ਬਠਿੰਡਾ, 23 ਫਰਵਰੀ— ਸ਼ਹੀਦ ਸ਼ੁੱਭਕਰਨ ਸਿੰਘ ਦੇ ਕਤਲ ਲਈ ਜਿੰਮੇਵਾਰ ਹਰਿਆਣਾ ਦਾ ਮੁਖ ਮੰਤਰੀ ਖੱਟਰ, ਡੀ.ਜੀ.ਪੀ. ਹਰਿਆਣਾ ਤੇ ਕੇਂਦਰੀ ਗ੍ਰਹਿ ਮੰਤਰਾਲਾ ਜਿੰਮੇਵਾਰ ਹੈ, ਇਹਨਾਂ ਦੋਸ਼ੀਆਂ ’ਤੇ ਕਤਲ ਦਾ ਮੁਕੱਦਮਾ ਦਰਜ਼ ਹੋ ਕੇ ਸਜ਼ਾ ਮਿਲਣੀ ਚਾਹੀਦੀ ਹੈ। ਅਸਲ ਵਿਚ ਸਿੱਖ ਕੌਮ ਦਾ ਨਿਵੇਕਲਾਪਣ, ਗੁਰਮਤਿ ਸਿਧਾਤਾਂ ਦੇ ਧਾਰਨੀ, ਕਿਰਤ ਤੇ ਸੰਘਰਸ਼ ਕਰਨਾ ਇਸ ਫ਼ਿਰਕਾਪ੍ਰਸਤ ਸਟੇਟ ਦੇ ਫਿਰਕੂ ਹਾਕਮਾਂ ਨੂੰ ਚੁਭਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਪੰਥਕ ਸਖ਼ਸੀਅਤਾਂ ਭਾਈ ਦਲਜੀਤ ਸਿੰਘ, ਭਾਈ ਰਾਜਿੰਦਰ ਸਿੰਘ ਮੁਗਲਵਾਲ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਅਮਰੀਕ ਸਿੰਘ ਈਸੜੂ, ਸਤਨਾਮ ਸਿੰਘ ਖੰਡਾ,ਭਾਈ ਸੁਖਦੇਵ ਸਿੰਘ ਡੋਡ, ਭਾਈ ਸੱਤਨਾਮ ਸਿੰਘ ਝੰਜੀਆ ਤੇ ਭਾਈ ਮਨਜੀਤ ਸਿੰਘ ਫਗਵਾੜਾ ਨੇ ਸਾਂਝੇ ਤੌਰ ’ਤੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ।
ਉਹਨਾਂ ਕਿਸਾਨਾਂ ਦੇ ਇਸ ਅੰਦੋਲਨ ਦੀ ਹਿਮਾਇਤ ਕਰਨ ਦਾ ਯਕੀਨ ਦਵਾਉਂਦਿਆ ਕਿਹਾ ਕਿ ਹਰਿਆਣਾ ਦੀ ਖੱਟਰ ਹਕੂਮਤ ਵਲੋਂ ਅੰਦੋਲਨ ਕਰਨ ਲਈ ਦਿੱਲੀ ਜਾ ਰਹੇ ਕਿਸਾਨਾਂ ’ਤੇ ਸ਼ਰੇਆਮ ਸਿੱਧੀਆਂ ਗੋਲੀਆਂ ਦਾ ਮੀਂਹ ਵਰਾਇਆ ਜਾ ਰਿਹਾ ਹੈ, ਜਦੋਂ ਕਿ ਕਿਸਾਨ, ਕਿਰਤੀ ਮਨੁੱਖਤਾ ਦਾ ਅੰਨਦਾਤਾ ਤੇ ਲੋਕਾਈ ਦੀ ਰੀੜੀ ਹੱਡੀ ਹੁੰਦਾ ਹੈ। ਉਹਨਾਂ ਕਿਹਾ ਕਿ ਸਟੇਟ ਦੀ ਹਿੰਸਾ ਰੋਸ ਪ੍ਰਦਰਸ਼ਨ ਕਰਨ ਦੇ ਮੁਢਲੇ ਸੰਵਿਧਾਨਕ ਅਧਿਕਾਰਾਂ ਨੂੰ ਕੁਚਲ ਕੇ ਇਕ ਦੁਸਮਣ ਦੇਸ਼ ਵਾਲਾ ਰਵੱਇਆ ਅਪਣਾ ਰਹੀ ਹੈ।
ਹਿੰਸਾ ਦੇ ਇਸ ਮਸਲੇ ’ਤੇ ਉਹਨਾਂ ਪੰਜਾਬ ’ਚ ਭਗਵੰਤ ਮਾਨ ਦੀ ਹਕੂਮਤ ਨੂੰ ਘੇਰਦਿਆ ਕਿਹਾ ਕਿ ਇਹ ਹਮਲੇ ਪੰਜਾਬ ਦੀ ਸਰਜ਼ਮੀਨ ’ਤੇ ਹੋ ਰਹੇ ਨੇ ਪਰ ਮਾਨ ਸਾਹਿਬ ਗੱਲੀਬਾਤੀ ਹੀ ਕੰਮ ਚਲਾ ਰਹੇ ਨੇ, ਪਿਛਲੇ ਦਿਨਾਂ ਤੋਂ ਇਹਨਾਂ ਹਮਲਿਆਂ ਵਿਰੁੱਧ ਉਹਨਾਂ ਨੇ ਕੋਈ ਠੋਸ ਨੀਤੀ ਅਮਲੀ ਰੂਪ ਵਿਚ ਨਹੀਂ ਅਪਣਾਈ। ਉਹਨਾਂ ਸਮੂਹ ਕਿਸਾਨਾਂ, ਮਜ਼ਦੂਰਾਂ ਤੇ ਇਨਸਾਨੀਅਤ ਸੋਚ ਰਖਣ ਵਾਲੇ ਹਰੇਕ ਵਰਗ ਨੂੰ ਇਸ ਅੰਦੋਲਨ ਵਿਚ ਇਕ ਜੁਟ ਹੋ ਕੇ ਕੁੱਦਣ ਦੀ ਅਪੀਲ ਕਰਦਿਆ ਕਿਹਾ ਕਿ ਅਜਿਹਾ ਪੂਰੇ ਦੇਸ਼ ਦੀ ਲੋਕਾਈ ਦੇ ਭਵਿਖ ਨੂੰ ਨਿਰਧਾਰਤ ਕਰੇਗਾ।