ਸ਼੍ਰੀ ਅੰਮ੍ਰਿਤਸਰ, ਪੰਜਾਬ (27 ਫਰਵਰੀ, 2012): ਪਿਛਲੇ ਲੰਮੇ ਸਮੇਂ ਤੋਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚ ਨਜ਼ਰਬੰਦ ਸਿੱਖ ਆਗੂ ਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਦੀ ਰਿਹਾਈ ਅੱਜ ਪ੍ਰਸ਼ਾਸਕੀ ਦਬਾਅ ਕਾਰਨ ਨਾ ਹੋ ਸਕੀ। ਅੱਜ ਸਵੇਰ ਤੋਂ ਹੀ ਪੰਥਕ ਆਗੂ ਤੇ ਸਖਸ਼ੀਅਤਾਂ ਸ਼੍ਰੀ ਅੰਮ੍ਰਿਤਸਰ ਵਿਖੇ ਪਹੁੰਚਣ ਲੱਗ ਪਏ ਸਨ ਤੇ ਆਸ ਕੀਤੀ ਜਾ ਰਹੀ ਸੀ ਕਿ ਅੱਜ ਭਾਈ ਦਲਜੀਤ ਸਿੰਘ ਨੂੰ ਰਿਹਾਅ ਕਰ ਦਿੱਤਾ ਜਾਵੇਗਾ; ਪਰ ਬਾਅਦ ਦੁਪਹਰ ਮਿਲੀਆਂ ਖਬਰਾਂ ਅਨੁਸਾਰ ਅੱਜ ਭਾਈ ਸਾਹਿਬ ਦੀ ਰਿਹਾਈ ਨਹੀਂ ਹੋ ਸਕੀ ਜਿਸ ਪਿੱਛੇ ਪ੍ਰਸ਼ਾਸਕੀ ਦਬਾਅ ਨੂੰ ਕਾਰਨ ਦੱਸਿਆ ਜਾ ਰਿਹਾ ਹੈ।
ਭਾਈ ਦਲਜੀਤ ਸਿੰਘ ਨੂੰ ਖਾੜਕੂ ਸਿੱਖ ਸੰਘਰਸ਼ ਦੇ ਸਮੇਂ ਤੋਂ ਹੀ ਸਿੱਖ ਸੰਘਰਸ਼ ਦਾ ਸਿਧਾਂਤਕ ਆਗੂ ਮੰਨਿਆ ਜਾਂਦਾ ਰਿਹਾ ਹੈ ਤੇ ਭਾਈ ਸਾਹਿਬ ਨੂੰ ਭਾਰਤ ਸਰਕਾਰ ਵੱਲੋਂ ਕੁੱਲ 12 ਸਾਲ ਤੋਂ ਵਧੀਕ ਸਮੇਂ ਲਈ ਨਜ਼ਰਬੰਦ ਰੱਖਿਆ ਗਿਆ ਹੈ। ਸਾਲ 1996 ਵਿਚ ਭਾਈ ਸਾਹਿਬ ਦੀ ਪਹਿਲੀ ਵਾਰ ਗ੍ਰਿਫਤਾਰੀ ਹੋਈ ਸੀ ਤੇ ਸਾਲ 2005 ਵਿਚ ਤਕਰੀਬਨ ਦਹਾਕੇ ਦੀ ਨਜ਼ਰਬੰਦੀ ਤੋਂ ਬਾਅਦ ਕੁਝ ਸਮੇਂ ਲਈ ਉਨ੍ਹਾਂ ਦੀ ਰਿਹਾਈ ਹੋਈ।
ਸਾਲ 2006 ਤੋਂ ਸਾਲ 2009 ਤੱਕ ਭਾਈ ਦਲਜੀਤ ਸਿੰਘ ਨੂੰ ਸਿਆਸੀ ਸਫਾਂ ਵਿਚ ਅਤੇ ਲੋਕ ਪਿੜ ਵਿਚ ਵਿਚਰਨ ਦਾ ਮੌਕਾ ਮਿਲਿਆ ਜਿਸ ਦੌਰਾਨ ਉਨ੍ਹਾਂ ਨੂੰ ਵਾਰ-ਵਾਰ ਗ੍ਰਿਫਤਾਰ ਕਰ ਲਿਆ ਜਾਂਦਾ ਰਿਹਾ। ਪਰ ਇਸ ਦੇ ਬਾਵਜੂਦ ਇਸ ਸਮੇਂ ਦੌਰਾਨ ਭਾਈ ਸਾਹਿਬ ਨੇ ਨਾ ਸਿਰਫ ਪੰਥ ਦੀ ਸੰਘਰਸ਼ਸ਼ੀਲ ਵਿਚਾਰਧਾਰਾ ਦੀ ਨੁਮਾਇੰਗੀ ਕੀਤੀ ਬਲਕਿ ਸਿੱਖ ਸੰਘਰਸ਼ ਦੀ ਜਾਗ ਨੌਜਵਾਨ ਪੀੜੀ ਤੀਕ ਵੀ ਪਹੁੰਚਦੀ ਕੀਤੀ। ਇਸ ਸਿਆਸੀ ਤੇ ਵਿਚਾਰਧਾਰਕ ਲਹਿਰ ਨੂੰ ਖਤਰੇ ਵੱਜੋਂ ਲੈਂਦਿਆਂ ਭਾਰਤ ਤੇ ਪੰਜਾਬ ਸਰਕਾਰ ਦੀ ਮਿਲੀ ਭੁਗਤ ਨਾਲ ਭਾਈ ਸਾਹਿਬ ਨੂੰ ਸਾਲ 2009 ਵਿਚ ਮੁੜ ਗ੍ਰਿਫਤਾਰ ਕਰ ਲਿਆ ਗਿਆ। ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਭਾਈ ਦਲਜੀਤ ਸਿੰਘ ਖਿਲਾਫ ਦਰਜ਼ ਕੀਤੇ ਗਏ 28 ਕੇਸਾਂ ਵਿਚੋਂ 25 ਮੁਕਦਮੇਂ ਬਰੀ ਹੋਏ ਹਨ ਤੇ 3 ਕੇਸ ਅਜੇ ਵੀ ਅਦਾਲਤਾਂ ਦੇ ਵਿਚਾਰ ਅਧੀਨ ਹਨ ਜਿਨ੍ਹਾਂ ਬਾਰੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ।
ਹੁਣ ਭਾਈ ਦਲਜੀਤ ਸਿੰਘ ਖਿਲਾਫ ਪੰਜਾਬ ਦੀ ਬਾਦਲ ਸਰਕਾਰ ਤੇ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਸਿਆਸੀ ਕਾਰਨਾਂ ਕਰਕੇ ਦਰਜ਼ ਕੀਤੇ ਗਏ ਮੁਕਦਮਿਆਂ ਦੇ ਕਿੰਗਰੇ ਅਦਾਲਤਾਂ ਵਿਚ ਖਿਲਰ ਚੁੱਕੇ ਹਨ ਇਸ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਲੰਮੀ ਕਾਨੂੰਨੀ ਜਦੋ-ਜੋਹਿਦ ਤੋਂ ਬਾਅਦ ਉਨ੍ਹਾਂ ਦੀ ਰਿਹਾਈ ਦੀ ਲਈ ਰਾਹ ਪੱਧਰਾ ਹੋਇਆ ਹੈ।
ਪੰਚ ਪ੍ਰਧਾਨੀ ਦੇ ਨੌਜਵਾਨ ਆਗੂ ਭਾਈ ਮਨਧੀਰ ਸਿੰਘ ਅਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ “ਸਿੱਖ ਸਿਆਸਤ” ਨੂੰ ਦੱਸਿਆ ਕਿ ਪ੍ਰਸ਼ਾਸਕੀ ਟੇਢ ਨੂੰ ਵਰਤ ਕੇ ਅੱਜ ਭਾਈ ਦਲਜੀਤ ਸਿੰਘ ਦੀ ਰਿਹਾਈ ਟਾਲਣ ਵਿਚ ਸਰਕਾਰ ਕਾਮਯਾਬ ਰਹੀ ਹੈ ਪਰ ਕੱਲ ਉਨ੍ਹਾਂ ਦੀ ਰਿਹਾਈ ਹੋ ਜਾਣ ਦੇ ਕਾਫੀ ਅਸਾਰ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਅੰਮ੍ਰਿਤਸਰ ਵਿਖੇ ਪਹੁੰਚ ਚੁੱਕੇ ਸਿੱਖ ਆਗੂ ਰਾਤ ਨੂੰ ਇਥੇ ਹੀ ਪੜਾਅ ਕਰ ਰਹੇ ਹਨ ਤੇ ਉਨ੍ਹਾਂ ਵੱਲੋਂ ਸਾਰੀ ਹਾਲਾਤ ਉੱਤੇ ਨਜ਼ਰ ਰੱਖੀ ਜਾ ਰਹੀ ਹੈ।