ਚੰਡੀਗੜ੍ਹ :- ਪੰਥ ਸੇਵਕ ਜਥਾ ਮਾਝਾ ਵਲੋਂ ਇਲਾਕਾ ਸ੍ਰੀ ਹਰਿਗੋਬਿੰਦਪੁਰ (ਜਿਲ੍ਹਾ ਗੁਰਦਾਸਪੁਰ) ਵਿਚ “ਗੁਰਸੰਗਤਿ ਅਤੇ ਗੁਰਦੁਆਰਾ ਪ੍ਰਬੰਧ” ਵਿਸ਼ੇ ਉਪਰ ਲੜੀਵਾਰ ਸਮਾਗਮ ਕੀਤੇ ਜਾ ਰਹੇ ਹਨ। ਗੁਰਮਤਿ ਅਨੁਸਾਰ ਗੁਰਦੁਆਰਾ ਪ੍ਰਬੰਧ ਕਿਵੇਂ ਦਾ ਹੋਵੇ? ਅਤੇ ਉਸ ਪ੍ਰਬੰਧ ਨੂੰ ਗੁਰਸੰਗਤਿ ਹੀ ਕਿਵੇਂ ਗੁਰਮਤਿ ਅਨੁਸਾਰ ਚਲਾ ਸਕਦੀ ਹੈ? ਗੁਰਸੰਗਤਿ ਵਿਚ ਕਿਸ ਤਰ੍ਹਾਂ ਦੇ ਜੀਵਨ ਕਿਰਦਾਰ ਵਾਲੀਆਂ ਸ਼ਖਸੀਅਤਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ? ਜਿਨ੍ਹਾਂ ਨੇ ਸਾਡੇ ਗੁਰ ਅਸਥਾਨਾਂ ਦੇ ਪ੍ਰਬੰਧ ਗੁਰਮਤਿ ਅਨੁਸਾਰ ਚਲਾਉਣੇ ਹਨ। ਇਹਨਾਂ ਵਿਸ਼ਿਆਂ ਉਪਰ ਵਿਸਥਾਰ ਨਾਲ ਚਰਚਾ ਕਰਨ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਬਾਬਾ ਨਾਮਦੇਵ ਨਗਰ ਘੁਮਾਣ ਦੇ ਨੇੜਲੇ ਪਿੰਡ ਮੱਲੋਵਾਲੀ-ਨਵਾਂ ਪਿੰਡ ਵਿਖੇ ਪੰਥ ਸੇਵਕ ਜਥਾ ਮਾਝਾ ਵਲੋਂ ੨੫ ਫਰਵਰੀ ੨੦੨੩ ਸ਼ਨੀਵਾਰ ਸ਼ਾਮ ਗੁਰਮਤਿ ਸਮਾਗਮ ਕਰਵਾਇਆ ਗਿਆ।
ਸਮਾਗਮ ਵਿਚ ਭਾਈ ਮਹਿਕਦੀਪ ਸਿੰਘ ਉਧੋਨੰਗਲ ਹੁਣਾਂ ਦੇ ਜਥੇ ਨੇ ਕੀਰਤਨ ਦੀ ਹਾਜਰੀ ਭਰੀ, ਭਾਈ ਸੁਖਜਿੰਦਰ ਸਿੰਘ ਕਨੇਡੀ (ਮੁੱਖ ਗ੍ਰੰਥੀ ਗੁਰਦੁਆਰਾ ਦਮਦਮਾ ਸਾਹਿਬ ਸ੍ਰੀ ਹਰਿਗੋਬਿੰਦਪੁਰ) ਹੁਣਾਂ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।
ਉਪਰੰਤ ਡਾ. ਕੰਵਲਜੀਤ ਸਿੰਘ (ਪ੍ਰੋ.ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ) ਹੁਣਾਂ ਨੇ ਆਪਣੇ ਵਖਿਆਨ ਦੌਰਾਨ ਬੋਲਦਿਆਂ ਕਿਹਾ ਕਿ ਖਾਲਸਾ ਪੰਥ ਦੀ ਅਧੋਗਤੀ ਦਾ ਕਾਰਨ ਇਹ ਹੈ ਕਿ ਸਿੱਖਾਂ ਨੇ ਗੁਰੂ ਵੱਲੋਂ ਬਖਸ਼ਿਸ਼ ਕੀਤੀਆਂ ਵਿਦਿਆਵਾਂ ਵਿਸਾਰ ਦਿੱਤੀਆਂ ਹਨ।
ਸਿੱਖ ਬੱਚੇ ਨੂੰ ਬਹੁਤ ਸਾਰੀਆਂ ਭਾਸ਼ਾਵਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ।ਉਸ ਨੂੰ ਭਵਨ ਨਿਰਮਾਣ ਕਲਾ, ਛੰਦ ਸ਼ਾਸਤਰ, ਸ਼ਸਤਰ ਵਿਦਿਆ, ਘੋੜਸਵਾਰੀ, ਔਸ਼ਧੀ ਵਿਗਿਆਨ, ਅਤੇ ਰਾਜਨੀਤੀ ਆਦਿ ਵਿਚ ਨਿਪੁੰਨ ਹੋਣਾ ਚਾਹੀਦਾ ਹੈ। ਜਿਥੇ ਸਿੱਖਾਂ ਨੂੰ ਦੁਨਿਆਵੀ ਗੁਣਾਂ ਵਿਚ ਨਿਪੁੰਨ ਹੋਣ ਦੀ ਜਰੂਰਤ ਹੈ ਉਥੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਨ ਲਈ ਸੁਰਤਿ ਦੀ ਉਚਿਆਈ ਲਈ ਨਾਮ ਸਿਮਰਨ ਅਭਿਆਸ ਦੀ ਕਮਾਈ ਕਰਨ ਦੀ ਵੀ ਬਹੁਤ ਜਰੂਰਤ ਹੈ।ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਵਿਚ ਇਹਨਾਂ ਵਿਦਿਆਵਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ।ਧਰਮਸ਼ਾਲਾ ਅਤੇ ਗੁਰਦੁਆਰਾ ਸਾਹਿਬ ਵਿਚ ਇਹ ਮੁੱਢਲਾ ਫਰਕ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ, ਨਗਾਰਚੀ, ਨਿਸ਼ਾਨਚੀ,ਲਾਂਗਰੀ, ਧੂਪੀਆ, ਚੌਰਬਰਦਾਰ, ਚੋਬ੍ਹਦਾਰ, ਕਥਾ ਦਾ , ਸ਼ਸਤਰ ਵਿੱਦਿਆ ਦਾ ਉਸਤਾਦ ਆਦਿ ਜ਼ਰੂਰੀ ਤੌਰ ਉਪਰ ਹੋਣੇ ਚਾਹੀਦੇ ਹਨ।ਇਸ ਸਮਾਗਮ ਵਿਚ ਸਿੱਖ ਨੌਜਵਾਨ ਸੇਵਕ ਸਭਾ ਘੁਮਾਣ ਦਾ ਵਿਸ਼ੇਸ਼ ਯੋਗਦਾਨ ਰਿਹਾ।