ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਵਿਰੋਧੀ ਧਿਰ ਦੇ ਨਵੇਂ ਬਣੇ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਮੀਤ-ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਦੀ ਅਗਵਾਈ ਵਿਚ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਸਾਰੇ ਵਿਧਾਇਕਾਂ ਦੀ ਮੀਟਿੰਗ ਵਿਚ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਉਪਰ ਵਾਅਦਿਆਂ ਤੋਂ ਭੱਜਣ ਅਤੇ ਲੋਕ ਵਿਰੋਧੀ ਫੈਸਲੇ ਲੈਣ ਦਾ ਦੋਸ਼ ਲਾਇਆ ਗਿਆ। ਇਸ ਮੀਟਿੰਗ ਵਿਚ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਵੀ ਉਚੇਚ ਤੌਰ ‘ਤੇ ਹਾਜ਼ਰ ਸਨ। ਇਸਦੇ ਨਾਲ ਹੀ ਕਈ ਪ੍ਰੋਗਰਾਮਾਂ ਦਾ ਐਲਾਨ ਕਰਦੇ ਹੋਏ ਦੱਸਿਆ ਗਿਆ ਕਿ ਪਾਰਟੀ 27 ਜੁਲਾਈ ਨੂੰ ਸੁਨਾਮ ਵਿਖੇ ਸ਼ਹੀਦ ਉਧਮ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿਚ ਖੂਨਦਾਨ ਕੈਂਪ ਦਾ ਪ੍ਰਬੰਧ ਕਰੇਗੀ। ਜਿਸ ਵਿਚ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸ਼ਿਰਕਤ ਕਰੇਗੀ।
ਮੀਟਿੰਗ ਉਪਰੰਤ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਮਾਨ, ਖਹਿਰਾ ਅਤੇ ਅਰੋੜਾ ਨੇ ਕੈਪਟਨ ਅਮਰਿੰਦਰ ਸਿੰਘ ਉਪਰ ਬਾਦਲਾਂ ਨਾਲ ਮਿਲੇ ਹੋਣ ਦਾ ਦੋਸ਼ ਲਗਾਉਂਦਿਆ ਕਿਹਾ ਕਿ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਪੰਜਾਬ ਨੂੰ ਮਿਲਕੇ ਲੁੱਟ ਰਹੇ ਇਨ੍ਹਾਂ ਦੇ ਸਿਆਸੀ ‘ਗੱਠਜੋੜ’ ਨੂੰ ਜਨਤਾ ‘ਚ ਜਾ ਕੇ ਬੇਪਰਦ ਕਰੇਗੀ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਪੰਜਾਬ ਦੀ ਜਨਤਾ ਉਪਰ ਨਵੇਂ ਟੈਕਸਾਂ ਰਾਹੀਂ ਹੋਰ ਵਿੱਤੀ ਬੋਝ ਪਾਉਣ ਲਈ ਘੜੇ ਜਾ ਰਹੇ ਮਨਸੂਬਿਆਂ ਨੂੰ ਲਾਗੂ ਨਹੀਂ ਹੋਣ ਦੇਵੇਗੀ। ਬੇਸ਼ਕ ਇਸ ਲਈ ਪਾਰਟੀ ਸੜਕ ਤੋਂ ਲੈ ਕੇ ਵਿਧਾਨ ਸਭਾ ਅਤੇ ਪਾਰਲੀਮੈਂਟ ਤੱਕ ਕਿੰਨਾ ਵੀ ਸੰਘਰਸ਼ ਕਿਉਂ ਨਾ ਕਰਨਾ ਪਵੇ।
ਆਪ ਆਗੂਆਂ ਨੇ ਦੱਸਿਆ ਕਿ ਪਾਰਟੀ 7 ਅਗਸਤ ਨੂੰ ਇਤਿਹਾਸਿਕ ਨਗਰੀ ਬਾਬਾ ਬਕਾਲਾ ਵਿਖੇ ‘ਰੱਖੜ ਪੂਨਿਆਂ’ ਮੌਕੇ ਸਿਆਸੀ ਕਾਨਫਰੰਸ ਕਰੇਗੀ। ਇਸ ਉਪਰੰਤ 15 ਅਗਸਤ ਨੂੰ ਈਸੜੂ ਵਿਖੇ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ਵਿਚ ਕਾਨਫਰੰਸ ਕੀਤੀ ਜਾਏਗੀ। ਇਸ ਦੌਰਾਨ ਮਾਨ ਅਤੇ ਖਹਿਰਾ ਦੀ ਸਾਂਝੀ ਅਗਵਾਈ ਵਿਚ ਹਰ ਜ਼ਿਲ੍ਹੇ ਦੇ ਕਾਰਜਕਰਤਾਵਾਂ ਨਾਲ ਬੈਠਕਾਂ ਕੀਤੀਆਂ ਜਾਣਗੀਆਂ।
ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਅਤੇ ਘਰ-ਘਰ ਸਰਕਾਰੀ ਨੌਕਰੀ ਦੇਣ ਦੇ ਵਾਅਦਿਆਂ ਤੋਂ ਭੱਜ ਰਹੇ ਹਨ। ਕੈਪਟਨ ਸਰਕਾਰ ਦੀ ਇਸ ਵਾਅਦਾ ਖਿਲਾਫੀ ਕਰਕੇ ਕਾਂਗਰਸ ਸਰਕਾਰ ਦੌਰਾਨ 150 ਕਿਸਾਨ ਅਤੇ ਖੇਤ ਮਜ਼ਦੂਰ ਖੁਦਕੁਸ਼ੀ ਕਰ ਚੁੱਕੇ ਹਨ। ਉਨ੍ਹਾਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੂੰ ਤਰਸ ਦੇ ਅਧਾਰ ‘ਤੇ ਡੀਐਸਪੀ ਦੀ ਨੌਕਰੀ ਦੇਣ ‘ਤੇ ਮਜ਼ਾਹੀਆ ਲਹਿਜ਼ੇ ‘ਚ ਕਿਹਾ ਕਿ ਕੈਪਟਨ ਨੇ ਘਰ-ਘਰ ਸਰਕਾਰੀ ਨੌਕਰੀ ਦੇਣ ਦੀ ਸ਼ੁਰੂਆਤ ਬੇਅੰਤ ਸਿੰਘ ਦੇ ਪਰਿਵਾਰ ਤੋਂ ਕੀਤੀ ਅਤੇ ਉਥੇ ਹੀ ਬੰਦ ਕਰ ਦਿੱਤੀ। ਆਮ ਘਰਾਂ ਦੇ ਬੇਰੋਜ਼ਗਾਨਾਂ ਨੂੰ ਉਬਰ ਕੰਪਨੀ ਨਾਲ ਮੋਟਰਸਾਇਕਲ-ਟੈਕਸੀ ਤੱਕ ਹੀ ਸੀਮਤ ਕਰਨ ਲੱਗਿਆ ਹੈ।
ਸਬੰਧਤ ਖ਼ਬਰ:
ਕੈਪਟਨ ਸਰਕਾਰ: ‘ਹਰ ਘਰ ਇਕ ਨੌਕਰੀ’ ਦੀ ਸ਼ੁਰੂਆਤ ਸਾਬਕਾ ਮੁੱਖ ਮੰਤਰੀ ਬੇਅੰਤ ਦੇ ਪੋਤੇ ਗੁਰਇਕਬਾਲ ਤੋਂ ਹੋਈ …
ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਉਪਰ ਪੰਜਾਬ ‘ਚੋਂ ਗਾਇਬ ਰਹਿਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੈਪਟਨ ਦੀ ਸਰਕਾਰ ਨੂੰ ਉਨ੍ਹਾਂ ਦੇ ਚਹੇਤੇ ਅਫਸਰ-ਬਾਬੂ ਚਲਾ ਰਹੇ ਹਨ।
ਇਸ ਮੌਕੇ ਅਮਨ ਅਰੋੜਾ ਨੇ ਕੈਪਟਨ ਸਰਕਾਰ ਵਲੋਂ ਅਪਣੇ ਸਲਾਹਕਾਰਾਂ ਦੀਆਂ ਤਨਖਾਹਾਂ ਵਿਧਾਇਕਾਂ ਨਾਲੋਂ ਵੀ ਵੱਧ ਕਰਨ ਦੀ ਆਲੋਚਨਾ ਕੀਤੀ। ਉਨਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ 1 ਹਜ਼ਾਰ ਕਰੋੜ ਦੇ ਨਵੇਂ ਟੈਕਸ ਲਗਾਉਣ ਦੀ ਯੋਜਨਾ ਨੂੰ ਲੋਕ ਵਿਰੋਧੀ ਦੱਸਦਿਆਂ ਕੈਪਟਨ ਸਰਕਾਰ ਨੂੰ ਅਜਿਹਾ ਕਦਮ ਚੁੱਕਣ ਤੋਂ ਵਰਜਿਆ। ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਵਿਰੋਧੀ ਧਿਰ ਦੀ ਜ਼ਿੰਮੇਦਾਰੀ ਚੰਗੀ ਤਰ੍ਹਾਂ ਨਿਭਾਉਣਗੀਆਂ। ਇਸ ਮੌਕੇ ਵਿਰੋਧੀ ਧਿਰ ਦੀ ਮੀਤ ਆਗੂ ਬੀਬੀ ਸਰਬਜੀਤ ਕੌਰ ਮਾਣੂਕੇ, ਵਿਧਾਇਕ ਕੰਵਰ ਸੰਧੂ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ ਅਤੇ ਹੋਰ ਵਿਧਾਇਕ ਹਾਜ਼ਰ ਸਨ।
ਸਬੰਧਤ ਖ਼ਬਰ:
ਮੁੱਖ ਮੰਤਰੀ ਬੇਅੰਤ ਦੇ ਪੋਤਰੇ ਨੂੰ ਨੌਕਰੀ ਦੇ ਕੇ ਕੈਪਟਨ ਸਰਕਾਰ ਬਣੀ ਜੰਗਲ ਰਾਜ ਦੀ ਹਾਮੀ: ਖਾਲੜਾ ਮਿਸ਼ਨ …