Site icon Sikh Siyasat News

ਪੰਜਾਬ ‘ਚ ਜ਼ਮੀਨ-ਜਾਇਦਾਦ ਦੀ ਰਜਿਸਟਰੀ ਕਰਾਉਣ ਲਈ ‘ਤਤਕਾਲ ਸੇਵਾ’ ਸ਼ੁਰੂ: ਸਰਕਾਰੀਆ

ਚੰਡੀਗੜ੍ਹ: ਪੰਜਾਬ ਦੇ ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਹੈ ਕਿ ਤਹਿਸੀਲਦਾਰ (ਸਬ ਰਜਿਸਟਰਾਰ) ਦਫਤਰਾਂ ਵਿਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਕਰਾਉਣ ਲਈ ਆਉਣ ਵਾਲੇ ਲੋਕਾਂ ਨੂੰ ‘ਤਤਕਾਲ ਸੇਵਾ’ ਮੁਹੱਈਆ ਕਰਵਾਈ ਗਈ ਹੈ। ਸੋਮਵਾਰ ਤੋਂ ਸਾਰੇ ਪੰਜਾਬ ਵਿਚ ਇਸ ਸੇਵਾ ਦਾ ਲਾੜ ਉਠਾਇਆ ਜਾ ਸਕਦਾ ਹੈ।

ਉਨਾਂ ਕਿਹਾ ਕਿ 5000 ਰੁਪਏ ਅਦਾ ਕਰਕੇ ‘ਤਤਕਾਲ ਸੇਵਾ’ ਦਾ ਲਾਭ ਉਠਾਇਆ ਜਾ ਸਕਦਾ ਹੈ ਅਤੇ ਸਬ ਰਜਿਸਟਰਾਰ ਦਫਤਰਾਂ ਵਿਚ ਪਹਿਲਾ ਘੰਟਾ ਯਾਨੀ ਕਿ ਸਵੇਰੇ 9 ਤੋਂ 10 ਵਜੇ ਤੱਕ ਦਾ ਸਮਾਂ ਉਨ੍ਹਾਂ ਲੋਕਾਂ ਲਈ ਰਾਖਵਾਂ ਰਹੇਗਾ ਜਿਨ੍ਹਾਂ ਨੇ ‘ਤਤਕਾਲ ਸੇਵਾ’ ਦੀ ਸਹੂਲਤ ਲਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕ ਰਜਿਸਟਰੀ ਕਰਾਉਣ ਦਾ ਸਮਾਂ ਵੈੱਬਸਾਈਟ http://www.revenue.punjab.gov.in ‘ਤੇ ਦਿੱਤੇ ਲੰਿਕ ਤੋਂ ਪ੍ਰਾਪਤ ਕਰ ਸਕਦੇ ਹਨ। ਜਿਹੜੇ ਲੋਕ ਕੰਪਿਊਟਰ ਜਾਣਕਾਰੀ ਨਹੀਂ ਰੱਖਦੇ ਉਨ੍ਹਾਂ ਲਈ ਬਹੁਤ ਜਲਦ ਸਮਾਂ ਲੈਣ ਦੀ ਸਹੂਲਤ ਸੇਵਾ ਕੇਂਦਰਾਂ ਰਾਹੀਂ ਸ਼ੁਰੂ ਕਰਨ ਦੀ ਸਕੀਮ ਹੈ।

‘ਤਤਕਾਲ ਸੇਵਾ’ ਲਈ ਆਨਲਾਈਨ ਰਜਿਸਟਰੇਸ਼ਨ ਦੀ ਸਹੂਲਤ ਪੰਜਾਬ ਵਿਚ 27 ਜੂਨ ਨੂੰ ਸ਼ੁਰੂ ਹੋ ਗਈ ਸੀ। ਲੋਕਾਂ ਨੂੰ ਇਸ ਤਰਾਂ ਦੀ ਸੁਵਿਧਾ ਦੇਣ ਵਾਲਾ ਪੰਜਾਬ ਪਹਿਲਾ ਸੂਬਾ ਬਣ ਚੁੱਕਾ ਹੈ ਤੇ ਹੁਣ ਤੱਕ ਸੂਬੇ ਵਿਚ 1,62,410 ਦਸਤਾਵੇਜ਼ ਆਨ ਲਾਈਨ ਰਜਿਸਟਰ ਕੀਤੇ ਜਾ ਚੁੱਕੇ ਹਨ।

ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਮਾਲ ਵਿਨੀ ਮਹਾਜਨ ਨੇ ਦੱਸਿਆ ਕਿ ਲੋਕਾਂ ਨੂੰ ਜ਼ਮੀਨ-ਜਾਇਦਾਦ ਦੀ ਰਜਿਸਟਰੀ ਮੌਕੇ ਖੱਜਲ-ਖੁਆਰੀ ਤੋਂ ਮੁਕਤ ਕਰਨ ਦੇ ਮਕਸਦ ਨਾਲ ਵੀਹ ਵਧੀਕ ਤਹਿਸੀਲਦਾਰਾਂ ਨੂੰ ਉਨ੍ਹਾਂ ਥਾਂਵਾਂ ‘ਤੇ ਨਿਯੁਕਤ ਕੀਤਾ ਹੈ, ਜਿੱਥੇ ਕਿ ਰਜਿਸਟਰੀਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਇਸ ਮਕਸਦ ਲਈ ਲੁਧਿਆਣਾ (ਪੂਰਬੀ), ਜਲੰਧਰ (1), ਅੰਮ੍ਰਿਤਸਰ, ਪਟਿਆਲਾ, ਖਰੜ (ਐਸਏਐਸ ਨਗਰ) ਅਤੇ ਕੁਝ ਹੋਰ ਜ਼ਿਿਲ੍ਹਆਂ ਵਿਖੇ ਵਾਧੂ ਤਹਿਸੀਲਦਾਰ (ਸਬ-ਰਜਿਸਟਰਾਰ) ਨਿਯੁਕਤ ਕੀਤੇ ਗਏ ਹਨ।

ਮਹਾਜਨ ਨੇ ਦੱਸਿਆ ਕਿ ਆਨ ਲਾਈਨ ਰਿਕਾਰਡ ਤਹਿਤ 167 ਫਰਦ ਕੇਂਦਰ ਸੂਬੇ ਵਿਚ ਕਾਰਜਸ਼ੀਲ ਹਨ ਜਿਨ੍ਹਾਂ ਵਿਚੋਂ ਹੁਣ ਤੱਕ 1.90 ਕਰੋੜ ਫਰਦਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version