ਪੰਜਾਬ ਦੇ 6 ਜਿਲ੍ਹਿਆਂ ਚ ਝੋਨੇ ਦੀ ਲੁਆਈ 11 ਜੂਨ ਤੋਂ ਸ਼ੁਰੂ ਹੋ ਚੁੱਕੀ ਹੈ। ਇਹਨਾਂ ਜਿਲ੍ਹਿਆਂ ਚ ਫਰੀਦਕੋਟ, ਬਠਿੰਡਾ, ਮੁਕਤਸਰ,ਮਾਨਸਾ, ਫਾਜ਼ਿਲਕਾ ਅਤੇ ਫਿਰੋਜ਼ਪੁਰ ਸ਼ਾਮਿਲ ਹਨ। ਬਾਕੀ 17 ਜਿਲ੍ਹਿਆਂ ਚ ਇਹ ਲੁਆਈ 20 ਜੂਨ ਤੋਂ ਸ਼ੁਰੂ ਹੋਵੇਗੀ। ਰਾਜ ਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ‘ਚ ਇਹ ਕੁਝ ਕਾਰਗਰ ਵੀ ਹੈ। ਮੌਜ਼ੂਦਾ ਹਾਲਾਤ ਇਹ ਹਨ ਕਿ ਪੰਜਾਬ ਦੇ ਕੁੱਲ 150 ਬਲਾਕਾਂ ਅਤੇ 3 ਸ਼ਹਿਰੀ ਖੇਤਰਾਂ (ਕੁੱਲ 153) ਚੋਂ 117 ਅਤਿ ਸ਼ੋਸ਼ਿਤ ਹਾਲਾਤ ਚ ਹਨ। ਭਾਵ ਇਹਨਾਂ ਖੇਤਰਾਂ ਚ ਧਰਤੀ ਹੇਠ ਜਾਣ ਵਾਲੇ ਪਾਣੀ ਨਾਲੋਂ ਵੱਧ ਪਾਣੀ ਕੱਢਿਆ ਜਾ ਰਿਹਾ ਹੈ। ਅਜਿਹੇ ਚ ਪਾਣੀ ਨੂੰ ਬਚਾਉਣ ਲਈ ਵੱਖ ਵੱਖ ਉੱਦਮ ਕਰਨੇ ਲਾਜਮੀ ਵੀ ਹਨ। ਜਿਲਾ ਬਠਿੰਡਾ ਚ ਪੈਂਦੇ ਪਿੰਡ ਬੱਲੋ ਨੇ ਜਮੀਨੀ ਪਾਣੀ ਨੂੰ ਬਚਾਉਣ ਲਈ ਨਵੇਕਲੀ ਪਹਿਲ ਕੀਤੀ ਹੈ। ਪਿੰਡ ਦੀ ਗੁਰਬਚਨ ਸਿੰਘ ਸੇਵਾ ਸਮਿਤੀ ਸੋਸਾਇਟੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਝੋਨਾ 25 ਜੂਨ ਤੋਂ ਬਾਅਦ ਲਾਇਆ ਜਾਵੇ। 25 ਜੂਨ ਤੋਂ ਬਾਅਦ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਸੁਸਾਇਟੀ ਵੱਲੋਂ 500 ਰੁਪਏ ਪ੍ਰਤੀ ਏਕੜ ਸਨਮਾਨ ਵਜੋਂ ਦਿੱਤਾ ਜਾਵੇਗਾ।
20 ਜੂਨ ਤੋਂ ਬਾਅਦ ਪੰਜਾਬ ਚ ਮਾਨਸੂਨ ਆਉਣ ਦੀ ਸੰਭਾਵਨਾ ਹੈ। ਇਸੇ ਆਧਾਰ ਨਾਲ ਹੀ ਸੋਸਾਇਟੀ ਨੇ ਇਹ ਉਦਮ ਕੀਤਾ ਹੈ ਕਿ ਮਾਨਸੂਨ ਦੀ ਆਮਦ ਦੌਰਾਨ ਝੋਨੇ ਦੀ ਲਵਾਈ ਧਰਤੀ ਹੇਠਲੇ ਪਾਣੀ ਦੀ ਵਰਤੋਂ ਘਟਾਏਗੀ। ਇਹ ਧਿਆਨ ਰੱਖਿਆ ਗਿਆ ਹੈ ਕਿ ਕਿਸਾਨ ਝੋਨੇ ਦੀ ਲਵਾਈ ਹੀ 25 ਜੂਨ ਜਾਂ ਉਸ ਤੋਂ ਬਾਅਦ ਸ਼ੁਰੂ ਕਰੇ। ਇਹ ਨਹੀਂ ਕਿ ਉਹ ਆਪਣੇ ਖੇਤ ਦੇ ਕੁਝ ਹਿੱਸੇ ਤੇ ਝੋਨੇ ਦੀ ਲਵਾਈ 25 ਜੂਨ ਤੋਂ ਪਹਿਲਾਂ ਕਰ ਦੇਵੇ ਅਤੇ 25 ਤੋਂ ਬਾਅਦ ਕੀਤੀ ਲਵਾਈ ਤੇ ਸਨਮਾਨ ਦੀ ਆਸ ਕਰੇ। ਇਸੇ ਸੁਸਾਇਟੀ ਨੇ ਝੋਨੇ ਦੀ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ 500 ਰੁਪਏ ਪ੍ਰਤੀ ਏਕੜ ਇਨਾਮ ਵਜੋਂ ਦੇਣ ਤੇ 8 ਲੱਖ ਤੋਂ ਵੱਧ ਰਕਮ ਖਰਚੀ ਸੀ। ਇਸ ਵਾਰ ਪਿੰਡ ਵਾਲਿਆਂ ਨੇ ਆਪਣੇ ਬੇਲਰ ਲਿਆ ਕੇ ਪਰਾਲੀ ਦੀਆਂ ਕਾਫੀ ਪੰਡਾਂ ਬਣਾ ਕੇ ਵੀ ਸਾਂਭੀਆਂ ਹਨ। ਫਸਲਾਂ ਤੇ ਹੁੰਦੀ ਕੀਟਨਾਸ਼ਕਾਂ ਅਤੇ ਰਸਾਇਨਿਕ ਖਾਦਾਂ ਦੀ ਵਰਤੋਂ ਘਟਾਉਣ ਲਈ ਪਿੰਡ ਵਾਸੀਆਂ ਨੇ ਮਿੱਟੀ ਅਤੇ ਪਾਣੀ ਦੀ ਜਾਂਚ ਲਈ ਸੰਦ ਵੀ ਲਿਆਂਦੇ ਹਨ। ਜ਼ਿਕਰਯੋਗ ਹੈ ਕਿ ਕਿਸਾਨ ਮੋਰਚਾ 2.0 ਚ ਸ਼ਹੀਦ ਹੋਇਆ ਸ਼ੁਭਕਰਨ ਸਿੰਘ ਵੀ ਇਸੇ ਪਿੰਡ ਦਾ ਹੀ ਰਹਿਣ ਵਾਲਾ ਸੀ।