ਨਵੀਂ ਦਿੱਲੀ: ਬਿਆਸ ਦਰਿਆ ਵਿਚ ਸੀਰਾ ਮਿਲਣ ਨਾਲ ਹੋਏ ਪ੍ਰਦੂਸ਼ਣ ਕਾਰਨ ਵੱਡੀ ਗਿਣਤੀ ਵਿਚ ਮੱਛੀਆਂ ਮਰਨ ਤੋਂ ਬਾਅਦ ਵੱਡੇ ਪੱਧਰ ‘ਤੇ ਉੱਠੇ ਪੰਜਾਬ ਦੀਆਂ ਦਰਿਆਵਾਂ ਵਿਚ ਹੋ ਰਹੇ ਪ੍ਰਦੂਸ਼ਣ ਦੇ ਮਸਲੇ ਸਬੰਧੀ ਅੱਜ ਸੁਣਵਾਈ ਕਰਦਿਆਂ ਭਾਰਤੀ ਦੇ ਕੌਮੀ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਬਿਆਸ, ਸਤਲੁੱਜ ਦਰਿਆਵਾਂ ਅਤੇ ਬੁੱਢਾ ਨਾਲਾ ਦੇ ਪਾਣੀ ਦੀ ਜਾਂਚ ਕਰਾਉਣ ਦੇ ਹੁਕਮ ਜਾਰੀ ਕੀਤੇ ਹਨ ਤੇ ਇਸ ਜਾਂਚ ਦੀ ਰਿਪੋਰਟ 6 ਹਫਤਿਆਂ ਵਿਚ ਸੌਂਪਣ ਲਈ ਕਿਹਾ ਹੈ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸੁਖਪਾਲ ਸਿੰਘ ਖਹਿਰਾ ਵੱਲੋਂ ਗੁਰਦਾਸਪੁਰ ਜ਼ਿਲੇ ਦੇ ਪਿੰਡ ਕੀੜੀ ਅਫ਼ਗਾਨਾ ਵਿੱਚ ਚੱਢਾ ਸ਼ੂਗਰਜ਼ ਐਂਡ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਵੱਲੋਂ ਬਿਆਸ ਦਰਿਆ ਵਿੱਚ ਭਾਰੀ ਮਾਤਰਾ ਵਿੱਚ ਸੀਰਾ ਪਾਉਣ ਬਾਰੇ ਸ਼ਿਕਾਇਤ ਕੀਤੀ ਗਈ ਸੀ।
ਐਨਜੀਟੀ ਨੇ ਅੱਜ ਸੁਣਵਾਈ ਦੌਰਾਨ ਪਾਣੀ ਦੀ ਜਾਂਚ ਕਰਾਉਣ ਦੇ ਹੁਕਮ ਸੁਣਾਉਂਦਿਆਂ ਪਾਣੀ ਦੇ ਸੈਂਪਲ ਜਮ੍ਹਾ ਕਰਨ ਅਤੇ ਜਾਂਚ ਕਰਨ ਲਈ ਜੋਇੰਟ ਕਮੇਟੀ ਬਣਾਉਣ ਲਈ ਹੁਕਮ ਜਾਰੀ ਕੀਤੇ ਹਨ।
ਅੱਜ ਦੀ ਸੁਣਵਾਈ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਕੀਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਗੂਆਂ ਵਲੋਂ ਰਾਜਨੀਤਕ ਕਾਰਨਾਂ ਕਰਕੇ ਇਹ ਮਸਲਾ ਚੁੱਕਿਆ ਜਾ ਰਿਹਾ ਹੈ, ਇਸ ਲਈ ਇਸ ਸ਼ਿਕਾਇਤ ਨੂੰ ਖਾਰਜ ਕੀਤਾ ਜਾਵੇ। ਪਰ ਐਨਜੀਟੀ ਅਦਾਲਤ ਨੇ ਇਸ ਦਲੀਲ ਨੂੰ ਰੱਦ ਕਰ ਦਿੱਤਾ।
ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 17 ਜੁਲਾਈ ਨਿਯਤ ਕੀਤੀ ਗਈ ਹੈ।