Site icon Sikh Siyasat News

ਫਿਰਕੂ ਸੋਚ ਦੀ ਘੁੰਮ ਰਹੀ ਫਿਰਕੀ ਦੀ ਲਪੇਟ ਵਿਚ ਹੀ ਆਇਆ ਹੈ ਸ਼ਿਲੌਂਗ: ਪੰਥਕ ਤਾਲਮੇਲ ਸੰਗਠਨ

ਚੰਡੀਗੜ੍ਹ: ਸਿੱਖ ਸੰਸਥਾਵਾਂ ਅਤੇ ਸਿੱਖ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ ਵਿਚ ਸਿੱਖਾਂ ਵਿਰੁੱਧ ਭੜਕੀ ਹਿੰਸਾ ’ਤੇ ਗਹਿਰਾ ਦੁੱਖ ਪ੍ਰਗਟਾਉਦਿਆਂ ਸਮੁੱਚੇ ਘਟਨਾਕ੍ਰਮ ਨੂੰ ਦੇਸ਼ ਦੇ ਮੱਥੇ ਉੱਤੇ ਕਲੰਕ ਦਰਸਾਇਆ ਹੈ। ਸੰਗਠਨ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਸ਼ਿਲੌਂਗ ਅੰਦਰ ਵਸਦੀ ਪੰਜਾਬੀ ਕਲੋਨੀ ਨਾਲ ਲੰਮੇ ਸਮੇਂ ਤੋਂ ਮਤਰੇਆ ਸਲੂਕ ਹੋ ਰਿਹਾ ਹੈ ਅਤੇ ਉਹਨਾਂ ਦਾ ਉਜਾੜਾ ਕਰ ਕੇ ਯਾਤਰਾ ਸਥਾਨ ਸਥਾਪਤ ਕਰਨ ਲਈ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਤਾਜ਼ਾ ਹਿੰਸਾ ਪਿੱਛੇ ਇਕ ਮਾਮੂਲੀ ਝਗੜੇ ਅਤੇ ਸ਼ੋਸ਼ਲ ਮੀਡੀਆ’ਤੇ ਫੈਲੀ ਖ਼ਬਰ ਨੂੰ ਕਾਰਨ ਦੱਸਿਆ ਜਾ ਰਿਹਾ ਹੈ। ਜਦ ਕਿ ਇਹ ਅੱਗ ਹਮੇਸ਼ਾਂ ਸੁਲਗਦੀ ਰਹਿੰਦੀ ਹੈ। ਜਿਸ ਦਾ ਕਾਰਨ ਹੈ ਕਿ ਜਿਹੜੇ ਲੋਕ ਬ੍ਰਿਟਿਸ਼ ਰਾਜ ਵੇਲੇ ਏਥੇ ਲਿਆ ਕੇ ਵਸਾਏ ਗਏ ਅਤੇ ਉਹਨਾਂ ਤੋਂ ਗੰਦਗੀ ਸਾਫ ਕਰਵਾਉਣ ਦਾ ਅਤੇ ਮੈਲ਼ਾ ਢੋਣ ਦਾ ਕੰਮ ਲਿਆ ਗਿਆ, ਅੱਜ ਉਹੀ ਲੋਕ ਗੰਦੇ ਲੱਗਣ ਲੱਗ ਪਏ ਹਨ।

ਸ਼ਿਲੌਂਗ ਵਿਚ ਹੋਈ ਹਿੰਸਾ ਤੋਂ ਬਾਅਦ ਕਰਫਿਊ ਲੱਗਿਆ

ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਸਥਾਨਕ ਲੋਕਾਂ ਦਾ ਫਰਜ਼ ਬਣਦਾ ਸੀ ਕਿ ਇਹਨਾਂ ਲੋਕਾਂ ਵਲੋਂ ਪਾਏ ਯੋਗਦਾਨ ਦਾ ਸਤਿਕਾਰ ਕਰਦੇ ਅਤੇ ਉਹਨਾਂ ਦੇ ਵੀ ਵਿਕਾਸ ਦਾ ਸਹਾਰਾ ਬਣਦੇ। ਪਰ ਦਲਿਤ ਸਿੱਖਾਂ ਨੂੰ ਮਾਨਸਿਕ ਤੌਰ ’ਤੇ ਪੀੜਾ ਇਸ ਕਦਰ ਦਿੱਤੀ ਜਾ ਰਹੀ ਹੈ ਜਿਸ ਨਾਲ ਉਹ ਇਸ ਧਰਤੀ ਨੂੰ ਛੱਡ ਕੇ ਜਾਣ ਲਈ ਮਜ਼ਬੂਰ ਹੋ ਜਾਣ। ਜਿਸ ਦਾ ਸਬੂਤ ਹੈ ਕਿ ਇਸ ਸਿੱਖ ਵਸੋਂ ਵਾਲੀ ਪੰਜਾਬੀ ਕਲੋਨੀ ਨੂੰ ਸਹੂਲਤਾਂ ਤੋਂ ਸੱਖਣਾ ਰੱਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਿੰਸਕ ਭੀੜ ਵਲੋਂ ਗੁਰਦੁਆਰਾ ਸਾਹਿਬ ਅਤੇ ਸਿੱਖ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣ ਦੇ ਕੀਤੇ ਕੋਝੇ ਯਤਨ ਅਸਹਿਣਸ਼ੀਲਤਾ ਦਾ ਖੁੱਲ੍ਹਾ ਪ੍ਰਗਟਾਵਾ ਹੈ। ਧਰਮ, ਰੰਗ, ਨਸਲ ਭੇਦ ਵਰਤਾਰਾ ਦੇਸ਼ ਦੇ ਪਛੜੇਪਨ ਦੀ ਨਿਸ਼ਾਨੀ ਹੈ।

ਪੰਥਕ ਤਾਲਮੇਲ ਸੰਗਠਨ ਨੇ ਕਿਹਾ ਕਿ ਸਾਡੀ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਅਤੇ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੂੰ ਖੁੱਲ੍ਹੀ ਅਪੀਲ ਹੈ ਕਿ ਅਮਨ-ਅਮਾਨ ਕਾਇਮ ਕਰਨ ਲਈ ਵਿਤਕਰੇ ਵਾਲੇ ਵਤੀਰੇ ਦੀ ਜੜ੍ਹ ਨੂੰ ਫੜਿਆ ਜਾਵੇ। ਇਸ ਦੇਸ਼ ਲਈ ਸਿੱਖਾਂ ਵਲੋਂ ਕੀਤੀਆਂ ਕੁਰਬਾਨੀਆਂ ਨੂੰ ਭੁੱਲ ਕੇ ਵਾਰ-ਵਾਰ ਬੇਗਾਨਗੀ ਦਾ ਅਹਿਸਾਸ ਨਾ ਕਰਵਾਇਆ ਜਾਵੇ। ਦੂਸਰਾ ਇਸ ਹਿੰਸਾ ਪਿੱਛੇ ਸਿਆਸੀ ਤੇ ਸ਼ਰਾਰਤੀ ਲੋਕਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।

* ਇਹ ਖਬਰ ਆਖਰੀ ਵਾਰ 4 ਜੂਨ, 2018 ਨੂੰ ਪੰਜਾਬ ਦੇ ਸਮੇਂ ਮੁਤਾਬਕ 21:14 ਵਜੇ ਸੋਧੀ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version