Site icon Sikh Siyasat News

ਨਵੀਂ ਐਮਰਜੈਂਸੀ – ਕਰੜੇ ਹੋ ਕੇ ਨਜਿੱਠਣ ਦਾ ਵੇਲਾ

https://heritageproductions.in/ssnextra/podcast/Navi_Emergency.mp3?_=1

 

ਜੋ ਇਹ ਸੰਤ ਜਰਨੈਲ ਸਿੰਘ ਜੀ ਬਾਰੇ ਫਿਮਲ “ਐਮਰਜੈਂਸੀ” ਦਾ ਰੇੜਕਾ ਹੈ ਇਹਦੀ ਜੜ ਓਥੇ ਹੀ ਪਈ ਹੈ ਜਿਥੇ ਸਿੱਖ ਗੁਰੂ ਸਾਹਿਬਾਨ, ਸਾਹਿਬਜਾਦੇ, ਸ਼ਹੀਦਾਂ ਤੇ ਹੋਰ ਇਤਿਹਾਸਕ ਰੂਹਾਂ ਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਨਾਂ ਹੇਠ ਇਸ ਫ਼ਿਲਮੀ ਮੰਡੀ ਨੂੰ ਖੋਲ੍ਹਣ ਲਈ ਬੀਤੇ ਕੁਝ ਸਮੇਂ ਵਿਚ ਫ਼ਿਲਮਾਂ ਬਣਾ ਕੇ ਸਾਡੇ ਆਪਣਿਆਂ ਦੀ ਕੀਤੀ ਜਿੱਦ ਪਈ ਹੈ। ਇਹਦਾ ਉਸ ਸਮੇਂ ਤੋਂ ਜਾਂ ਉਸ ਤੋਂ ਵੀ ਪਹਿਲਾਂ ਤੋਂ ਮੌਕੇ ਦੀ ਭਾਲ ਵਿਚ ਬੈਠੀਆਂ ਗਿਰਝਾਂ ਲਾਹਾ ਲੈਣ ਲਈ ਇਸ ਫ਼ਿਲਮੀ ਮੰਡੀ ਦੇ ਮੈਦਾਨ ਵਿਚ ਨਿੱਤਰ ਆਈਆਂ ਹਨ। ਜੇ ਉਸ ਵੇਲੇ ਇਕ ਸਾਫ ਲਕੀਰ ਖਿੱਚੀ ਹੁੰਦੀ ਤਾਂ ਗੱਲ ਇਥੇ ਤਕ ਇੰਨੀ ਸੌਖੀ ਨਾ ਪਹੁੰਚਦੀ।

ਸਿੱਖਾਂ ਵਿਚ ਸੰਤ ਜਰਨੈਲ ਸਿੰਘ ਜੀ ਜਾਂ ਹਾਲ ਹੀ ਦੇ ਖਾੜਕੂ ਸੰਘਰਸ਼ ਜਾਂ ਖਾੜਕੂ ਸਿੰਘਾਂ ਬਾਰੇ ਕੋਈ ਚਾਹੇ ਜਿੰਨੇ ਮਰਜੀ ਵਖਰੇਵੇਂ ਵਾਲੀ ਸਮਝ ਰੱਖਦਾ ਹੋਵੇ ਪਰ ਇਸ ਫ਼ਿਲਮੀ ਮੰਡੀ ਵਿਚ ਉਹਨਾਂ ਦੀ ਖੁਨਾਮੀ ਦੇ ਕੋਝੇ ਯਤਨ ਕਿਸੇ ਨੇ ਵੀ ਬਰਦਾਸ਼ਤ ਨਹੀਂ ਕਰਨੇ। ਇਹਦੇ ਵਿਰੋਧ ਦੀ ਜੋ ਗੁੰਜਾਇਸ਼ ਸਿੱਖ ਸੰਗਤ ਕੋਲ ਬਚੀ ਹੈ ਉਹ ਇਸ ਕਰਕੇ ਹੈ ਕਿ ਬੀਤੇ ਕੁਝ ਸਾਲਾਂ ਵਿਚ ਸਿੱਖ ਸੰਗਤਾਂ ਗੁਰੂ ਸਾਹਿਬਾਨ, ਸਾਹਿਬਜਾਦੇ, ਸ਼ਹੀਦ, ਗੁਰੂ ਕੇ ਮਹਲ ਤੇ ਹੋਰ ਇਤਿਹਾਸਕ ਰੂਹਾਂ ਤੇ ਬਣਦੀਆਂ ਤੇ ਬਣੀਆਂ ਫ਼ਿਲਮਾਂ ਦਾ ਵੀ ਪੁਰਜ਼ੋਰ ਵਿਰੋਧ ਕਰਦੇ ਆਈ ਹੈ ਤੇ ਰੋਕਣ ਵਿਚ ਸਤਿਗੁਰਾਂ ਦੀ ਰਹਿਮਤ ਨਾਲ ਕਾਮਯਾਬ ਵੀ ਹੋਈ ਹੈ। ਆਪਣਿਆਂ ਦੀ ਇਸ ਮੰਡੀ ਵਿਚ ਹਾਜਰੀ ਪ੍ਰਵਾਨ ਕਰਕੇ ਦੂਜਿਆਂ ਦੇ ਵਿਰੋਧ ਦਾ ਪੈਂਤੜਾ ਸਹੀ ਨਹੀਂ ਸੀ ਰਹਿਣਾ। ਸੋ ਉਸ ਸਮੇਂ ਸਿੱਖੀ ਤੇ ਬਣੀਆਂ ਫ਼ਿਲਮਾਂ ਦਾ ਸੰਗਤ ਵੱਲੋਂ ਕੀਤਾ ਵਿਰੋਧ ਹੁਣ ਕੀਤੇ ਜਾ ਰਹੇ ਵਿਰੋਧ ਨੂੰ ਜਾਇਜ ਬਣਾਏਗਾ।

ਸਾਡੇ ਆਪਣੇ ਹੀ ਆਪਣੇ ਮਾੜੇ ਚੰਗੇ ਮਨੋਰਥਾਂ ਕਰਕੇ ਸਿੱਖੀ ‘ਤੇ ਫ਼ਿਲਮਾਂ ਬਣਾਉਣ ਦੇ ਰਾਹ ਪਏ ਤੇ ਧਾਰਨਾ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਰੱਖੀ। ਸਿੱਖ ਸੰਗਤਾਂ ਨੇ ਵਿਰੋਧ ਕੀਤਾ। ਹੁਣ ਉਹਨਾਂ ਹੀ ਸਾਧਨਾਂ ਨਾਲ ਅਣਮਤੀ ਜਦੋਂ ਆਪਣੇ ਵਿਚਾਰਾਂ ਦਾ ਕੂੜ ਪ੍ਰਚਾਰ ਪ੍ਰਸਾਰ ਕਰ ਰਹੇ ਹਨ ਜੋ ਸਾਡੇ ਸ਼ਹੀਦਾਂ ਦੀ ਹੱਤਕ ਵਾਂਗ ਹੈ ਤਾਂ ਸਿੱਖ ਸੰਗਤ ਇਹਦਾ ਵਿਰੋਧ ਕਿਉਂ ਨਹੀਂ ਕਰੇਗੀ? ਜਿਨ੍ਹਾਂ ਗਿਰਝਾਂ ਦਾ ਜਿਕਰ ਸਿੱਖੀ ਦੀਆਂ ਫ਼ਿਲਮਾਂ ਵੇਲੇ ਸਿਆਣਿਆਂ ਕੀਤਾ ਸੀ ਕਿ ਉਹ ਇਸੇ ਝਾਕ ਵਿਚ ਹਨ ਕਿ ਇਹ ਰਾਹ ਕਦੋਂ ਖੁੱਲ੍ਹੇ, ਇਹ ਓਹੀ ਗਿਰਝਾਂ ਹਨ ਜੋ ਹੁਣ ਸੰਤ ਜਰਨੈਲ ਸਿੰਘ ਜੀ ਬਾਰੇ ਤੇ ਵਰਤਮਾਨ ਸ਼ਹੀਦਾਂ ਬਾਰੇ (ਜਿਨ੍ਹਾਂ ਨੂੰ ਅਸੀਂ ਦੋ ਸਮੇ ਨਿਤਨੇਮ ਦੀ ਅਰਦਾਸ ਵਿਚ ਯਾਦ ਕਰਦੇ ਹਾਂ) ਫ਼ਿਲਮਾਂ ਦੇ ਰਾਹ ਪੈ ਗਈਆਂ ਹਨ।

ਇਹ ਇਕ ਪੂਰੀ ਗਿਣੀ ਮਿਥੀ ਲੜੀ ਚੱਲ ਰਹੀ ਹੈ ਜੋ ਦਿੱਲੀ ਦੀ ਸਿਆਸਤ ਤੇ ਬਾਲੀਵੁੱਡ ਦੇ ਗੰਧਲੇ ਮੇਲ ਨਾਲ ਬੀਤੇ ਕੁਝ ਸਾਲਾਂ ਤੋਂ ਏਦਾਂ ਦੀਆਂ ਫ਼ਿਲਮਾਂ ਬਣਾ ਕੇ ਕੂੜ ਪ੍ਰਚਾਰ ਕਰ ਕਰ ਰਹੀ ਹੈ। ਤਾਸ਼ਕੰਦ ਫਾਇਲਸ, ਦਾ ਕੇਰਲਾ ਸਟੋਰੀ, ਮੈਂ ਅਟੱਲ ਹੂੰ, ਅਕਸੀਡੈਂਟਲ ਪ੍ਰਾਈਮ ਮਨਿਸਟਰ, ਸਾਵਰਕਰ ਤੇ ਹੋਰ ਪਤਾ ਨਹੀਂ ਕਿੰਨੀਆਂ ਫ਼ਿਲਮਾਂ ਇਸੇ ਲੜੀ ਦਾ ਹਿੱਸਾ ਹਨ। ਇਹਨਾਂ ਸਭਨਾਂ ਵਿਚ ਜਿਹੜੀ ਸਾਂਝੀ ਬੁਣਤੀ ਹੈ ਓਹਦੀ ਪਛਾਣ ਜਰੂਰੀ ਹੈ ਜਿਵੇਂ ਇਹ ਕੌਣ ਬਣਾ ਰਿਹਾ ਹੈ, ਨਿਰਦੇਸ਼ਕ ਕੌਣ ਹੈ, ਕਿਹੜੇ ਆਨਲਾਈਨ ਸਾਧਨ ਰਾਹੀਂ ਇਹ ਦੇਖਣ ਲਈ ਮਿਲਦੀ ਹੈ ਤੇ ਹੋਰ ਇਸੇ ਤਰ੍ਹਾਂ ਦੀਆਂ ਸਾਂਝਾਂ। ਜਿਵੇਂ ਉਪਰੋਕਤ ਬਹੁਤੀਆਂ ਫ਼ਿਲਮਾਂ ਇਕੋ ਬਿਜਲ ਜੁਗਤ ਤੋਂ ਵੇਖੀਆਂ ਜਾ ਸਕਦੀਆਂ ਹਨ ਜੋ ਮੌਕੇ ਦੀ ਸਰਕਾਰ ਨਾਲ ਸਾਂਝ ਰੱਖਣ ਵਾਲੀ ਧਿਰ ਦਾ ਹੈ।

ਫ਼ਿਲਮਾਂ ਤੇ ਮਨੋਰੰਜਨ ਉਸ ਸ਼ਬਦ ਜੰਗ (ਡਾ ਸੇਵਕ ਸਿੰਘ ਦੀ  ਜੰਗ ਦੇ ਹਵਾਲੇ ਨਾਲ) ਦਾ ਹਿੱਸਾ ਹੈ ਜਿਹਦੇ ਬਾਰੇ ਆਖਿਆ ਜਾਂਦਾ ਹੈ ਕਿ ਜੋ ਅਸਲ ਜੰਗ ਹੈ ਤੇ ਹਥਿਆਰਬੰਦ ਜੰਗ ਜਿਹਦਾ ਇਕ ਛੋਟਾ ਪਰ ਜਰੂਰੀ ਹਿੱਸਾ ਹੁੰਦੀ ਹੈ। ਇਹਨਾਂ ਸਾਧਨਾਂ ਰਾਹੀਂ ਉਹ ਆਪਣਿਆਂ ਦੇ ਮਨਾਂ ਵਿਚ ਕਿ ਝੂਠ ਸੱਚ ਬਣਾ ਕੇ ਭਰ ਰਹੇ ਹਨ। ਤੇ ਦੂਜੇ ਪਾਸੇ ਸਾਡਿਆਂ ਮਨਾਂ ਵਿਚਲੇ ਕਿਹੜੇ ਸੱਚ ਤੇ ਟੱਕ ਰਹੇ ਹਨ ਤੇ ਕਿਹੜਾ ਇਤਿਹਾਸ ਗੰਧਲਾ ਕਰ ਰਹੇ ਹਨ, ਇਹਨਾਂ ਸਾਰਿਆਂ ਦੇ ਸਾਡੇ ਤੇ ਦੂਜਿਆਂ ਤੇ ਪੈ ਰਹੇ ਅਸਰਾਂ ਬਾਰੇ ਪੜਚੋਲ ਜਰੂਰੀ ਹੈ। ਇਹਨੂੰ ਅੱਜ ਦੀ ਜੰਗ ਮੰਨੀਏ ਤੇ ਇਸ ਸ਼ਬਦ ਜੰਗ ਦੇ ਹੱਲੇ ਦਾ ਪੱਕਾ ਹਾਲ ਲੱਭੀਏ।

ਜਰੂਰੀ ਗੱਲ ਪਹਿਲਾਂ ਆਪਣਾ ਵਿਰੋਧ ਪੱਖ ਦਰੁਸਤ ਕਰਨ ਦੀ ਹੈ। ਵਿਰੋਧ ਕਿਸੇ ਖਾਸ ਸਖਸ਼ੀਅਤ ਵਲੋਂ ਫਿਲਮ ਦੇ ਬਣਾਏ ਹੋਣ ਕਰਕੇ ਹੋ ਰਿਹਾ ਹੈ ਜਾਂ ਉਸ ਸਖਸ਼ੀਅਤ ਦੇ ਸਿਖਾਂ ਕਿਸਾਨਾਂ ਨਾਲ ਕੁੜੱਤਣ ਕਰਕੇ ਵੱਧ ਹੋ ਰਿਹਾ ਹੈ? ਸਾਡੀ ਕਿਸੇ ਸਤਿਕਾਰਤ ਸਖਸ਼ੀਅਤ ਬਾਰੇ ਬਣੀ ਹੋਣ ਕਰਕੇ ਹੋ ਰਿਹਾ ਹੈ? ਜਾਂ ਸਾਡੀ ਇਸ ਵਰਤਾਰੇ ਅਤੇ ਇਸ ਫ਼ਿਲਮੀ ਮੰਡੀ ਦੇ ਦੂਰ ਨੇੜੇ ਹੋਣ ਵਾਲੇ ਦੁਸ਼ਭਰਬਾਵਾਂ ਦੀ ਸਮਝ ਬਣਨ ਕਰਕੇ ਹੋ ਰਿਹਾ ਹੈ? ਅਸਲ ਕਾਰਨ ਹੀ ਸਾਡਾ ਰਾਹ ਤੇ ਉਸ ਰਾਹ ਦੇ ਨਤੀਜੇ ਤੈਅ ਕਰੂਗਾ।

ਵਿਰੋਧ ਲਈ ਹਰ ਹਰਬਾ ਵਰਤਣਾ ਚਾਹੀਦਾ ਹੈ ਚਾਹੇ ਸਿਆਸੀ ਹੋਵੇ, ਚਾਹੇ ਕਾਨੂੰਨੀ ਹੋਵੇ, ਚਾਹੇ ਜਥੇਬੰਦਕ ਵਿਰੋਧ ਹੋਵੇ ਤੇ ਚਾਹੇ ਕੁਝ ਹੋਰ। ਜਿਹਦੀ ਜਿੰਨੀ ਸਮਰੱਥਾ ਤਾਲਿਬਾਨਾਂ ਦੇ ਲੀਡਰਲੈੱਸ ਰਜਿਸਟੈਂਸ ਵਾਂਗ ਭਿੜਨਾ ਚਾਹੀਦਾ। ਹਰ ਤਰ੍ਹਾਂ ਦੇ ਵਿਰੋਧ ਨੇ ਆਪਣਾ ਅਸਰ ਛਡਣਾ ਹੈ। ਪਰ ਸਿਆਣਪ ਇਸੇ ਗੱਲ ਵਿਚ ਹੈ ਕਿ ਇਸ ਅਪਦਾ ਨੂੰ ਅਵਸਰ ਬਣਾ ਕੇ ਸਿੱਖ ਤੇ ਪਰਦੇਕਾਰੀ (ਫ਼ਿਲਮਾਂ) ਵਿਚ ਪੱਕੀ ਲੀਕ ਖਿੱਚ ਲੈਣੀ ਚਾਹੀਦੀ ਹੈ ਚਾਹੇ ਉਹ ਸਾਡੇ ਵਾਲਿਆਂ ਵੱਲੋਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਨਾਂ ਹੇਠ ਹੋਣ ਚਾਹੇ ਦੂਜਿਆਂ ਵਲੋਂ ਸਾਡੇ ਸ਼ਾਨਾਂਮੱਤੇ ਇਤਿਹਾਸ ਤੇ ਸ਼ਹੀਦਾਂ ਦੀ ਕਮਾਈ ਨੂੰ ਗੰਧਲਾ ਕਰਨ ਲਈ ਹੋਣ। ਫ਼ਿਲਮਾਂ ਦੇ ਨਕਾਬ ਹੇਠ ਕੀਤੇ ਜਾਂਦੇ ਇਹ ਹੱਲੇ ਵੀ ਗੁਰੂਘਰਾਂ ਵਿਚ ਵੜ ਕੇ ਕੀਤੇ ਜਾਂਦੇ ਬੇਅਦਬੀ ਦੇ ਯਤਨਾਂ ਦੇ ਤੁਲ ਹਨ ਤੇ ਓਸੇ ਤਰੀਕੇ ਪੰਥਕ ਰਵਾਇਤ ਅਨੁਸਾਰ ਨਜਿੱਠੇ ਜਾਣੇ ਚਾਹੀਦੇ ਹਨ।

ਇਸ ਸਾਰੇ ਕਾਸੇ ਵਿਚ ਵੱਡੀ ਗੱਲ ਇਹ ਹੈ ਕਿ ਪੁਰਾਤਨ ਸਿੰਘਾਂ ਵਾਂਗ ਇਸ ਵਾਰ ਦਲ ਪੰਥ ਦੇ ਸਾਰੇ ਹਿੱਸੇ ਤੇ ਵੱਖੋ ਵੱਖਰੇ ਹਿੱਸੇ ਤੇ ਜਥੇ ਆਪੋ ਵਿਚਲੇ ਵਖਰੇਵੇਂ ਵਿਸਾਰ ਕੇ ਇਕਜੁਟ ਵਿਰੋਧ ਕਰ ਰਹੇ ਹਨ। ਇਕ ਪੁਲਾਂਘ ਹੋਰ ਪੁੱਟਦਿਆਂ ਇਹ ਫਸਤਾ ਪੱਕਾ ਵੱਢਣ ਦਾ ਰਾਹ ਭਾਲਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿਚ ਮੁੜ ਮੁੜ ਇਹਨਾਂ ਹੱਲਿਆਂ ਤੇ ਪੰਥ ਦੀ ਤਾਕਤ ਜਾਇਆ ਨਾ ਹੋਵੇ।

ਇੰਦਰਪ੍ਰੀਤ ਸਿੰਘ
ਸੰਗਰੂਰ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version