Site icon Sikh Siyasat News

ਅਮਰੀਕਾ ਵਿੱਚ ਮੈਚ ਵੇਖਣ ਲਈ ਗਏ ਸਿੱਖਾਂ ਨੌਜਵਾਨਾਂ ਨੂੰ ਸੁਰੱਖਿਆ ਸਟਾਫ ਨੇ ਕੀਤਾ ਪ੍ਰੇਸ਼ਾਨ

ਸਾਨ ਫਰਾਂਸਿਸਕੋ (14 ਦਸੰਬਰ, 2015): ਅਮਰੀਕਾ ਵਿੱਚ ਜਿੱਥੇ ਇੱਕ ਪਾਸੇ ਇੱਕ ਸਿੱਖ ਕੈਪਟਨ ਨੂੰ ਅਮਰੀਕੀ ਫੌਜ ਵਿੱਚ ਡਿਊਟੀ ਦੌਰਾਨ ਦਸਤਾਰ ਸਜ਼ਾਉਣ ਦੀ ਇਜ਼ਾਜਤ ਦਿੱਤੀ ਗਈ ਹੈ, ਉੱਥੇ ਦੂਸਰੇ ਪਾਸੇ ਫੁੱਟਬਾਲ ਦਾ ਮੈਚ ਵੇਖਣ ਆਏ ਸਿੱਖ ਨੌਜਵਾਨਾਂ ਨੂੰ ਦਸਤਾਰ ਸਾਜ਼ਾਈ ਹੋਣ ਕਰਕੇ ਸੁਰੱਖਿਆ ਸਟਾਫ ਵੱਲੋਂ ਪ੍ਰੇਸ਼ਾਨ ਕਰਨ ਦਾ ਸਮਾਚਾਰ ਮਿਲਿਆ ਹੈ।

ਦਸਤਾਰ

ਅਮਰੀਕਾ ਵਿਚ ਸਿੱਖ ਨੌਜਵਾਨਾਂ ਦੇ ਇਕ ਗਰੁੱਪ ਨੂੰ ਸੁਰੱਖਿਆ ਸਟਾਫ ਨੇ ਉਨ੍ਹਾਂ ਵੱਲੋਂ ਦਸਤਾਰਾਂ ਸਜਾਈਆਂ ਹੋਣ ਕਾਰਨ ਪ੍ਰੇਸ਼ਾਨ ਕੀਤਾ ਅਤੇ ਅਮਰੀਕਨ ਫੁੱਟਬਾਲ ਖੇਡ ਦੇਖਣ ਲਈ ਕੈਲੀਫੋਰਨੀਆ ਵਿਚ ਸੇਨ ਡੇਇਗੋ ਸ਼ਹਿਰ ਦੇ ਸਟੇਡੀਅਮ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ।

10 ਨਿਊਜ਼ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਵਰਿੰਦਰ ਮੱਲ੍ਹੀ ਨਾਂਅ ਦਾ ਸਿੱਖ ਨੌਜਵਾਨ ਅਤੇ ਉਸ ਦੇ ਦੋਸਤ ਜਿਹੜੇ 6 ਦਸੰਬਰ ਨੂੰ ਫਰੇਜ਼ਨੋ ਤੋਂ 7 ਘੰਟੇ ਦਾ ਸਫਰ ਤਹਿ ਕਰਕੇ ਬਰੋਂਕੋਸ-ਚਾਰਜ਼ਰਸ ਖੇਡ ਦੇਖਣ ਗਏ ਸਨ, ਨੂੰ ਦੱਸਿਆ ਗਿਆ ਕਿ ਉਨ੍ਹਾਂ ਨੂੰ ਦਸਤਾਰਾਂ ਲਾਹੁਣ ਪਿੱਛੋਂ ਹੀ ਸਟੇਡੀਅਮ ਵਿਚ ਦਾਖਲ ਹੋਣ ਦਿੱਤਾ ਜਾਵੇਗਾ।

ਮੱਲ੍ਹੀ ਨੇ ਦੱਸਿਆ ਕਿ ਉਸ ਦੇ ਤਿੰਨ ਦੋਸਤਾਂ ਨੇ ਦਸਤਾਰਾਂ ਸਜਾਈਆਂ ਹੋਈਆਂ ਸਨ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਜੇਕਰ ਉਹ ਦਸਤਾਰ ਉਤਾਰਨਗੇ ਤਾਂ ਹੀ ਸਟੇਡੀਅਮ ਵਿਚ ਦਾਖਲ ਹੋ ਸਕਣਗੇ। ਆਖਰਕਾਰ ਸੁਰੱਖਿਆ ਗਾਰਡਾਂ ਨੇ ਉਨ੍ਹਾਂ ਨੂੰ ਕੁਆਲਕੋਮ ਸਟੇਡੀਅਮ ਵਿਚ ਦਸਤਾਰਾਂ ਸਮੇਤ ਦਾਖਲ ਹੋਣ ਦੀ ਇਜਾਜ਼ਤ ਦੇ ਦਿੱਤੀ ਪਰ ਮੱਲ੍ਹੀ ਨੇ ਦਾਅਵਾ ਕੀਤਾ ਕਿ ਇਕ ਸੁਰੱਖਿਆ ਨਿਗਰਾਨ ਨੇ ਉਸ ਨੂੰ ਦੱਸਿਆ ਕਿ ਜੇਕਰ ਉਹ ਫਿਰ ਕਦੇ ਆਏ ਤਾਂ ਉਹ ਦਸਤਾਰਾਂ ਨਹੀਂ ਸਜਾ ਸਕਣਗੇ।

ਉਨ੍ਹਾਂ ਕਿਹਾ ਕਿ ਇਹ ਬਹੁਤ ਮਾੜੀ ਗੱਲ ਹੈ, ਇਹ ਉਸ ਲਈ ਪ੍ਰੇਸ਼ਾਨੀ ਵਾਲੀ ਗੱਲ ਸੀ ਕਿਉਂਕਿ ਅਸੀਂ ਵੀ ਤਾਂ ਅਮਰੀਕਾ ਦੇ ਵਾਸੀ ਹਾਂ। ਉਨ੍ਹਾਂ ਨੂੰ ਜਲੀਲ ਕਰਨ ਦਾ ਕੰਮ ਇਥੇ ਹੀ ਖਤਮ ਨਹੀਂ ਹੋਇਆ ਅਤੇ ਉਨ੍ਹਾਂ ਦੀ ਕਾਰ ਦੀ ਬੰਬ ਦਾ ਪਤਾ ਲਾਉਣ ਵਾਲੇ ਖੋਜੀ ਕੁੱਤੇ ਨਾਲ ਤਲਾਸ਼ੀ ਲਈ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version