ਹਜ਼ਾਰਾਂ ਸਾਲਾਂ ਦੇ ਮਨੁੱਖੀ ਇਤਿਹਾਸ ਵਿੱਚ ਆਪਣੀ 550 ਸਾਲ ਦੀ ਬਾਲੜੀ ਉਮਰ ਵਾਲੀ ਸਿੱਖ ਕੌਮ ਨੂੰ ਇਹ ਮਾਣ ਹਾਸਲ ਹੈ ਕਿ ਉਸਦੇ ਗਗਨ ‘ਤੇ ਹਜ਼ਾਰਾਂ ਨਹੀਂ, ਲੱਖਾਂ ਖਾਲਸਾ ਜੀ ਦੇ ਇਹੋ ਜਿਹੇ ਚਮਕਦੇ ਸਿਤਾਰੇ ਹਨ, ਜੋ ਬੇਇਨਸਾਫੀ ਅਤੇ ਜ਼ੁਲਮ ਦੀ ਕਾਲੀ ਬੋਲੀ ਰਾਤ ਵਿੱਚ ਹੱਕ-ਸੱਚ-ਇਨਸਾਫ ਦੇ ਹਰ ਪਾਂਧੀ ਨੂੰ ਰੌਸ਼ਨੀ ਭਰਪੂਰ, ਜਾਗਦੀਆਂ ਜ਼ਮੀਰਾਂ ਵਾਲਿਆਂ ਦੀ ਡਗਰ ‘ਤੇ ਤੁਰਨ ਵਿੱਚ ਅਗਵਾਈ ਤੇ ਹੌਂਸਲਾ ਬਖਸ਼ਦੇ ਹਨ।
ਗੁਰੂ ਕਲਗੀਧਰ ਦੇ ਵਰੋਸਾਏ ਖਾਲਸਾ ਪੰਥ ਦੇ ਦੋ ਲਾਡਲੇ ਸਪੁੱਤਰਾਂ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਆਪਣੀ ਅਦੁੱਤੀ ਬਹਾਦਰੀ ਤੇ ਲਾਸਾਨੀ ਸ਼ਹਾਦਤ ਨਾਲ ਖਾਲਸਾਈ ਗਗਨ ਨੂੰ ਤਾਂ ਲਟ-ਲਟ ਰੌਸ਼ਨ ਕੀਤਾ ਹੀ ਹੈ ਪਰ ਨਾਲ ਹੀ ਉਹ ਅਜੋਕੇ ਖਾਲਿਸਤਾਨੀ ਸੰਗਰਾਮ ਦੇ ਮੁੱਖ ਕੇਂਦਰ ਬਿੰਦੂ ਵੀ ਹੋ ਨਿੱਬੜੇ ਹਨ। ਲੱਖਾਂ ਫੌਜਾਂ ਦੀ ਕਮਾਂਡ ਕਰਨ ਵਾਲਾ ਅਕਾਲ ਤਖਤ ਸਾਹਿਬ ‘ਤੇ ਹਮਲਾਵਰ ਜਨਰਲ ਵੈਦਿਆ ਤਾਂ ਇਤਿਹਾਸ ਦੇ ਘੱਟੇ ਵਿੱਚ ਗੁਆਚ ਗਿਆ ਹੈ ਪਰ ਭਾਈ ਜਿੰਦਾ ਤੇ ਭਾਈ ਸੁੱਖਾ ਖਾਲਿਸਤਾਨੀ ਫੌਜਾਂ ਦੇ ਸਦੀਵੀ ਜਰਨੈਲ ਸਥਾਪਤ ਹੋ ਗਏ ਹਨ, ਜਿਹਨਾਂ ਦੀ ਬਹਾਦਰੀ ਤੇ ਨਿਰਭੈਤਾ ਦਾ ਲੋਹਾ ਦੁਸ਼ਮਣ ਨੇ ਵੀ ਮੰਨਿਆ ਹੈ।
ਜੰਗ ਦੇ ਮੈਦਾਨ ਵਿੱਚ ਬੱਬਰ ਸ਼ੇਰ ਦੀ ਗਰਜ ਰੱਖਣ ਵਾਲੇ ਇਨ੍ਹਾਂ ਸੂਰਮਿਆਂ ਨੇ ਫਾਂਸੀ ਦੇ ਰੱਸੇ ਨੂੰ ਗਲ ‘ਚ ਪਾਉਣ ਤੱਕ ਦਾ ਸਫਰ ਸੰਤਤਾਈ ਦੀ ਉੱਚ ਆਤੁਮਕ ਅਵਸਥਾ ਵਿੱਚ ਵਿਚਰਦਿਆਂ ਤੈਅ ਕੀਤਾ। ਇਹਨਾਂ ਦੋ ਜਾਗਦੀਆਂ ਰੂਹਾਂ ਵਾਲਿਆਂ ਨੂੰ ਮੌਤ ਲਾੜੀ ਵਿਆਹੁਣ ਦੇ ਖਿਆਲ ਨੇ ਅਨੰਦਮਈ ਅਵਸਥਾ ਵਿੱਚ ਪਹੁੰਚਾ ਦਿੱਤਾ। ਦਗ ਦਗ ਭੱਖਦੇ ਚਿਹਰਿਆਂ ਦੇ ਤੇਜੱਸਵੀ ਜਲਾਲ ਸਾਹਮਣੇ ਮੌਤ ਨੂੰ ਵੀ ਦੰਦਲ ਪੈ ਗਈ ਹੋਵੇਗੀ। ਪਰ ਨਿਰਮਾਣਤਾ ਦੇ ਪੁੰਜ ਵੀਰਿਆਂ ਨੇ ਜਲਾਦ ਨੂੰ ਵੀ ਗਲ ਨਾਲ ਲਾ ਕੇ ਵਧਾਈ ਦਿੱਤੀ ਕਿਉਂਕਿ ਮੌਤ ਨਾਲ ਅਨੰਦ ਪੜ੍ਹਾਉਣ ਦੀ ਰਸਮ ਤਾਂ ਉਹ ਹੀ ਅਦਾ ਕਰ ਰਿਹਾ ਸੀ। ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਗਜਾਉਂਦਿਆਂ ਫਾਂਸੀ ਦੇ ਰੱਸਿਆਂ ‘ਤੇ ਝੂਟਾ ਲੈ ਰਹੇ ਭਾਈ ਸੁੱਖਾ-ਜਿੰਦਾ ਨੂੰ ਮਾਨੋ ਦਸਮੇਸ਼ ਪਿਤਾ ਆਪ ਲੋਰੀਆਂ ਦੇ ਰਹੇ ਸਨ। ਜਦੋਂ ਅਸੀਂ 18ਵੀਂ ਸਦੀ ਦੇ ਸਿੰਘਾਂ ਦੀ ਬਹਾਦਰੀ ਤੇ ਆਚਰਣ ਦਾ ਹਵਾਲਾ ਦਿੰਦੇ ਹਾਂ ਤਾਂ ਅਹਿਮਦਸ਼ਾਹ ਅਬਦਾਲੀ ਦੇ ਨਾਲ ਆਏ ਜਰਨੈਲ-ਇਤਿਹਾਸਕਾਰ ਕਾਜ਼ੀ ਨੂਰ ਮੁਹੰਮਦ ਦਾ ਜ਼ਿਕਰ ਕੀਤਾ ਜਾਂਦਾ ਹੈ। ਕਾਜ਼ੀ ਨੂਰ ਮੁਹੰਮਦ ਦਾ ਕਹਿਣਾ ਹੈ – ‘ਇਨ੍ਹਾਂ ਸਿੱਖਾਂ ਨੂੰ ਕੁੱਤੇ ਨਾ ਆਖੋ (ਕਿਉਂਕਿ ਉਹ ਪਹਿਲਾਂ ਆਪ ਹੀ ਸਿੱਖਾਂ ਲਈ ਕੁੱਤਾ, ਫਾਰਸੀ ਵਿੱਚ ਸੱਗ ਸ਼ਬਦ ਵਰਤ ਚੁੱਕਾ ਸੀ) ਇਹ ਤਾਂ ਅਸਲੀ ਸ਼ੇਰ ਹਨ। ਜਿਹੜਾ ਜੰਗ ਦੇ ਮੈਦਾਨ ਵਿੱਚ ਸ਼ੇਰ ਦੀ ਭਬਕਾਰ ਨਾਲ ਜੂਝਦਾ ਹੈ, ਉਹਨੂੰ ਕੁੱਤਾ ਕਿਵੇਂ ਆਖਿਆ ਜਾ ਸਕਦਾ ਹੈ? ਉਹ ਤਲਵਾਰ ਦੇ ਯੋਧਿਓ, ਜੇ ਤੁਸੀਂ ਜੰਗ ਦੇ ਦਾਓ ਪੇਚ ਸਿੱਖਣੇ ਹਨ, ਤਲਵਾਰ ਵਾਹੁਣੀ ਸਿੱਖਣੀ ਹੈ ਤਾਂ ਇਨ੍ਹਾਂ ਤੋਂ ਸਿੱਖੋ। ਇਹ ਨਾਇਕਾਂ ਵਾਂਗ ਦੁਸ਼ਮਣ ਦਾ ਟਾਕਰਾ ਕਰਦੇ ਹਨ ਅਤੇ ਫੇਰ ਬੜੀ ਸਫਾਈ ਨਾਲ ਸੁਰੱਖਿਅਤ ਨਿਕਲ ਵੀ ਜਾਂਦੇ ਹਨ।” ਦੁਸ਼ਮਣ ਵਲੋਂ ਕੀਤੀ ਗਈ ਸਿਫਤ ਹੀ ਅਸਲ ਆਚਰਣ ਦੀ, ਭਰੋਸੇਯੋਗ ਜਾਮਨੀ ਹੁੰਦੀ ਹੈ।
20ਵੀਂ ਸਦੀ ਦੇ ਅੰਤ ਵਿੱਚ ਖਾਲਿਸਤਾਨੀ ਸੰਘਰਸ਼ ਲਈ ਸ਼ਹੀਦ ਡੇਢ ਲੱਖ ਤੋਂ ਜ਼ਿਆਦਾ ਸਿੰਘਾਂ-ਸਿੰਘਣੀਆਂ ਦੀ ਸੂਰਬੀਰਤਾ, ਸਿਦਕ ਅਤੇ ਮੌਤ ਦੇ ਬੇਖੌਫ ਹੋਣ ਦੇ ਕਰੈਕਟਰ ਦਾ ਰੋਲ-ਮਾਡਲ ਭਾਈ ਜਿੰਦਾ ਤੇ ਭਾਈ ਸੁੱਖਾ ਕਹੇ ਜਾ ਸਕਦੇ ਹਨ। ਵੇਦ ਮਰਵਾਹਾ, ਦਿੱਲੀ ਪੁਲੀਸ ਦਾ ਮੁਖੀ (ਕਮਿਸ਼ਨਰ) ਹੁਣ ਨੌਕਰੀ ਤੋਂ ਰਿਟਾਇਰ ਹੋ ਚੁੱਕਾ ਹੈ। ਇਸ ਦੀ ਕਮਾਂਡ ਥੱਲੇ, ਦਿੱਲੀ ਪੁਲੀਸ ਨੇ ਦੋ ਵਾਰ ਭਾਈ ਹਰਜਿੰਦਰ ਸਿੰਘ ਜਿੰਦਾ ਨੂੰ ਗ੍ਰਿਫ਼ਤਾਰ ਕੀਤਾ ਸੀ (1985 ਤੇ ਫਿਰ 1987 ਵਿੱਚ) ਵੇਦ ਮਰਵਾਹੇ ਨੇ, ਰਿਟਾਇਰਮੈਂਟ ਤੋਂ ਬਾਅਦ ਇੱਕ ਕਿਤਾਬ’ ਲਿਖੀ ਜਿਸ ਦਾ ਸਿਰਲੇਖ ਹੈ – ‘ਅਨਸਿਵਲ ਵਾਰਜ਼ – ਪਥੋਲੌਜੀ ਆਫ ਟੈਰਰਿਜ਼ਮ ਇਨ ਇੰਡੀਆ’। ਇਸ ਕਿਤਾਬ ਦੇ ਸਫਾ 16 ‘ਤੇ ਉਸ ਨੇ ਇੱਕ ਸਿਰਲੇਖ ਦਿੱਤਾ ਹੈ- ‘ਜਿੰਦਾ ਕੋਈ ਸਧਾਰਣ ਮਨੁੱਖ ਨਹੀਂ ਸੀ’। ਇਸ ਦੀ ਲਿਖਤ ਵਿਚਲਾ ਵੇਰਵਾ, ਕਾਜ਼ੀ ਨੂਰ ਮੁਹੰਮਦ ਦੀ 18ਵੀਂ ਸਦੀ ਦੇ ਸਿੰਘਾਂ ਬਾਰੇ ‘ਗਵਾਹੀ’ ਵਾਂਗ ਹੀ ਹੈ। ਭਾਰਤੀ ਰਾਸ਼ਟਰ ਭਗਤੀ ਤੇ ਫਿਰਕੂਪੁਣੇ ਨਾਲ ਭਰਿਆ, ਪੰਜਾਬੀ ਹਿੰਦੂ ਮੂਲ ਦਾ ਮਰਵਾਹਾ ਲਿਖਦਾ ਹੈ – ”ਹਰਜਿੰਦਰ ਸਿੰਘ ਜਿੰਦਾ, ਜਿਸ ਨੂੰ ਜਨਰਲ ਵੈਦਿਆ ਦੇ ਕਤਲ ਕੇਸ ਵਿੱਚ ਸਜ਼ਾ ਹੋਈ ਅਤੇ ਬਾਅਦ ਵਿੱਚ ਫਾਂਸੀ ‘ਤੇ ਲਟਕਾਇਆ ਗਿਆ ਕੋਈ ਸਧਾਰਨ ਮਨੁੱਖ ਨਹੀਂ ਸੀ। … ਇਹ ਸਿਰਫ ਇੱਕ ਬੇਤਰਸ ਹਤਿਆਰਾ ਨਹੀਂ ਸੀ। ਉਸ ਦੀ ਸ਼ਖਸੀਅਤ ਦਾ ਇੱਕ ਬੜਾ ਅਨੋਖਾ ਪੱਖ ਵੀ ਸੀ। ਉਹ ਜਦੋਂ ਸਖਤ ਜ਼ਖਮੀ ਸੀ ਅਤੇ ਜੀਵਨ-ਮੌਤ ਦੀ ਲੜਾਈ ਲੜ ਰਿਹਾ ਸੀ, ਉਦੋਂ ਵੀ ਉਹ ਬੜਾ ਮਖੌਲੀਆ ਅਤੇ ਦਿਲ ਨੂੰ ਲੁਭਾਉਣ ਵਾਲਾ ਅੰਦਾਜ਼ ਰੱਖਦਾ ਸੀ। ਜਦੋਂ ਮੈਂ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਪਹਿਲੀ ਵਾਰ ਮਿਲਿਆ ਤਾਂ ਮੈਂ ਮਹਿਸੂਸ ਕੀਤਾ ਕਿ ਉਹ ਕੋਈ ਮਨੋਰੋਗੀ ਨਹੀਂ ਸੀ ਬਲਕਿ ਉਸ ਦੀ ਮਾਨਸਿਕਤਾ ਵਿੱਚ ਐਸੇ ਅਸਾਧਾਰਣ ਤੱਤ ਸਨ, ਜਿਹੜੇ ਉਸ ਨੂੰ ਇੱਕ ਵੱਖਰੀ ਦਿੱਖ ਵਾਲਾ ਇਨਸਾਨ ਸਥਾਪਤ ਕਰਦੇ ਸਨ।’
‘ ਵੇਦ ਮਰਵਾਹਾ ਅੱਗੋਂ ਛੋਟਾ ਸਿਰਲੇਖ ਦਿੰਦੇ ਹਨ – ‘ਪਹਿਲੀ ਗ੍ਰਿਫਤਾਰੀ’ ਲਿਖਤ ਅਨੁਸਾਰ -”ਜਿੰਦਾ ਪਹਿਲੀ ਵਾਰ ਅਚਾਨਕ ਹੀ 1985 ਵਿੱਚ ਪੁਲੀਸ ਦੇ ਹੱਥ ਲੱਗ ਗਿਆ। ਉਦੋਂ ਦਿੱਲੀ ਵਿੱਚ ਲਗਾਤਾਰ ਬੈਂਕ ਲੁੱਟੇ ਜਾ ਰਹੇ ਸਨ ਪਰ ਪੁਲੀਸ ਨੂੰ ਕੋਈ ਸੂਹ ਨਹੀਂ ਸੀ ਮਿਲ ਰਹੀ। ਮੈਨੂੰ ਰੋਜ਼ਾਨਾ ਭਾਰਤ ਦੇ ਗ੍ਰਹਿ ਮੰਤਰੀ ਤੋਂ ਝਾੜਾਂ ਪੈ ਰਹੀਆਂ ਸਨ ਅਤੇ ਮੀਡੀਏ ਵਿੱਚ ਵੀ ਦਿੱਲੀ ਪੁਲੀਸ ਦੀ ਦੁਰਗਤ ਬਣ ਰਹੀ ਸੀ। ਉਦੋਂ ਤੱਕ ਸਾਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਇਨ੍ਹਾਂ ਬੈਂਕ ਡਕੈਤੀਆਂ ਨਾਲ ਪੰਜਾਬ ਦੇ ਦਹਿਸ਼ਤਗਰਦਾਂ ਦਾ ਵੀ ਕੋਈ ਸਬੰਧ ਹੋ ਸਕਦਾ ਹੈ। ਜਿੰਦੇ ਦੀ ਗ੍ਰਿਫਤਾਰੀ, ਇੱਕ ਛੋਟੇ ਦਰਜੇ ਦੀ ਜਾਣਕਾਰੀ ਦੇ ਅਧਾਰ ‘ਤੇ ਹੋਈ, ਜਿਸ ਦਾ ਸਬੰਧ ਕਿਸੇ ਕਾਰ ਦੀ ਚੋਰੀ ਨਾਲ ਸੀ। ਕ੍ਰਾਈਮ ਬਰਾਂਚ ਦੇ ਐਡੀਸ਼ਨਲ ਕਮਿਸ਼ਨਰ ਆਰ. ਕੇ. ਸ਼ਰਮਾ ਨੇ ਮੈਨੂੰ ਇੱਕ ਐਤਵਾਰ ਦੀ ਸਵੇਰ, ਫੋਨ ਕਰਕੇ ਜਿੰਦੇ ਦੀ ਗ੍ਰਿਫ਼ਤਾਰੀ ਦੀ ‘ਵੱਡੀ ਪ੍ਰਾਪਤੀ’ ਸਬੰਧੀ ਦੱਸਿਆ। ਉਦੋਂ ਪਹਿਲੀ ਵਾਰ ਦਿੱਲੀ ਪੁਲੀਸ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਅਚਾਨਕ ਇੱਕ ਮਾਅਰਕਾਖੇਜ਼ ਕੰਮ ਕੀਤਾ ਹੈ।” ਮਰਵਾਹੇ ਦੀ ਲਿਖਤ ਦਾ ਅਗਲਾ ਸਿਰਲੇਖ ਹੈ -‘ਪੁੱਛਗਿੱਛ (ਇੰਟੈਰੋਗੇਸ਼ਨ)’ ਮਰਵਾਹੇ ਅਨੁਸਾਰ -”ਮੈਂ ਆਪਣੇ ਘਰੋਂ ਫੌਰਨ ਕ੍ਰਾਈਮ ਬਰਾਂਚ ਇੰਟੈਰੋਗੇਸ਼ਨ ਸੈਂਟਰ ਪਹੁੰਚਿਆ ਅਤੇ ਇਸ ਸਧਾਰਨ ਜਿਹੀ ਦਿੱਖ ਵਾਲੇ ਵਿਅਕਤੀ ਦੀ ਇੱਕ ਘੰਟੇ ਤੋਂ ਜ਼ਿਆਦਾ ਸਮਾਂ ਪੁੱਛਗਿੱਛ (ਇਸ ਨੂੰ ਤਸ਼ੱਦਦ ਪੜ੍ਹਿਆ ਜਾਵੇ) ਕੀਤੀ। ਮੈਂ ਉਸ ਵਲੋਂ ਕਹਾਣੀ ਬਿਆਨ ਕਰਨ ਦੇ ਢੰਗ ਤੋਂ ਬੜਾ ਅਚੰਭਿਤ ਹੋਇਆ ਅਤੇ ਉਸ ਵਲੋਂ ਦੱਸੀਆਂ ਗਈਆਂ ਗੱਲਾਂ ਤੋਂ ਵੀ। ਉਸ ਦੀ ਖਲੜੀ ਵਿੱਚ ਡਰ ਨਾਂ ਦੀ ਕੋਈ ਚੀਜ਼ ਨਹੀਂ ਸੀ ਅਤੇ ਨਾ ਹੀ ਉਸ ਨੂੰ ਆਪਣੇ ਕੀਤੇ ਤੋਂ ਪਛਤਾਵਾ ਸੀ। ਉਹ ਤਾਂ ਬਾਲੀਵੁੱਡ ਦੀਆਂ ਫਿਲਮਾਂ ਦੇ ਅੰਦਾਜ਼ ਵਿੱਚ ਪੁਲੀਸ ਨੂੰ ਥਾਂ-ਥਾਂ ਝਕਾਨੀ ਦੇ ਕੇ ਨਿਕਲਣ ਦੇ ਕਾਰਨਾਮਿਆਂ ਨੂੰ ਬੜੇ ਚਸਕੇ ਲੈ ਕੇ ਸੁਣਾ ਰਿਹਾ ਸੀ। ਮੇਰੇ ਸਾਹਮਣੇ ਅੰਮ੍ਰਿਤਸਰ ਸ਼ਹਿਰ ਦਾ ਇੱਕ ਨੌਜਵਾਨ ਸਿੱਖ ਖੜ੍ਹਾ ਸੀ, ਜਿਸ ਨੇ ਸਮੁੱਚੀ ਦਿੱਲੀ ਪੁਲੀਸ ਨੂੰ ਵਖਤ ਪਾਇਆ ਹੋਇਆ ਸੀ, ਇਸ ਤੱਥ ਦੀ ਵੀ ਉਹ ਨੂੰ ਬੜੀ ਖੁਸ਼ੀ ਸੀ। ਉਸ ਨੇ ਆਪਣੇ ਖਾਲਿਸਤਾਨੀ ਸੰਘਰਸ਼ ਵਿਚਲੇ ਰੋਲ ਨੂੰ ਘਟਾ ਕੇ ਦੱਸਿਆ ਪਰ ਦਿੱਲੀ (ਜਿਸ ਨੂੰ ਉਹ ਰਾਜਧਾਨੀ ਕਹਿਣ ਦੀ ਜ਼ਿਦ ਕਰਦਾ ਸੀ) ਵਿਚਲੀਆਂ ਬੈਂਕ ਡਕੈਤੀਆਂ ਸਬੰਧੀ ਉਸ ਨੇ ਬੜੇ ਮਾਣ ਨਾਲ ਖੁੱਲ੍ਹ ਕੇ ਦੱਸਿਆ। ਉਸ ਦਾ ਦਿੱਲੀ ਨੂੰ ਵਾਰ ਵਾਰ ‘ਰਾਜਧਾਨੀ’ ਕਹਿਣ ਤੋਂ ਵੀ ਇਹ ਹੀ ਭਾਵ ਸੀ, ਉਹ ਦਿੱਲੀ ਪੁਲੀਸ ਦਾ ਪੂਰਾ ਮਜ਼ਾਕ ਉਡਾ ਰਿਹਾ ਸੀ। ਉਦੋਂ ਭਾਵੇਂ ਸਾਨੂੰ ਉਸ ਦੀਆਂ ਗਤੀਵਿਧੀਆਂ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਪਰ ਉਹ ਗੱਲ ਕਰਨ ਲੱਗਿਆ ‘ਉਹ’ (ਭਾਰਤ ਸਰਕਾਰ) ਤੇ ਅਸੀਂ (ਖਾਲਿਸਤਾਨੀ) ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਸੀ। ਮੈਨੂੰ ਉਦੋਂ ਮਹਿਸੂਸ ਹੋਇਆ ਕਿ ਉਹ ਮੇਰੇ ਨਾਲ, ਇੱਕ ‘ਪੁਲੀਸ ਮੁਖੀ’ ਦੇ ਤੌਰ ‘ਤੇ ਬਰਾਬਰ ਦੀ ਧਿਰ ਬਣ ਕੇ ਗੱਲ ਕਰ ਰਿਹਾ ਸੀ (ਨਾ ਕਿ ਮੁਜ਼ਰਮ ਦੇ ਤੌਰ ‘ਤੇ) …. ਉਸ ਨੂੰ ਫੇਰ ਅਸੀਂ ਗੁਜਰਾਤ ਪੁਲੀਸ ਦੇ ਹਵਾਲੇ ਕਰ ਦਿੱਤਾ, ਜਿੱਥੋਂ ਕਿ ਉਹ ਅਦਾਲਤ ਵਿੱਚ ਪੇਸ਼ੀ ਲਈ ਲਿਜਾਂਦੇ ਸਮੇਂ, ਪੁਲੀਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ। ਉਸ ਤੋਂ ਬਾਅਦ ਉਸ ਨੇ ਬੜੇ ਦਲੇਰਾਨਾ ਕੰਮ ਕੀਤੇ, ਜਿਨ੍ਹਾਂ ਵਿੱਚ ਲਲਿਤ ਮਾਕਨ ਐਮ. ਪੀ. ਤੇ ਅਰਜਨ ਦਾਸ ਆਦਿ ਸੰਜੇ ਗਾਂਧੀ ਦੇ ਨੇੜਲੇ ਸਾਥੀਆਂ ਦਾ ਮਾਰੇ ਜਾਣਾ ਵੀ ਸ਼ਾਮਲ ਸੀ। ਦਿੱਲੀ ਤੇ ਪੰਜਾਬ ਵਿੱਚ ਜਿੰਦੇ ਦੇ ਨਾਂ ਦੀ ਬੜੀ ਦਹਿਸ਼ਤ ਫੈਲ ਗਈ।
” ਵੇਦ ਮਰਵਾਹਾ ਫੇਰ, ਇੱਕ ਸਬ-ਹੈਡਿੰਗ ‘ਦੂਸਰੀ ਮੁਲਾਕਾਤ’ ਦਾ ਦਿੰਦਾ ਹੈ। ਉਸ ਅਨੁਸਾਰ – ‘ਅਗਸਤ, 1987 ਵਿੱਚ ਸਿਵਲ ਲਾਈਨਜ਼ ਏਰੀਏ ਵਿੱਚ ਹੋਏ, ਇੱਕ ਪੁਲੀਸ ਮੁਕਾਬਲੇ ਵਿੱਚ ਜਿੰਦਾ ਸਖਤ ਜ਼ਖਮੀ ਹਾਲਤ ਵਿੱਚ, ਦਿੱਲੀ ਪੁਲੀਸ ਨੇ ਦਬੋਚ ਲਿਆ। ….. ਮੈਂ ਆਪਣੇ ਵਾਇਰਲੈੱਸ ਸੈੱਟ ‘ਤੇ ਜਿੰਦੇ ਦੀ ਗ੍ਰਿਫਤਾਰੀ ਬਾਰੇ ਸੁਣਿਆ ਅਤੇ ਕੁਝ ਮਿੰਟਾਂ ਵਿੱਚ ਹੀ ਪੁਲੀਸ ਸਟੇਸ਼ਨ ਪਹੁੰਚ ਗਿਆ। ਜਿੰਦੇ ਨੂੰ ਇੱਕ ਸਟਰੈਚਰ ‘ਤੇ ਪਾ ਕੇ ਐਂਬੂਲੈਂਸ ਵੱਲ ਲਿਜਾਇਆ ਜਾ ਰਿਹਾ ਸੀ, ਜਦੋਂਕਿ ਉਸ ਨੇ ਮੈਨੂੰ ਵੇਖ ਲਿਆ। ਉਸ ਨੇ ਮੁਸਕਰਾ ਕੇ ਮੇਰਾ ਸਵਾਗਤ ਕੀਤਾ। ਉਹ ਬੜੀ ਗੰਭੀਰ ਜ਼ਖਮੀ ਹਾਲਤ ਵਿੱਚ ਸੀ ਪਰ ਫਿਰ ਵੀ ਉਸ ਨੇ ਮੈਨੂੰ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ -‘ਮੁਬਾਰਕ ਹੋ, ਅਬ ਆਪ ਕੋ ਬਹੁਤ ਬੜੀ ਤਰੱਕੀ ਮਿਲੇਗੀ, ਦਿੱਲੀ ਪੁਲੀਸ ਨੇ ਮੁਝੇ ਪਕੜ ਲੀਆ ਹੈ।’ ਮੇਰੇ ਸਾਹਮਣੇ ਉਹ ਬੰਦਾ ਸੀ, ਜਿਹੜਾ ਮੌਤ ਦੇ ਮੂੰਹ ਵਿੱਚ ਜਾ ਰਿਹਾ ਸੀ ਪਰ ਉਹ ਇਨ੍ਹਾਂ ਪਲਾਂ ਵਿੱਚ ਵੀ ਬੇਪ੍ਰਵਾਹ ਹੋ ਕੇ ਮਜ਼ਾਕ ਕਰ ਰਿਹਾ ਸੀ। ਮੈਂ ਦੇਖ ਰਿਹਾ ਸੀ ਕਿ ਉਸ ਨੂੰ ਆਪਣੇ ਕਾਜ਼ ਲਈ ਮਹਾਨ ਕੁਰਬਾਨੀ ਕਰਨ ਦੀ ਤਸੱਲੀ ਵੀ ਸੀ ਤੇ ਪੁਲੀਸ ਨੂੰ ਨੀਵਾਂ ਦਿਖਾਉਣ ਦਾ ਚਾਅ ਵੀ… ਉਸ ਦਾ ਫੌਜੀ ਹਸਪਤਾਲ ਵਿੱਚ ਇਲਾਜ ਚੱਲਿਆ ਤੇ ਉਹ ਇੱਕ ਅਪਰੇਸ਼ਨ ਤੋਂ ਬਾਅਦ, ਕਰਾਮਾਤੀ ਤੌਰ ‘ਤੇ ਠੀਕ ਹੋ ਗਿਆ। ਮੈਂ ਉਸ ਨੂੰ ਡੀ. ਜੀ. ਪੀ. ਕ੍ਰਾਈਮ ਦੇ ਨਾਲ ਹਸਪਤਾਲ ਵਿੱਚ ਦੇਖਣ ਗਿਆ। ਪਰ ਇਸ ਵਾਰ ਮੈਂ ਪੁੱਛਗਿੱਛ ਲਈ ਨਹੀਂ ਗਿਆ ਪਰ ਉਸ ਇਨਸਾਨ ਨੂੰ ਮਿਲਣ ਗਿਆ, ਜਿਸ ਨੇ ਮੇਰੇ ਮਨ ‘ਚ ਵੀ ਸਤਿਕਾਰ ਦੀ ਥਾਂ ਬਣਾ ਲਈ ਸੀ। ਮੈਂ ਇਹ ਇਕਬਾਲ ਕਰਨਾ ਚਾਹੁੰਦਾ ਹਾਂ ਕਿ ਉਦੋਂ ਮੇਰੀਆਂ ਜਿੰਦੇ ਪ੍ਰਤੀ ਭਾਵਨਾਵਾਂ ਇੱਕ ਪ੍ਰੋਫੈਸ਼ਨਲ ਪੁਲੀਸ ਅਫਸਰ ਵਾਲੀਆਂ ਨਹੀਂ ਸਨ ਬਲਕਿ ਪ੍ਰਸ਼ੰਸਾ ਤੇ ਨਿੱਘ ਵਾਲੀਆਂ ਸਨ…..’ ਖਾਲਿਸਤਾਨੀ ਸੰਘਰਸ਼ ਦੇ ਇਸ ਸਿਪਾਹ-ਸਿਲਾਰ ਨੂੰ, ‘ਦੁਸ਼ਮਣ’ ਵਲੋਂ ਦਿੱਤੀ ਗਈ, ਇਸ ਸ਼ਰਧਾਂਜਲੀ ‘ਚੋਂ ਭਵਿੱਖ ਦੀਆਂ ਪੀੜ੍ਹੀਆਂ ਨੂੰ ਖਾਲਿਸਤਾਨੀ ਸੰਘਰਸ਼ ਦੇ ਯੋਧਿਆਂ ਦੀ ਅਸਲੀ ਤਸਵੀਰ ਨਜ਼ਰ ਆਵੇਗੀ। 9 ਅਕਤੂਬਰ ਦਾ ਦਿਨ, ਕੇਸਰੀ ਕਾਫਲੇ ਦੇ ਸਿਪਾਹ-ਸਿਲਾਰਾਂ ਲਈ ਪ੍ਰਣ ਦਿਵਸ ਹੈ। 30 ਮਿਲੀਅਨ ਸਿੱਖ ਕੌਮ ਵਲੋਂ ਉਤਸ਼ਾਹ ਤੇ ਸਰੂਰ ਵਿੱਚ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਲੋੜ ਹੈ ਤਾਂ ਕਿ ਸ਼ਹੀਦਾਂ ਦੇ ਅਧੂਰੇ ਸੰਕਲਪ ਨੂੰ ਪੂਰਿਆਂ ਕੀਤਾ ਜਾ ਸਕੇ। ਭਾਈ ਜਿੰਦਾ-ਸੁੱਖਾ ਨੇ ਰਾਸ਼ਟਰਪਤੀ ਨੂੰ ਲਿਖੇ ਆਪਣੇ ਪੱਤਰ ਵਿੱਚ ਖਾਲਿਸਤਾਨੀ ਸੰਘਰਸ਼ ਦੀ ਠੀਕ ਤਰਜਮਾਨੀ ਕਰਦਿਆਂ ਬੜੇ ਫਖਰ ਨਾਲ ਲਿਖਿਆ ਸੀ ‘ਜਦੋਂ ਕੌਮਾਂ ਜਾਗਦੀਆਂ ਹਨ ਤਾਂ ਇਤਿਹਾਸ ਨੂੰ ਕੰਬਣੀ ਛਿੜ ਜਾਂਦੀ ਹੈ’ (When the Nations awake, History Shivers.)।
ਉਨ੍ਹਾਂ ਕਿਹਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹਮਲੇ ਨੇ ਸਮੁੱਚੀ ਕੌਮ ਨੂੰ ਉਸਦੇ ਫਰਜ਼ ਦੀ ਯਾਦ ਕਰਵਾਈ ਹੈ ਤੇ ਹੁਣ ਕੌਮ ਨੇ ਤੁਹਾਡੀ ਗੁਲਾਮੀ ਦਾ ਜੂਲ਼ਾ ਪਰ੍ਹਾਂ ਵਗਾਹ ਕੇ ਖਾਲਿਸਤਾਨ ਦੀ ਮੰਜ਼ਿਲ ਵੱਲ ਚੜ੍ਹਾਈ ਕੀਤੀ ਹੋਈ ਹੈ। ਖਾਲਸਾ ਜੀ! ਆਪਣੇ ਕੌਮੀ ਫਰਜ਼ ਦੀ ਪਛਾਣ ਕਰੀਏ। ਇਨ੍ਹਾਂ ਦੋ ਮਰਜੀਵੜਿਆਂ ਨੂੰ ਸੱਚੀ ਸ਼ਰਧਾਂਜਲੀ ਖਾਲਿਸਤਾਨ ਦੀ ਮੰਜ਼ਿਲ ਵੱਲ ਕਦਮ ਵਧਾ ਕੇ ਦੇਈਏ! ਗੁੱਸੇ-ਗਿਲੇ, ਤੋਹਮਤਾਂ, ਦਿਲਗੀਰੀਆਂ ਨੂੰ ਪਰ੍ਹੇ ਵਗਾਹ ਮਾਰੀਏ। ਖਾਲਸਾਈ ਭਾਵਨਾ ਦਾ ਪ੍ਰਗਟਾਵਾ ਕਰਦਿਆਂ ਗੁਰਸਿੱਖ ਪਛਾਣ ਨੂੰ ਗੁਰੂ ਰੂਪ ਜਾਣ ਕੇ ਸੱਚੇ-ਸੁੱਚੇ ਪਿਆਰ ਦਾ ਪ੍ਰਗਟਾਵਾ ਸਾਡੀ ਨਿੱਜੀ ਅਤੇ ਕੌਮੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣੇ। ਸਾਡੀ ਸਾਂਝੀ ਤਾਕਤ ਦੇ ਸਾਹਮਣੇ ਦੁਸ਼ਮਣ ਜ਼ਿਆਦਾ ਦੇਰ ਟਿਕ ਨਹੀਂ ਸਕੇਗਾ ਤੇ ਸਤਿਗੁਰੂ ਖਾਲਸੇ ਦਾ ਘਰ ‘ਖਾਲਿਸਤਾਨ’ ਜ਼ਰੂਰ ਬਖਸ਼ਣਗੇ। ਭਾਈ ਜਿੰਦਾ-ਸੁੱਖਾ ਦੀ ਸ਼ਹਾਦਤ ਦਾ ਰੁਤਬਾ ਅੱਵਲ ਹੈ-
‘ਜਿਸ ਸ਼ਾਨ ਸੇ ਕੋਈ ਮੁਕਤਲ ਮੇਂ ਗਿਆ,
ਵੋਹ ਸ਼ਾਨ ਸਲਾਮਤ ਰਹਤੀ ਹੈ।
ਇਸ ਜਾਨ ਕੀ ਤੋ ਕੋਈ ਬਾਤ ਨਹੀਂ,
ਯੇ ਜਾਨ ਤੋ ਆਨੀ-ਜਾਨੀ ਹੈ।’
ਖਾਲਿਸਤਾਨ ਜਿੰਦਾਬਾਦ!
- ਉਕਤ ਲਿਖਤ ਅਮਰੀਕਾ-ਕਨੇਡਾ ਤੋਂ ਛਪਦੇ ਹਫਤਾਵਾਰੀ ਅਖਬਾਰ ਚੜ੍ਹਦੀਕਲਾ ਦੇ ਅਕਤੂਬਰ 5, 2019 ਵਾਲੇ ਅੰਕ ਵਿਚ ਸੰਪਾਦਕੀ ਦੇ ਤੌਰ ਉੱਤੇ ਛਪੀ ਸੀ। ਇਹ ਲਿਖਤ ਇੱਥੇ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਮੁੜ ਸਾਂਝੀ ਕੀਤੀ ਗਈ ਹੈ। ਲਿਖਤ ਸਾਂਝੀ ਕਰਨ ਲਈ ਅਦਾਰਾ ਚੜ੍ਹਦੀਕਲਾ ਦਾ ਧੰਨਵਾਦ।