Site icon Sikh Siyasat News

ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਝੀਡਾ ਤੇ ਨਲਵੀ ਧੜੇ ਹੋਏ ਇਕੱਠੇ

ਚੰਡੀਗੜ੍ਹ (15 ਜੂਨ2014): ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਲਈ ਸ੍ਰ. ਦੀਦਾਰ ਸਿੰਘ ਨਲਵੀ ਅਤੇ ਜਗਦੀਸ਼ ਸਿੰਘ ਝੀਡਾ ਗਰੁੱਪ ਇਕੱਠੇ ਹੋ ਗਏ ਹਨ ਅਤੇ ਅਗਲੀ ਰਣਨੀਤੀ ਉਲੀਕਣ ਬਾਰੇ 6 ਜੁਲਾਈ ਨੂੰ ਕੈਥਲ ਵਿਚ ਰਾਜ ਭਰ ਦੇ ਸਿੱਖ ਪ੍ਰਤੀਨਿਧੀਆਂ ਦੀ ਕਨਵੈਨਸ਼ਨ ਬੁਲਾਉਣ ਦਾ ਫੈਸਲਾ ਕੀਤਾ ਗਿਆ ਹੈ।

 ਇਹ ਐਲਾਨ ਐਡਹਾਕ ਕਮੇਟੀ ਦੇ ਦੋਹਾਂ ਗਰੁੱਪਾਂ ਦੇ ਆਗੂਆਂ ਦੀਦਾਰ ਸਿੰਘ ਨਲਵੀ, ਜਗਦੀਸ਼ ਸਿੰਘ ਝੀਂਡਾ ਤੇ ਅਵਤਾਰ ਸਿੰਘ ਚਾਕੂ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਵਿਚ ਕੀਤਾ। ਉਨ੍ਹਾਂ ਕਿਹਾ ਕਿ ਇਸ ਕਨਵੈਨਸ਼ਨ ਨੂੰ ਸੰਬੋਧਨ ਕਰਨ ਲਈ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵਿੱਤ ਮੰਤਰੀ ਸ. ਐੱਚ. ਐੱਸ. ਚੱਠਾ ਨੂੰ ਵੀ ਸੱਦਾ ਦਿੱਤਾ ਹੈ।

ਲੰਬੇ ਸਮੇਂ ਤੋਂ ਸੰਘਰਸ਼ ਕਰਨ ਵਾਲੇ ਇਨ੍ਹਾਂ ਸਿੱਖ ਆਗੂਆਂ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਲੋਕ ਸਭਾ ਦੀਆਂ ਚੋਣਾਂ ਤੋਂ ਹਰਿਆਣਾ ਦੇ ਸਿੱਖਾਂ ਨਾਲ ਕੀਤੇ ਗਏ ਉਸ ਵਾਅਦੇ ਤੋਂ ਮੁਕਰ ਗਏ ਹਨ ਕਿ ‘ਸੰਸਦ ਦੀਆਂ ਚੋਣਾਂ ਵਿਚ ਹਰਿਆਣਾ ਵਿਚ ਇਨੈਲੋ ਦੀ ਮੱਦਦ ਕਰੋ ਤੁਹਾਡੀ ਇਸ ਮੰਗ ‘ਤੇ ਕੋਈ ਨਾ ਕੋਈ ਹਾਂ ਪੱਖੀ ਫੈਸਲਾ ਕੀਤਾ ਜਾਏਗਾ।

ਦਿਲਚਸਪ ਤੇ ਵਰਨਣਯੋਗ ਗੱਲ ਇਹ ਹੈ ਕਿ ਪਹਿਲਾਂ ਝੀਂਡਾ ਤੇ ਨਲਵੀ ਗਰੁੱਪ ਵੱਖ ਵੱਖ ਹੋ ਗਏ ਸਨ ਪਰ ਹੁਣ ਸ੍ਰੀ ਹੁੱਡਾ ਦੇ ਇਸ ਐਲਾਨ ਪਿੱਛੋਂ ਇਕੱਠੇ ਹੋ ਗਏ ਹਨ ਕਿ ‘ਹਰਿਆਣਾ ਸਰਕਾਰ ਰਾਜ ਦੇ ਸਿੱਖਾਂ ਦੇ ਹਿੱਤ ਨੂੰ ਸਾਹਮਣੇ ਰੱਖ ਕੇ ਕੋਈ ਠੋਸ ਫੈਸਲਾ ਕਰਨ ਵਾਲੀ ਹੈ।’ ਇਕ ਸੁਆਲ ਦੇ ਉੱਤਰ ਵਿਚ ਸ. ਚਾਕੂ ਨੇ ਕਿਹਾ ਕਿ ਹਰਿਆਣਾ ਦੇ ਸਿੱਖ ਆਪ ਵੀ ਮੰਗ ਮਨਾਉਣ ਲਈ ‘ਆਰ ਜਾਂ ਪਾਰ’ ਦੀ ਲੜਾਈ ਵਾਸਤੇ ਤਿਆਰ ਹੋ ਗਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version