Site icon Sikh Siyasat News

ਐਸ.ਵਾਈ.ਐਲ. ਲਈ ਅਕਾਲੀ, ਕਾਂਗਰਸ ਹੀ ਜ਼ਿੰਮੇਵਾਰ; ‘ਆਪ’ ਨਾਲ ਸੀਟਾਂ ਦੀ ਗੱਲ ਚੱਲ ਰਹੀ ਹੈ: ਜਗਮੀਤ ਬਰਾੜ

ਪਟਿਆਲਾ: ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਵਿਚਾਲੇ ਚੋਣ ਗੱਠਜੋੜ ਲਈ ਗੱਲਬਾਤ ਜਾਰੀ ਹੈ। ਦੋਵਾਂ ਪਾਰਟੀਆਂ ਦੇ ਮੁਖੀ ਮਮਤਾ ਬੈਨਰਜੀ (ਮੁੱਖ ਮੰਤਰੀ, ਪੱਛਮੀ ਬੰਗਾਲ) ਅਤੇ ਅਰਵਿੰਦ ਕੇਜਰੀਵਾਲ (ਮੁੱਖ ਮੰਤਰੀ, ਦਿੱਲੀ) ਦਰਮਿਆਨ ਦੋ ਵਾਰ ਬੈਠਕ ਹੋ ਚੁੱਕੀ ਹੈ।

ਤ੍ਰਿਣਮੂਲ ਕਾਂਗਰਸ ਨੇ ਮਾਲਵਾ, ਦੋਆਬਾ ਅਤੇ ਪੁਆਧ ਤੋਂ ਤਿੰਨ-ਤਿੰਨ ਅਤੇ ਮਾਝੇ ਵਿੱਚੋਂ ਚਾਰ ਸੀਟਾਂ ਮੰਗੀਆਂ ਹਨ। ਜੇਕਰ ਚੋਣ ਸਾਂਝ ਸਿਰੇ ਨਾ ਚੜ੍ਹੀ ਤਾਂ ਪਾਰਟੀ ਇਕੱਲਿਆਂ ਹੀ 117 ਹਲਕਿਆਂ ‘ਤੇ ਚੋਣ ਲੜੇਗੀ।

ਪਟਿਆਲਾ ਵਿਖੇ ਤ੍ਰਿਣਮੂਲ ਕਾਂਗਰਸ ਦੇ ਨਵੇਂ ਦਫਤਰ ਦੇ ਉਦਘਾਟਨ ਮੌਕੇ ਮੀਡੀਆ ਨਾਲ ਗੱਲ ਕਰਦੇ ਹੋਏ ਪਾਰਟੀ ਦੇ ਪੰਜਾਬ ਪ੍ਰਧਾਨ ਜਗਮੀਤ ਬਰਾੜ

ਇਹ ਜਾਣਕਾਰੀ ਤ੍ਰਿਣਮੂਲ ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਜਗਮੀਤ ਸਿੰਘ ਬਰਾੜ ਨੇ ਅੱਜ ਇੱਥੇ ਪਾਰਟੀ ਦੇ ਮੁੱਖ ਆਗੂ ਸੰਤ ਸਿੰਘ ਘੱਗਾ ਦੇ ਛੋਟੀ ਬਾਰਾਂਦਰੀ ਵਿੱਚ ਖੋਲ੍ਹੇ ਗਏ ਤ੍ਰਿਣਮੂਲ ਕਾਂਗਰਸ ਦੇ ਜ਼ਿਲ੍ਹਾ ਪੱਧਰ ’ਤੇ ਪਲੇਠੇ ਦਫ਼ਤਰ ਦੇ ਉਦਘਾਟਨ ਮੌਕੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਬਰਾੜ ਨੇ ਦੱਸਿਆ ਕਿ ਦੋਵਾਂ ਨੇਤਾਵਾਂ ਵਿਚਾਲੇ ਮੀਟਿੰਗਾਂ ਤੋਂ ਇਲਾਵਾ ਉਹ ਵੀ ਕੇਜਰੀਵਾਲ ਤੇ ਹੋਰ ਆਗੂਆਂ ਦੇ ਸੰਪਰਕ ਵਿੱਚ ਹਨ। ਉਹ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਦਿਨ ਤੱਕ ਵੀ ਯਤਨਸ਼ੀਲ ਰਹਿਣਗੇ।

ਗੱਠਜੋੜ ਨਾ ਹੋਣ ‘ਤੇ ਉਨ੍ਹਾਂ ਪ੍ਰਚਾਰਕ ਦੀ ਹੀ ਭੂਮਿਕਾ ਨਿਭਾਉਣ ਦਾ ਫੈਸਲਾ ਲਿਆ। ਲਿੰਕ ਨਹਿਰ ਬਾਰੇ ਉਨ੍ਹਾਂ ਕਿਹਾ ਕਿ ਨਹਿਰ ਸਮੱਸਿਆ ਕਾਂਗਰਸ ਤੇ ਅਕਾਲੀਆਂ ਦੀ ਦੇਣ ਹੈ, ਇਸ ਨਾਲ ‘ਆਪ’ ਦਾ ਕੋਈ ਸਰੋਕਾਰ ਨਹੀਂ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version