ਕੋਰਾ ਝੂਠ ਬੋਲ ਰਹੇ ਹਨ। ਸੰਗਤ ਦਰਸ਼ਨ ਦੌਰਾਨ ‘ਪਰਗਟ ਮੁਰਦਾਬਾਦ’ ਦੇ ਨਾਅਰੇ ਵੀ ਲੱਗੇ।

ਇਸੇ ਦੌਰਾਨ ਜਲੰਧਰ ਛਾਉਣੀ ਦਾ ਇੱਕ ਵਫ਼ਦ ਰਾਮ ਸਹਿਦੇਵ ਦੀ ਅਗਵਾਈ ਹੇਠ ਮੁੱਖ ਮੰਤਰੀ ਨੂੰ ਮਿਲਿਆ ਤੇ ਮੁੱਖ ਮੰਤਰੀ ਨੂੰ 10 ਸਾਲ ਪਹਿਲਾਂ 29 ਦਸੰਬਰ 2006 ਵਿੱਚ ਚੁੰਗੀ ਮੁਆਫ਼ ਕਰਨ ਦੇ ਕੀਤੇ ਵਾਅਦੇ ਦੇ ਦਸਤਾਵੇਜ਼ ਦਿਖਾਏ। ਮੁੱਖ ਮੰਤਰੀ ਨੇ ਕਿਹਾ ਕਿ ਇਹ ਚੁੰਗੀ ਕੇਂਦਰ ਨੇ ਮੁਆਫ਼ ਕਰਨੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version