Site icon Sikh Siyasat News

ਅਫ਼ਜ਼ਲ ਗੁਰੂ ਮਾਮਲੇ ‘ਚ ਸਹੀ ਤਰੀਕੇ ਨਾਲ ਫ਼ੈਸਲਾ ਨਹੀਂ ਲਿਆ ਗਿਆ: ਚਿਦੰਬਰਮ

ਨਵੀਂ ਦਿੱਲੀ (25 ਫਰਵਰੀ, 2016): ਭਾਰਤੀ ਸੰਸਦ ਦੇ ਹਮਲੇ ਵਿੱਚ ਦਿੱਲੀ ਦੀ ਤਿਹਾੜ ਜੇਲ ਵਿੱਚ ਫਾਂਸੀ ਦਿੱਤੇ ਗਏ ਕਸ਼ਮੀਰੀ ਅਜ਼ਾਦੀ ਦੇ ਸਮਰਥਕ ਅਫਜ਼ਲ ਗੁਰੂ ਨੂੰ ਦਿੱਤੀ ਸਜ਼ਾ ਹਮੇਸ਼ਾਂ ਚਰਚਾ ਵਿੱਚ ਰਹੀ ਹੈ। ਅਫਜ਼ਲ ਗੁਰੂ ਨੂੰ ਦਿੱਤੀ ਫਾਂਸੀ ਦੇ ਵਿਰੋਧ ਵਿੱਚ ਭਾਰਤ ਦੀਆਂ ਕਈ ਨਾਮਵਰ ਹਸਤੀਆਂ ਨੇ ਆਵਜ਼ ਉਠਾਈ ਅਤੇ ਭਾਰਤ ਸਰਾਕਰ ਦੇ ਇਸ ਕਾਰੇ ਦੀ ਆਲੋਚਨਾ ਕੀਤੀ।

ਪੀ. ਚਿਦੰਬਰਮ

ਪਰ ਹੁਣ ਸੰਸਦ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਨੂੰ ਲੈ ਕੇ ਸਾਬਕਾ ਗ੍ਰਹਿ ਮੰਤਰੀ ਅਤੇ ਕਾਂਗਰਸ ਦੇ ਨੇਤਾ ਪੀ. ਚਿਦੰਬਰਮ ਨੇ ਇਕ ਵੱਡਾ ਬਿਆਨ ਦਿੱਤਾ ਹੈ। ਚਿਦੰਬਰਮ ਨੇ ਇਕ ਸਮਾਚਾਰ ਪੱਤਰ ਨੂੰ ਦਿੱਤੀ ਇਕ ਇੰਟਰਵਿਊ ‘ਚ ਕਿਹਾ ਕਿ 2001 ‘ਚ ਸੰਸਦ ‘ਤੇ ਹੋਏ ਹਮਲੇ ‘ਚ ਅਫਜ਼ਲ ਗੁਰੂ ਦੀ ਭੂਮਿਕਾ ਸ਼ੱਕੀ ਸੀ ਅਤੇ ਸ਼ਾਇਦ ਇਸ ਮਾਮਲੇ ‘ਚ ਸਹੀ ਢੰਗ ਨਾਲ ਫ਼ੈਸਲਾ ਨਹੀਂ ਲਿਆ ਗਿਆ।

ਜ਼ਿਕਰਯੋਗ ਹੈ ਕਿ ਅਫਜ਼ਲ ਨੂੰ ਯੂ.ਪੀ.ਏ. ਸਰਕਾਰ ਦੇ ਸਮੇਂ ਦੌਰਾਨ ਫ਼ਾਂਸੀ ਦਿੱਤੀ ਗਈ ਸੀ। ਚਿਦੰਬਰਮ ਨੇ ਕਿਹਾ ਕਿ ਅਫਜ਼ਲ ਨੂੰ ਬਿਨ੍ਹਾਂ ਪੇਰੋਲ ਦੇ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ‘ਚ ਰਹਿੰਦੇ ਹੋਏ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅਦਾਲਤ ਨੇ ਗਲਤ ਫ਼ੈਸਲਾ ਲਿਆ ਹੈ ਕਿਉਂਕਿ ਮਾਮਲਾ ਤਾਂ ਸਰਕਾਰ ਨੇ ਹੀ ਚਲਾਇਆ ਸੀ ਪਰ ਇਕ ਆਜ਼ਾਦ ਸ਼ਖਸ ਇਹ ਸਲਾਹ ਤਾਂ ਰੱਖ ਸਕਦਾ ਹੈ ਕਿ ਇਸ ਮਾਮਲੇ ‘ਚ ਸਹੀ ਤਰੀਕੇ ਨਾਲ ਫ਼ੈਸਲਾ ਨਹੀਂ ਲਿਆ ਗਿਆ।

ਹਾਲਾਂਕਿ ਚਿਦੰਬਰਮ ਨੂੰ ਜਦੋਂ ਪੁੱਛਿਆ ਗਿਆ ਕਿ ਜਦ ਅਫਜ਼ਲ ਨੂੰ ਫਾਂਸੀ ਦਿੱਤੀ ਗਈ ਤਾਂ ਉਸ ਸਮੇਂ ਉਹ ਸਰਕਾਰ ਦਾ ਹੀ ਹਿੱਸਾ ਸਨ, ਇਸ ਸਵਾਲ ‘ਤੇ ਉਨ੍ਹਾਂ ਦਾ ਕਹਿਣਾ ਸੀ ਕਿ ‘ਮੈਂ ਉਸ ਸਮੇਂ ਗ੍ਰਹਿ ਮੰਤਰੀ ਨਹੀਂ ਸਨ ਪਰ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਜੇਕਰ ਮੈਂ ਉਸ ਸਮੇਂ ਗ੍ਰਹਿ ਮੰਤਰੀ ਹੁੰਦਾ ਤਾਂ ਕਿ ਕਰਦਾ’। ਉਨ੍ਹਾਂ ਜੇ.ਐਨ.ਯੂ. ਵਿਦਿਆਰਥੀਆਂ ‘ਤੇ ਲੱਗੇ ਦੇਸ਼ਦ੍ਰੋਹ ਦੇ ਦੋਸ਼ਾਂ ਨੂੰ ਬੇਫ਼ਜ਼ੂਲ ਕਰਾਰ ਦਿੱਤਾ, ਉਨ੍ਹਾਂ ਕਿਹਾ ਕਿ ਆਪਣੇ ਵਿਚਾਰਾਂ ਨੂੰ ਪ੍ਰਗਟਾਉਣਾ ਦੇਸ਼ਦ੍ਰੋਹ ਨਹੀਂ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version