Site icon Sikh Siyasat News

26 ਮਈ ਨੂੰ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ: ਭਾਈ ਰਣਜੀਤ ਸਿੰਘ ਢੱਡਰੀਆਂਵਲੇ

ਭਾਈ ਢੱਡਰੀਆਂਵਾਲਿਆਂ ਟੀ.ਵੀ. ਇੰਟਰਵਿਊ ਦੌਰਾਨ (ਫਾਈਲ ਫੋਟੋ)

ਲੁਧਿਆਣਾ: ਸਥਾਨਕ ਬਾੜੇਵਾਲ ਸੜਕ ’ਤੇ ਸੁਖਮਨੀ ਇਨਕਲੇਵ ਨੇੜੇ ਮੰਗਲਵਾਰ ਦੀ ਰਾਤ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ’ਤੇ ਹੋਏ ਕਾਤਲਾਨਾ ਹਮਲੇ ਦੇ ਮਾਮਲੇ ਵਿਚ 10 ਹੋਰ ਹਮਲਾਵਰਾਂ ਦੀ ਪੁਲਿਸ ਵਲੋਂ ਸ਼ਨਾਖਤ ਕੀਤੀ ਗਈ ਹੈ।

ਹਮਲੇ ਵਿਚ ਨੁਕਸਾਨੀ ਗੱਡੀ ਦੀ ਜਾਂਚ ਕਰਦੇ ਪੁਲਿਸ ਅਫਸਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਹੁਣ ਤਕ 8 ਵਿਅਕਤੀਆਂ ਨੂੰ ਇਸ ਮਾਮਲੇ ਵਿਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਗ੍ਰਿਫਤਾਰ ਕੀਤੇ ਹਮਲਾਵਰਾਂ ਦੀ ਪੁਛ ਪੜਤਾਲ ਦੇ ਆਧਾਰ ’ਤੇ ਹੀ 10 ਹੋਰ ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਹੈ ਜਿਨ੍ਹਾਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਥਾਵਾਂ ’ਤੇ ਪੁਲਿਸ ਪਾਰਟੀਆਂ ਭੇਜੀਆਂ ਗਈਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਵਿਅਕਤੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਹਮਲਾਵਰਾਂ ਵਲੋਂ ਦਿੱਤੀ ਗਈ ਜਾਣਕਾਰੀ ਅਤੇ ਤੱਥਾਂ ਦੇ ਆਧਾਰ ’ਤੇ ਜਾਂਚ ਦਾ ਘੇਰਾ ਵਧਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਸ਼ਾਮਿਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਸ ਸਬੰਧੀ ਹੋਰ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।

ਇਸ ਦੌਰਾਨ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੇ ਪੁਲਿਸ ਦੀ ਜਾਂਚ ਤੋਂ ਅਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਤੋਂ ਇਲਾਵਾ ਦੇਸ਼ ਵਿਦੇਸ਼ ਵਿਚ ਬੈਠੇ ਲੋਕ ਜਾਣਦੇ ਹਨ ਕਿ ਇਸ ਹਮਲਾ ਦੇ ਸਾਜਿਸ਼ਕਰਤਾ ਕੌਣ ਹੈ ਪਰ ਪੁਲਿਸ ਉਸ ਖਿਲਾਫ ਕਾਰਵਾਈ ਕਰਨ ਤੋਂ ਗੁਰੇਜ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਹਮਲੇ ਵਿਚ ਸ਼ਹੀਦ ਹੋਏ ਭਾਈ ਭੁਪਿੰਦਰ ਸਿੰਘ ਖਾਸੀ ਕਲਾਂ ਦੀ ਅੰਤਮ ਅਰਦਾਸ ਮੌਕੇ 26 ਮਈ ਨੂੰ ਇਸ ਸਬੰਧੀ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version