Site icon Sikh Siyasat News

ਅਜ਼ਾਦੀ ਪਸੰਦ ਆਗੂਆਂ ਵਲੋਂ ਭਾਈ ਸੁਖਦੇਵ ਸਿੰਘ ਬੱਬਰ ਨੂੰ ਸ਼ਹੀਦੀ ਦਿਹਾੜੇ ‘ਤੇ ਸ਼ਰਧਾਂਜਲੀ

ਤਰਨ ਤਾਰਨ: ਅਖੰਡ ਕੀਰਤਨੀ ਜਥੇ ਵਲੋਂ ਕਰਵਾਏ ਗਏ ਪ੍ਰੋਗਰਾਮ ਵਿਚ ਧਾਰਮਿਕ, ਰਾਜਨੀਤਕ ਅਤੇ ਅਜ਼ਾਦੀ ਪਸੰਦ ਆਗੂਆਂ ਵਲੋਂ ਬੱਬਰ ਖ਼ਾਲਸਾ ਦੇ ਜਥੇਦਾਰ ਭਾਈ ਸੁਖਦੇਵ ਸਿੰਘ ਬੱਬਰ ਨੂੰ ਉਨ੍ਹਾਂ ਦੇ 24ਵੇਂ ਸ਼ਹੀਦੀ ਦਿਹਾੜੇ ‘ਤੇ ਜੱਦੀ ਪਿੰਡ ਦਾਸੂਵਾਲ ਵਿਖੇ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਮੌਕੇ ਦਲ ਖ਼ਾਲਸਾ ਦੇ ਸਾਬਕਾ ਪ੍ਰਧਾਨ ਸਤਨਾਮ ਸਿੰਘ ਪਾਉਂਟਾ ਸਾਹਿਬ ਨੇ ਸਿੱਖ ਆਵਾਮ ਨੂੰ ਅਪੀਲ ਕੀਤੀ ਕਿ ਉਹ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਣ। ਸ਼ਹੀਦੀ ਸਮਾਗਮ ਵਿਚ ਸਤਨਾਮ ਸਿੰਘ ਨੇ ਕਿਹਾ 70 ਸਾਲ ਪਹਿਲਾਂ ਮੁਸਲਮਾਨਾਂ ਅਤੇ ਹਿੰਦੂਆਂ ਨੂੰ ਅਜ਼ਾਦੀ ਮਿਲ ਗਈ ਸੀ। ਉਨ੍ਹਾਂ ਕਿਹਾ ਕਿ ਅਫਸੋਸ ਸਿੱਖ ਇੰਨੇ ਖੁਸ਼ਕਿਸਮਤ ਨਹੀਂ ਸੀ ਕਿ ਉਨ੍ਹਾਂ ਨੂੰ ਉਨ੍ਹਾਂ ਦਾ ਆਪਣਾ ਘਰ ਮਿਲਦਾ। ਉਨ੍ਹਾਂ ਕਿਹਾ ਕਿ ਉਦੋਂ ਤੋਂ ਹੀ ਸਿੱਖ ਆਪਣੇ ਕੌਮੀ ਘਰ ਲਈ ਯਤਨਸ਼ੀਲ ਹਨ।

ਸ਼ਹੀਦੀ ਸਮਾਗਮ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕਰਦੇ ਹੋਏ ਜਥੇਬੰਦੀਆਂ ਦੇ ਆਗੂ

ਜ਼ਿਕਰਯੋਗ ਹੈ ਕਿ ਬੱਬਰ ਖ਼ਾਲਸਾ ਦੇ ਮੁਖੀ ਨੂੰ 9 ਅਗਸਤ 1992 ਨੂੰ ਲੁਧਿਆਣਾ ਵਿਖੇ ਝੂਠੇ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ ਗਿਆ ਸੀ ਜਦਕਿ ਉਨ੍ਹਾਂ ਨੂੰ ਪਟਿਆਲਾ ਵਿਚਲੀ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

READ THIS NEWS IN ENGLISH:

PANJ PIYARE, AKALI MLA & PRO-FREEDOM LEADERS PAID TRIBUTES TO BABBAR KHALSA COMMANDER ON HIS 24TH MARTYRDOM DAY …

ਇਸ ਮੌਕੇ ਵੱਖ-ਵੱਖ ਰਾਜਨੀਤਕ ਅਤੇ ਧਾਰਮਿਕ ਬੁਲਾਰਿਆਂ ਨੇ ਭਾਈ ਸੁਖਦੇਵ ਸਿੰਘ ਬੱਬਰ ਨੂੰ ਉਨ੍ਹਾਂ ਦੀ ਸਿੱਖ ਸੰਘਰਸ਼ ਵਿਚ ਪਾਏ ਯੋਗਦਾਨ ਲਈ ਸ਼ਰਧਾਂਜਲੀ ਭੇਟ ਕੀਤੀ।

ਸ਼੍ਰੋਮਣੀ ਕਮੇਟੀ ਦੇ ਸਾਬਕਾ ਪੰਜ ਪਿਆਰਿਆਂ ਨੇ ਵੀ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ ਅਤੇ ਸ਼ਹੀਦ ਦੀ ਸ਼ਹੀਦੀ ਨੂੰ ਪ੍ਰਣਾਮ ਕੀਤਾ।

ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਵੀ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ ਅਤੇ ਇਹ ਦਾਅਵਾ ਕੀਤਾ ਕਿ ਉਨ੍ਹਾਂ ਨੇ ਜਥੇਦਾਰ ਸੁਖਦੇਵ ਸਿੰਘ ਨਾਲ 90 ਦੇ ਦਹਾਕੇ ਵਿਚ ਕੰਮ ਕੀਤਾ ਸੀ।

ਸਮਾਗਮ ਵਿਚ ਸ਼ਾਮਲ ਜਥੇਬੰਦੀਆਂ ਵਲੋਂ ਭਾਈ ਸੁਖਦੇਵ ਸਿੰਘ ਬੱਬਰ, ਭਾਈ ਅਨੋਖ ਸਿੰਘ ਬੱਬਰ ਅਤੇ ਭਾਈ ਦਿਲਾਵਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਅਮਰ ਸਿੰਘ ਚਾਹਲ ਨੇ ਬੱਬਰ ਖ਼ਾਲਸਾ ਦੇ ਆਗੂ ਭਾਈ ਜਗਤਾਰ ਸਿੰਘ ਹਵਾਰਾ ਦਾ ਬਿਆਨ ਪੜ੍ਹ ਕੇ ਸੁਣਾਇਆ।

ਇਸ ਮੌਕੇ ਦਲ ਖ਼ਾਲਸਾ ਦੇ ਕੰਵਰਪਾਲ ਸਿੰਘ ਨੇ ਵੀ ਸਮਾਗਮ ਵਿਚ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ 15 ਅਗਸਤ ਨੂੰ ਲੁਧਿਆਣਾ ਵਿਖੇ ਹੋਣ ਵਾਲੇ ਰੋਸ ਪ੍ਰਦਰਸ਼ਨ ਵਿਚ ਚਾਰ ਸਿੱਖ ਜਥੇਬੰਦੀਆਂ ਨੇ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਇਸ ਮੌਕੇ ਭੁਪਿੰਦਰ ਸਿੰਘ ਪਹਿਲਵਾਨ (ਜਰਮਨੀ) ਸਰਬਜੀਤ ਸਿੰਘ ਘੁਮਾਣ, ਗਿਆਨੀ ਬਲਦੇਵ ਸਿੰਘ (ਅਖੰਡ ਕੀਰਤਨੀ ਜੱਥਾ) ਅਤੇ ਸੁਖਜੀਤ ਸਿੰਘ ਖੋਸਾ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version