ਅੰਮ੍ਰਿਤਸਰ(13 ਜੁਲਾਈ, 2015): ਪਿਛਲੇ ਦਿਨੀ ਵੀਹਵੀਂ ਸਦੀ ਦੀ ਸਿੱਖ ਰਾਜਨੀਤੀ ਪੁਸਤਕ ਲੜੀ ਦੀ ਚੌਥੀ ਕਿਤਾਬ “ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ” ‘ਤੇ ਜਥਾ ਨੀਲੀਆਂ ਫ਼ੌਜਾਂ ਵੱਲੋਂ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿਚ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਬਾਰੇ ਗੰਭੀਰ ਵਿਚਾਰਾਂ ਕੀਤੀਆਂ। ਸਿੰਘ ਬ੍ਰਦਰਜ਼ ਵਲੋਂ ਪ੍ਰਕਾਸ਼ਤ ਕੀਤੀ ਗਈ ਇਹ ਪੁਸਤਕ ਸ: ਅਜਮੇਰ ਸਿੰਘ ਵਲੋਂ ਸਿੱਖ ਸੰਘਰਸ਼ ਬਾਰੇ ਲਿਖੀ ਜਾ ਰਹੀ ਪੁਸਤਕ ਲੜੀ “ਵੀਹਵੀਂ ਸਦੀ ਦੀ ਸਿੱਖ ਰਾਜਨੀਤੀ” ਦੀ ਚੌਥੀ ਕਿਤਾਬ ਹੈ।
ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ਼ ਬਹਾਦਰ ਨਗਰ ਦੇ ਖ਼ਚਾਖਚ ਭਰੇ ਹਾਲ ਅੰਦਰ ਬੋਲਦਿਆਂ ਸ: ਅਜਮੇਰ ਸਿੰਘ ਨੇ ਆਖਿਆ ਕਿ 19ਵੀਂ ਸਦੀ ਤੋਂ ਪਹਿਲਾਂ ਸਿੱਖ ਕਿਰਦਾਰ ਬੁਲੰਦ ਸੀ, ਜੋ ਬਾਅਦ ਵਿਚ ਬਿਖ਼ਰ ਗਿਆ, ਜਿਸ ਕਰਕੇ ਅੱਜ ਸਿੱਖ ਸਮਾਜ ਬੇਸ਼ੁਮਾਰ ਮੁਸ਼ਕਿਲਾਂ ਵਿਚ ਘਿਰ ਗਿਆ ਹੈ ।
ਉਨ੍ਹਾਂ ਆਪਣੀ ਕਿਤਾਬ ਦੇ ਵਿਸ਼ਾ-ਵਸਤੂ ਬਾਰੇ ਦੱਸਦਿਆਂ ਸਿੱਖ ਕੌਮ ਨੂੰ ਸਿਧਾਂਤ ਤੋਂ ਕੁਰਾਹੇ ਪਾਉਣ ਦੇ ਯਤਨਾਂ ਬਾਰੇ ਦੱਸਿਆ। ਇਸ ਮੌਕੇ ਦਲ ਖ਼ਾਲਸਾ ਆਗੂ ਸਰਬਜੀਤ ਸਿੰਘ ਘੁਮਾਣ ਨੇ ਆਖਿਆ ਕਿ ਸਿੱਖ ਆਪਣੇ ਇਤਿਹਾਸ ਦੇ ਸਭ ਤੋਂ ਭਿਆਨਕ ਸੰਕਟ ਵਿਚੋਂ ਗੁਜ਼ਰ ਰਹੇ ਹਨ ਕਿਉਂਕਿ ਹੁਣ ਸਿੱਖ ਹੋਂਦ ਹਸਤੀ ਦਾਅ ‘ਤੇ ਲੱਗੀ ਹੋਈ ਹੈ ।
ਸਿੱਖ ਯੂਥ ਆਫ਼ ਪੰਜਾਬ ਦੇ ਮੁੱਖ ਸਲਾਹਕਾਰ ਸ: ਪ੍ਰਭਜੋਤ ਸਿੰਘ ਨਵਾਂਸ਼ਹਿਰ ਨੇ ਸਿੱਖ ਨੌਜਵਾਨਾਂ ਨੂੰ ਸਾਹਮਣੇ ਆ ਕੇ ਜ਼ਿੰਮੇਵਾਰੀ ਸੰਭਾਲਣ ਦਾ ਸੱਦਾ ਦਿੱਤਾ। ਇਸ ਮੌਕੇ ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਅਤੇ ਸ਼ੋ੍ਰਮਣੀ ਅਕਾਲੀ ਦਲ ਪੰਚ-ਪ੍ਰਧਾਨੀ ਦੇ ਆਗੂ ਮਨਧੀਰ ਸਿੰਘ ਨੇ ਵੀ ਵਿਚਾਰ ਸਾਂਝੇ ਕੀਤੇ ।
ਇਸ ਮੌਕੇ ਜਥਾ ਨੀਲੀਆਂ ਫ਼ੌਜਾਂ ਤੋਂ ਹਰਜਿੰਦਰ ਸਿੰਘ ਨੇ ਬੋਲਦਿਆਂ ਹੋਇਆ ਕਿਹਾ ਕਿ ਜਥਾ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਨ ਲਈ ਯਤਨਸ਼ੀਲ ਰਹੇਗਾ ਅਤੇ ਪਿੰਡਾਂ-ਸ਼ਹਿਰਾਂ ਵਿਚ ਵੀ ਅਜਿਹੇ ਉਪਰਾਲੇ ਕਰੇਗਾ, ਜਿਸ ਨਾਲ ਸਮਾਜ ਵਿਚ ਆਈਆਂ ਬੁਰਾਈਆਂ ਦੂਰ ਕੀਤੀਆਂ ਜਾ ਸਕਣ । ਇਸ ਮੌਕੇ ਅਰਵਿੰਦਰ ਸਿੰਘ, ਸਰਬਕਾਲ ਸਿੰਘ, ਹਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਅਰੁਣ ਸਿੰਘ, ਚੰਨਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ।