Site icon Sikh Siyasat News

ਕਿਵੇਂ ਇੱਕ ਪ੍ਰਾਈਵੇਟ ਕੰਪਨੀ ਨੇ ਪੰਜਾਬ ਪੁਲਸ ਨੂੰ ਭਾੜੇ ਦੇ ਗੁੰਡਿਆਂ ਵਾਂਗ ਵਰਤਿਆ

ਹੇਠਲੀ ਲਿਖਤ ਜੋਸੀ ਜੋਸੇਫ ਦੀ ਨਵੀਂ ਕਿਤਾਬ ‘ਦ ਸਾਈਲੈਂਟ ਕੂਪ’ ਦੇ ਇੱਕ ਛੋਟੇ ਜਿਹੇ ਹਿੱਸੇ ਦਾ ਪੰਜਾਬੀ ਅਨੁਵਾਦ ਹੈ। ਜੋਸੀ ਜੋਸੇਫ ਇੱਕ ਮੰਨੇ-ਪ੍ਰਮੰਨੇ ਖੋਜੀ ਪੱਤਰਕਾਰ ਹਨ ਜਿਨ੍ਹਾਂ ਨੇ ਆਪਣੇ ਕੰਮ ਦੌਰਾਨ ਭਾਰਤੀ ਰਾਜਨੀਤੀ, ਆਰਥਿਕਤਾ ਅਤੇ ਕੁਲੀਨ ਵਰਗ ਦੇ ਘੁਟਾਲਿਆਂ ਨੂੰ ਜੱਗ ਜਾਹਰ ਕੀਤਾ ਹੈ। ਉਹਨਾਂ ਦੀ ਇੱਕ ਕਿਤਾਬ ‘ਦ ਫੀਸਟ ਆਫ ਵਲਚਰਜ਼’ 2016 ‘ਚ ਪ੍ਰਕਾਸ਼ਤ ਹੋਈ ਸੀ। ‘ਦ ਸਾਈਲੈਂਟ ਕੂਪ’ ਕਿਤਾਬ ‘ਚ ਉਹ ਇੰਡੀਆ ਦੀ ਡੀਪ ਸਟੇਟ ਦੇ ਭੇਤ ਫਰੋਲਦੇ ਹਨ। ਇੱਥੇ ਨਿਊਜ਼ ਲਾਉਂਡਰੀ ਵੈਬਸਾਈਟ ‘ਤੇ ਛਪਿਆ ਉਹਨਾਂ ਦੀ ਕਿਤਾਬ ਦਾ ਹਿੱਸਾ ਪੰਜਾਬੀ ਵਿੱਚ ਉਤਾਰਿਆ ਗਿਆ ਹੈ।

ਸਾਹੋ-ਸਾਹੀ ਹੋਏ ਬੰਦਿਆਂ ਦੇ ਫੋਨ ਅਤੇ ਹੋਰ ਅਜੀਬ ਕਿੱਸੇ ਇੱਕ ਪੱਤਰਕਾਰ ਦੀ ਜਿੰਦਗੀ ਦਾ ਹਿੱਸਾ ਹੁੰਦੇ ਹਨ। ਪਰ ਉਹਨਾਂ ਮਾਪਦੰਡਾ ਅਨੁਸਾਰ ਵੀ ਜਿਹੜਾ ਫੋਨ ਮੈਨੂੰ ਸਾਲ 2010 ਵਿੱਚ ਆਇਆ ਉਹ ਬਹੁਤ ਵੱਖਰਾ ਸੀ। ਕੋਚੀ ਦੇ ਇੱਕ ਜਾਣੇ-ਪਛਾਣੇ ਡਾਕਟਰ ਨੇ ਮੈਨੂੰ ਉਸ ਦੇ ਪਰਿਵਾਰ ਅਤੇ ਭਾਰਤ ਵਿਚਲੇ ਵੱਖ-ਵੱਖ ਬੰਦਿਆਂ ਨਾਲ ਜੋ ਵਾਪਰ ਰਿਹਾ ਸੀ, ਉਸ ਦੀ ਕਹਾਣੀ ਸੁਣਾਈ। ਮੇਰੇ ਮਿੱਤਰ ਮਨੋਜ ਦਾਸ, ਜੋ ਉਸ ਵੇਲੇ ਟਾਈਮਜ਼ ਆਫ ਇੰਡੀਆ ਅਖਬਾਰ ਦੇ ਸੰਪਾਦਕ ਸਨ, ਨੇ ਉਸ ਨੂੰ ਮੇਰੇ ਨਾਲ ਗੱਲ ਕਰਨ ਲਈ ਕਿਹਾ ਸੀ।

ਪੰਜਾਬ ਪੁਲਸ ਕੋਚੀ ‘ਚ ਰਹਿੰਦੇ ਇਸ ਡਾਕਟਰ, ਉਹਦੀ ਘਰਵਾਲੀ ਜਿਹੜੀ ਕਿ ਆਪ ਵੀ ਇੱਕ ਡਾਕਟਰ ਸੀ ਅਤੇ ਉਸਦੀ ਸੱਸ ਨੂੰ ਗ੍ਰਿਫਤਾਰ ਕਰਨ ਲਈ ਇਸ ਸਮੁੰਦਰ ਕੰਢੇ ਵੱਸਦੇ ਸ਼ਹਿਰ ‘ਚ ਪਹੁੰਚੀ ਹੋਈ ਸੀ। ਉਹਨਾਂ ਦੇ ਨਾਲ ਸੀ ਮੀਡੀਆ ਦਾ ਵੱਡਾ ਹਿੱਸਾ ਜਿਹੜਾ ਕਿ ਇਸ ਪਰਿਵਾਰ ਨੰ ਵੱਡੀ ਅਪਰਾਧਿਕ ਸਾਜਿਸ਼ ਦਾ ਹਿੱਸਾ ਦੱਸ ਰਿਹਾ ਸੀ। ਸਥਾਨਕ ਅਖਬਾਰਾਂ ‘ਚ ਖਬਰਾਂ ਛਪੀਆਂ ਕਿ ਇਹ ਇੱਜਤਦਾਰ ਪਰਿਵਾਰ, ਸਮੇਤ ਡਾਕਟਰ ਦੀ ਸੱਸ ਜੋ ਕਿ ਸੇਵਾਮੁਕਤ ਕਾਲਜ ਪ੍ਰੋਫੈਸਰ ਸੀ, ਦੱਖਣੀ ਦਿੱਲੀ ਦੀ ‘ਜੈ ਪੋਲੀਕੈਮ’ ਨਾਂ ਦੀ ਕੰਪਨੀ ਨੂੰ ਠੱਗਣ ‘ਚ ਸ਼ਾਮਲ ਸਨ।

ਜੋਸੀ ਜੋਸੇਫ ਦੀ ਨਵੀਂ ਕਿਤਾਬ ‘ਦ ਸਾਈਲੈਂਟ ਕੂਪ’

ਉੱਧਰ ਮੁੰਬਈ ‘ਚ ਪੰਜਾਬ ਪੁਲਸ ਦੀ ਧਾੜ ਇੱਕ ਨੇਪਾਲੀ ਪ੍ਰਵਾਸੀ ਨੂੰ ਚੁੱਕ ਕੇ ਲੈ ਗਈ, ਜਿਹੜਾ ਕਿ ਆਪਣੀ ਏਡਜ਼ ਦੀ ਬਿਮਾਰੀ ਨੂੰ ਲੁਕਾ ਕੇ ਇੱਕ ਆਮ ਜਿੰਦਗੀ ਬਸਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਦਿੱਲੀ ਦੇ ਬਾਹਰਵਾਰ ਉਹਨਾਂ ਨੇ ਫਰੀਦਾਬਾਦ ਤੋਂ ਇੱਕ ਗਰਭਵਤੀ ਬੀਬੀ, ਉਹਦੇ ਘਰਵਾਲੇ ਅਤੇ ਭਰਾ ਨੂੰ ਵੀ ਗਿਰਫਤਾਰ ਕਰ ਲਿਆ।

ਪੁਲਸ ਮੁਤਾਬਕ ਇਹ ਸਾਰੇ ਬੰਦੇ ਇੱਕ ਇੰਜੀਨੀਅਰ ਦੀ ਸਾਜਿਸ਼ ਦਾ ਹਿੱਸਾ ਹਨ। ਕੋਚੀ ਦੇ ਉਸ ਪਰਿਵਾਰ ਦਾ ਹਿੱਸਾ ਇਹ ਇੰਜੀਨੀਅਰ ਹੁਣ ਪੈਟਰੋਕੈਮਿਕਲ ਦਾ ਵਪਾਰ ਕਰਦਾ ਹੈ ਅਤੇ ਕਦੇ ‘ਜੈ ਪੋਲੀਕੈਮ’ ਲਈ ਕੰਮ ਕਰਿਆ ਕਰਦਾ ਸੀ। ਜਿਸ ਡਾਕਟਰ ਨੇ ਮੈਨੂੰ ਫੋਨ ਕੀਤਾ ਉਹ ਇਸ ਵਪਾਰੀ ਦਾ ਜੀਜਾ ਸੀ।

ਇਹਨਾਂ ਵੱਖੋ-ਵੱਖਰੇ ਬੰਦਿਆਂ ਨਾਲ ਵਾਪਰ ਰਹੇ ਇਸ ਤਰਸਯੋਗ ਵਰਤਾਰੇ ਦੀਆਂ ਜੜ੍ਹਾ ਮੁੰਬਈ ‘ਚ ਕਈਂ ਸਾਲ ਪਹਿਲਾਂ ਲੱਗੀਆਂ ਸਨ। ਇੰਜੀਨੀਅਰ ਸੰਦੀਪ ਮੋਹਨ ਵਰਘੀਸ(ਸੈਮ) ਨੇ 1994 ‘ਚ ਰਿਲਾਇੰਸ ਕਾਰਖਾਨੇ ‘ਚ ਕੰਮ ਕਰਨਾ ਸ਼ੁਰੂ ਕੀਤਾ। ਹੌਲੀ-ਹੌਲੀ ਤਰੱਕੀ ਕਰਦਿਆਂ ਉਹ ਕੰਪਨੀ ਦੇ ਇੱਕ ਹਿੱਸੇ ‘ਚ ਮੁਖੀ ਦੇ ਅਹੁਦੇ ਤੱਕ ਪਹੁੰਚ ਗਿਆ। ਸੈਮ ਰੋਜ਼ਾਨਾਂ ਕਈਂ ਖਰੀਦਦਾਰਾਂ ਨੂੰ ਮਿਲਦਾ ਇਹਨਾਂ ਵਿੱਚੋਂ ਦੋ ਸਨ ਸਨਦੀਪ ਅਤੇ ਸਤਿੰਦਰ ਮਧੋਕ ਜਿਹਨਾਂ ਨੂੰ ਉਹ ਪਹਿਲੀ ਵਾਰੀ 1997 ‘ਚ ਮਿਲਿਆ। ਸੈਮ ਯਾਦ ਕਰਦਾ ਹੈ ਕਿ ‘ਉਹ ਬਹੁਤ ਚੰਗੇ ਅਤੇ ਸੋਹਣੇ ਦਿਸਦੇ ਸਨ।’ ਉਹ ਉਹਨਾਂ ਨੂੰ ਭਾਰਤ ਅਤੇ ਬਾਹਰ ਹੁੰਦੇ ੳਦੌਗਿਕ ਮੇਲਿਆਂ ‘ਤੇ ਰੋਜਾਨਾ ਮਿਲਦਾ। ਸਾਲ 2000 ‘ਚ ਇਹਨਾਂ ਭਰਾਵਾਂ ਨੇ ਸੈਮ ਨੂੰ ਦੱਸਿਆ ਕਿ ਉਹ ਆਪਣੇ ਪੈਟਰੋਕੈਮੀਕਲ ਵਪਾਰ ਨੂੰ ਦਿੱਲੀ, ਸਿੰਗਾਪੁਰ ਅਤੇ ਹਊਸਟਨ ਰਾਹੀਂ ਵਧਾਉਣਾ ਚਾਹੁੰਦੇ ਹਨ। ਉਹਨਾਂ ਨੇ ਆਪਣੀ ਕੰਪਨੀ ‘ਚ ਸੈਮ ਨੂੰ ਵੱਡੇ ਅਹੁਦੇ ਦੀ ਪੇਸ਼ਕਸ਼ ਕੀਤੀ। ਉਧਰ ਰਿਲਾਇੰਸ ਵਿੱਚ ਵੀ ਹਾਲਾਤ ਬਦਲ ਗਏ। ਇੱਕ ਬਦਲੀ ‘ਚ ਸੈਮ ਨੂੰ ਕਾਰਜਕਾਰੀ ਨਿਰਦੇਸ਼ਕ ਬਣਾ ਦਿੱਤਾ ਗਿਆ ਇੱਥੇ ਕੰਮ ਬਹੁਤ ਅਫਸਰਸ਼ਾਹੀ ਵਾਲਾ ਸੀ ਜੋ ਸੈਮ ਨੂੰ ਪਸੰਦ ਨਹੀਂ ਸੀ। ਇਸੇ ਦੌਰਾਨ ਮਧੋਕ ਭਰਾਵਾਂ ਨੇ ਸੈਮ ਨੂੰ ਆਪਣੇ ਵੱਲ੍ਹ ਖਿੱਚਣਾ ਜਾਰੀ ਰੱਖਿਆ। ਸਾਲ 2002 ‘ਚ ਸੈਮ ਨੇ ਉਹਨਾਂ ਦੀ ਪੇਸ਼ਕਸ਼ ਮਨਜੂਰ ਕਰ ਲਈ। ਇਸ ਤੋਂ ਬਾਅਦ ਸੈਮ ਨੂੰ 3 ਗੁਣਾ ਵੱਧ ਤਨਖਾਹ ਮਿਲਣ ਲੱਗੀ ਅਤੇ ਉਸ ਨੂੰ ਮੌਕਾ ਦਿੱਤਾ ਗਿਆ ਕਿ ਉਹ ਹਊਸਟਨ ਜਾਂ ਸਿੰਗਾਪੁਰ ਤੋਂ ਕੰਮ ਕਰ ਸਕੇ।

ਸੈਮ ਦਿੱਲੀ ਚਲਾ ਗਿਆ ਜਿੱਥੇ ਉਹ ‘ਜੈ ਪੋਲੀਕੈਮ’ ਦੇ ਡਿਫੈਂਸ ਕਲੋਨੀ ਵਾਲੇ ਹੈਡਕੁਆਰਟਰ ਤੋਂ ਕੰਮ ਕਰਨ ਲੱਗਿਆ। ਮਧੋਕ ਭਰਾ ਉਸ ‘ਤੇ ਆਪਣਾ ਪੂਰਾ ਪ੍ਰਭਾਵ ਪਾਉਣਾ ਚਾਹੁੰਦੇ ਸਨ। ਉਹਨਾਂ ਦੱਸਿਆ ਕਿ ਪੰਜਾਬ ਦੇ ਰਾਜਨੀਤਕ ਪਰਿਵਾਰ ਦੇ ਛੋਟੇ ਮੁੰਡੇ ਦੀ ਉਹਨਾਂ ਕੋਲ ਨਿੱਤ ਦੀ ਆਉਣੀ ਜਾਣੀ ਸੀ, ਤੇ ਉਹ ਯੂਪੀ ਦੀ ਇੱਕ ਸਿਆਸਤਦਾਨ ਬੀਬੀ ਦੇ ਵੀ ਨੇੜੇ ਸਨ, ਤੇ ਉਹਨਾਂ ਦੇ ਰਾਜਨੀਤਕ ਪਾਰਟੀਆਂ ਦੇ ਬੰਦਿਆਂ ਨਾਲ ਵੀ ਚੰਗੇ ਸੰਬੰਧ ਸਨ। ਜਿਵੇਂ ਸੈਮ ਨੇ ਕੰਮ ਕਰਨਾ ਸ਼ੁਰੂ ਕੀਤਾ ਉਹਨੂੰ ਮਧੋਕਾਂ ਦੇ ਵਪਾਰ ਦਾ ਪਤਾ ਲੱਗਣਾ ਸ਼ੁਰੂ ਹੋਇਆ। ਵਪਾਰ ਕੋਈ ਜਿਆਦਾ ਨਹੀਂ ਸੀ ਹੁੰਦਾ ਅਤੇ ਨੋਟਾਂ ਦੇ ਭਰੇ ਬਸਤੇ ਦਫਤਰ ਦੇ ਅੰਦਰ-ਬਾਹਰ ਜਾਂਦੇ ਰਹਿੰਦੇ ਸਨ। ਸੈਮ ਦਾ ਧਿਆਨ ਹਊਸਟਨ ਵਾਲਾ ਦਫਤਰ ਖੋਲ੍ਹਣ ਵੱਲ ਕੇਂਦਰਤ ਸੀ ਅਤੇ ਉਹ ਮਧੋਕ ਭਰਾਵਾਂ ‘ਤੇ ਇਸ ਲਈ ਜ਼ੋਰ ਪਾਉਂਦਾ ਰਹਿੰਦਾ। ਇਸ ਦੌਰਾਨ ਸੈਮ ਹਊਸਟਨ ਦਫਤਰ ਲਈ ਮੁਲਾਜ਼ਮਾਂ ਦੀ ਚੋਣ ਕਰਦਾ ਸੀ ਪਰ ਇਸ ਤੋਂ ਬਾਅਦ 2008 ‘ਚ ਗਲੋਬਲ ਰਿਸੈਸ਼ਨ (ਆਲਮੀ ਮੰਦਵਾੜਾ) ਸ਼ੁਰੂ ਹੋ ਗਿਆ। ਮਧੋਕ ਭਰਾਵਾਂ ਨੇ ਉਸਨੂੰ ਦੱਸਿਆਂ ਕਿ ਉਹਨਾਂ ਨੇ ਆਪਣੇ ਵਪਾਰ ਨੂੰ ਫੈਲਾਉਣ ਦੀ ਯੋਜਨਾ ਰੋਕ ਦਿੱਤੀ ਹੈ ਤੇ ਹੁਣ ਉਹ ਸਿੰਗਾਪੁਰ ਵਾਲੇ ਦਫਤਰ ‘ਚ ਬਦਲੀ ਕਰ ਲਵੇ। ਉੱਥੇ ਸੈਮ ਦਾ ਹੌਂਸਲਾ ਹੋਰ ਵਧਿਆ ਕਿਉਂਕਿ ਇੱਕ ਸ਼ੈਲ ਦੇ ਨਾਮੀ ਬੰਦੇ ਵੀ ਕੰਪਨੀ ਨਾਲ ਜੁੜ ਗਏ ਅਤੇ ਉਸਦੇ ਰਿਲਾਇੰਸ ਵਾਲੇ ਵੱਡੇ ਅਫਸਰ ਵੀ ਇੱਥੇ ਆ ਗਏ। ਪਰ ਇਸ ਸਿੰਗਾਪੁਰ ਵਾਲੇ ਝੂਠ ਦੇ ਭੇਤ ਛੇਤੀ ਹੀ ਖੁੱਲ੍ਹ ਗਏ।

ਸੈਮ ਨੇ ਦੱਸਿਆ ਕਿ “ਕਹਾਣੀ ਉਦੋਂ ਗਲਤ ਹੋਣ ਲੱਗੀ ਜਦੋਂ ਉਹ ਵਪਾਰਕ ਕਰਜੇ ਲਈ ਵੱਖ-ਵੱਖ ਬੈਂਕਾਂ ਨਾਲ ਸੰਪਰਕ ਕਰਨ ਲੱਗੇ। ਸਿੰਗਾਪੁਰ ਦੇ ਬੈਂਕਾਂ ਵਿੱਚ ਮੇਰੇ ਬਹੁਤ ਮਿੱਤਰ ਸਨ ਉਹ ਚਾਹੁੰਦੇ ਸਨ ਕਿ ਮੈਂ ਝੂਠੀ ਪੇਸ਼ਕਾਰੀ ਕਰਾਂ। ਉਹ ਚਾਹੁੰਦੇ ਸਨ ਕਿ ਮੈਂ ਵਪਾਰ ਨੂੰ ਦੱਸ ਗੁਣਾ ਵਧਾ ਕੇ ਦਰਸਾਵਾਂ, ਕੁਝ ਮਿਲੀਅਨ ਡਾਲਰ ਦੇ ਕਾਰੋਬਾਰ ਨੂੰ ਬਿਲਿਅਨ ‘ਚ ਦਿਖਾਵਾਂ। ਮੈਂ ਇਸ ਲਈ ਨਾਂਹ ਕਰ ਦਿੱਤੀ।” ਇਸ ਤੋਂ ਬਾਅਦ ਚੀਜਾਂ ਹੋਰ ਖਰਾਬ ਹੁੰਦੀਆਂ ਗਈਆਂ। ਬਿਨਾਂ ਕੰਮ ਵਾਲੇ ਵੀਜ਼ੇ, ਬਗੈਰ ਨਿਰਧਾਰਤ ਤਨਖਾਹ ਅਤੇ ਪ੍ਰਬੰਧਕਾਂ ਨਾਲ ਟਕਰਾਅ ਨਾਲ ਸੈਮ ਦਾ ਮਨ ਭਰ ਗਿਆ। ਉਹਨੇ ਇੱਕ ਵਕੀਲ ਕੀਤਾ ਜਿਸ ਨੇ ਕਿਹਾ ਕਿ ਉਸਨੂੰ ਕੰਪਨੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਤਾਂ ਜੋ ਉਹ ਨੁਕਸਾਨ ਦੀ ਭਰਪਾਈ ਲਈ ਕੇਸ ਕਰ ਸਕਣ। ਕਨੂੰਨੀ ਨੋਟਿਸ ਦੇ ਕੁਝ ਦਿਨਾਂ ਬਾਅਦ ਹੀ ਸੈਮ ਨੂੰ ਝਟਕਾ ਲੱਗਾ। ਉਸ ਨੂੰ ਜਲੰਧਰੋਂ ਇੱਕ ਜਨਤਕ ਨੋਟਿਸ ਆਇਆ ਜਿਸ ਵਿੱਚ ਉਸਨੂੰ ਪੰਜਾਬ ਵਿੱਚ ਪੁੱਛਗਿੱਛ ਲਈ ਸੱਦਿਆ ਗਿਆ ਹੈ ਕਿਉਂਕਿ ਉਸਨੇ ਕੰਪਨੀ ਨਾਲ ਧੋਖਾ ਕੀਤਾ ਹੈ।

ਹੁਣ ਦੋਵਾਂ ਧਿਰਾਂ ਵਿਚਾਲੇ ਲਕੀਰਾਂ ਖਿੱਚੀਆਂ ਜਾ ਚੁੱਕੀਆਂ ਸਨ। ਨਾ ਸੈਮ ਪਿੱਛੇ ਹਟ ਸਕਦਾ ਸੀ ਨਾ ਮਧੋਕ, ਦੋਵਾਂ ਲਈ ਬਹੁਤ ਕੁਝ ਵੱਡਾ ਦਾਅ ‘ਤੇ ਸੀ।

ਸੈਮ ਨੇ ਨਵੰਬਰ 2009 ‘ਚ ਈਡੀ ਅਤੇ ਡੀਆਰਆਈ ਨੂੰ ਸ਼ਿਕਾਇਤ ਲਿਖੀ ਅਤੇ ਸਿੰਗਾਪੁਰ ਦੇ ਪ੍ਰਸ਼ਾਸਨ ਨੂੰ ਵੀ ਸ਼ਿਕਾਇਤ ਪਾਈ।

ਸ਼ਿਕਾਇਤ ਦੇ ਥੋੜ੍ਹੇ ਦਿਨਾਂ ਬਾਅ ਹੀ ਕੰਪਨੀ ਨੇ ਆਪਣੀ ਜਵਾਬੀ ਕਾਰਵਾਈ ਤੇਜ ਕਰ ਦਿੱਤੀ। 30 ਨਵੰਬਰ 2009 ਕੰਪਨੀ ਨੇ ਪੰਜਾਬ ਦੇ ਰਾਜਪੁਰਾ ਥਾਣੇ ‘ਚ ਸੈਮ ਅਤੇ ਕਈਂ ਹੋਰਾਂ ਵਿਰੁੱਧ ਵੈਬਸਾਈਟ ‘ਤੇ ਉਹਨਾਂ ਬਾਰੇ ਅਪਮਾਨਜਨਕ ਜਾਣਕਾਰੀ ਪਾਉਣ ਕਰਕੇ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ। ਵੈਬਸਾਈਟ ਬਣੀ ਨੂੰ ਹਾਲੇ 9 ਦਿਨ ਹੀ ਹੋਏ ਸਨ। ਫਰਵਰੀ 2010 ਤੱਕ ਐਫਆਈਆਰ ਦਰਜ ਕਰਵਾਈ ਜਾ ਚੁੱਕੀ ਸੀ।

ਪੰਜਾਬ ਪੁਲਸ ਦੀ ਇੱਕ ਧਾੜ ‘ਜੈ ਪੋਲੀਕੈਮ’ ਦੀਆਂ ਖਰੀਦੀਆਂ ਟਿਕਟਾਂ ‘ਤੇ ਜਹਾਜੇ ਚੜ੍ਹਕੇ ਕੋਚੀ ਪਹੁੰਚੀ, ਜਿਵੇਂ ਉਹ ਭਾੜੇ ਦੇ ਬਦਮਾਸ਼ ਹੋਣ। ਸੈਮ ਦੀ ਮਾਤਾ ਜੀ ਨੇ ਇਸ ਗਿਰਫਤਾਰੀ ਦੇ ਖਿਲਾਫ ਹਾਈਕੋਰਟ ‘ਚ ਪਹੁੰਚ ਕੀਤੀ ਉਹਨਾਂ ਕਿਹਾ ਕਿ ਇਲਜਾਮ ਬੜੇ ਅਸਪਸ਼ਟ ਜਿਹੇ ਹਨ। ਥੋੜੇ ਦਿਨਾਂ ਬਾਅਦ ਪੁਲਸੀਆਂ ਨੇ ਇੱਕ ਨੇਪਾਲੀ ਬੰਦੇ ਨੂੰ ਮੁੰਬਈ ਤੋਂ ਚੁੱਕ ਲਿਆ। ਇਹ ਬੰਦਾ ਸੈਮ ਦੇ ਘਰ ਕੰਮ ਕਰਦਾ ਸੀ ਜਦੋਂ ਉਹ ਰਿਲਾਇੰਸ ‘ਚ ਨੌਕਰੀ ਕਰਿਆ ਕਰਦਾ ਸੀ। ਇਸ ਬੰਦੇ ਨੂੰ ਪੰਜਾਬ ਲਿਆ ਕਿ ਰਾਜਪੁਰੇ ਥਾਣੇ ‘ਚ ਤਸ਼ੱਦਦ ਕੀਤਾ ਗਿਆ ਕਿ ਉਹ ਸੈਮ ਦਾ ਪਤਾ ਟਿਕਾਣਾ ਲੁਕਾ ਰਿਹਾ ਹੈ। ਇਹ ਤਸ਼ੱਦਦ ਸੰਦੀਪ ਮਧੋਕ ਦੀ ਪੈਰਵਾਈ ਹੇਠ ਹੋਇਆ।

ਫਰੀਦਾਬਾਦ ‘ਚ, ਕਦੇ ਮਧੋਕ ਭਰਾਵਾਂ ਦੇ ਗੁਆਂਢ ‘ਚ ਰਹਿਣ ਵਾਲਾ ਪਰਿਵਾਰ ਵੀ ਵੱਖਰੇ ਹਾਲਾਤਾਂ ਚੋਂ ਗੁਜ਼ਰ ਰਿਹਾ ਸੀ। ਅਮਰਦੀਪ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਕਿ ਜਿਹੜੇ ਕਾਗਜਾਂ ‘ਤੇ ਉਸਨੇ ਬਗੈਰ ਦੇਖੇ ਦਸਤਖਤ ਕਰ ਦਿੱਤੇ ਸਨ ਉਹ ਅਸਲ ‘ਚ ਸੈਮ ਵਿਰੁੱਧ ਸ਼ਿਕਾਇਤਾਂ ਸਨ। ਜਦੋਂ ਸੈਮ ਦਿੱਲੀ ‘ਚ ਸੀ ਤਾਂ ਉਸਦੇ ਅਮਰਦੀਪ ਦੇ ਮਾਲਕ ਹੋਣ ਦੇ ਬਾਵਜੂਦ ਚੰਗੇ ਸੰਬੰਧ ਸਨ ਸੈਮ ਨੇ ਅਮਰਦੀਪ ਦੇ ਕੇਰਲਾ ‘ਚ ਹਨੀਮੂਨ ਦਾ ਖਰਚਾ ਵੀ ਚੁੱਕਿਆ ਸੀ। ਉਸਨੇ ਇਸਦੇ ਵਿਰੋਧ ‘ਚ ਕੰਪਨੀ ਤੋਂ ਅਸਤੀਫਾ ਵੀ ਦੇ ਦਿੱਤਾ ਸੀ ਪਰ ਉਸਦੀਆਂ ਮੁਸ਼ਕਲਾਂ ਹਾਲੇ ਸ਼ੁਰੂ ਹੀ ਹੋਈਆਂ ਸਨ। ਇੱਕ ਦਿਨ ਉਸ ਨੂੰ ਕੰਪਨੀ ‘ਚ ਬੁਲਾਇਆ ਗਿਆ ਅਤੇ ਸੰਦੀਪ ਮਧੋਕ ਅਤੇ ਉਹਦੇ ਭਰਾ ਨੇ ਉਸ ਨੂੰ ਬੈਲਟ ਨਾਲ ਕੁੱਟਿਆ ਅਤੇ ਸੈਮ ਵਿਰੁੱਧ ਉਸਦੀ ਸ਼ਿਕਾਇਤ ‘ਤੇ ਖੜ੍ਹੇ ਰਹਿਣ ਲਈ ਕਿਹਾ। ਉਸਨੇ ਨਾਂਹ ਕਰ ਦਿੱਤੀ, ਥੋੜ੍ਹੇ ਦਿਨਾਂ ਬਾਅਦ ਪੰਜਾਬ ਪੁਲਸ ਦੀ ਇੱਕ ਧਾੜ ਅਮਰਦੀਪ ਦੇ ਘਰ ਆ ਪਹੁੰਚੀ ਅਤੇ ਉਸਨੂੰ ਦੱਸਿਆ ਗਿਆ ਕਿ ਕੇਸ ਸਿਰਫ ਉਸਦੇ ਵਿਰੁੱਧ ਹੀ ਨਹੀਂ ਸਗੋਂ ਉਸ ਦੀ ਘਰਵਾਲੀ, ਭੈਣ ਅਤੇ ਜੀਜੇ ‘ਤੇ ਵੀ ਹੈ। ਉਹਨੂੰ ਪੰਜਾਬ ਲਿਜਾਇਆ ਗਿਆ ਜਿੱਥੇ ਰਾਜਪੁਰੇ ਥਾਣੇ ‘ਚ ਉਸ ‘ਤੇ ਨਾਲ ਤਸ਼ੱਦਦ ਕੀਤਾ ਗਿਆ। ਇਹ ਵੀ ਸੰਦੀਪ ਮਧੋਕ ਦੀ ਦੇਖਰੇਖ ਹੇਠ ਹੀ ਹੋਇਆ।

ਇਸ ਸਾਰੇ ਪੁਲਸ ਕੇਸ ਦੀ ਅਗਵਾਈ ਪਟਿਆਲਾ ਰੇਂਜ ਦਾ ਡੀਆਈਜੀ ਐਸ.ਕੇ ਅਸਥਾਨਾ ਕਰ ਰਿਹਾ ਸੀ। ਜਦੋਂ ਮੈਂ ‘ਟਾਈਮਜ਼ ਆਫ ਇੰਡੀਆ’ ਲਈ ਇਸ ਪੁਲਸ ਦੀਆਂ ਵਧੀਕੀਆਂ ਲਿਖਣ ਲੱਗਾ ਤਾਂ ਮੈਂ ਅਸਥਾਨਾ ਨੂੰ ਫੋਨ ਕੀਤਾ ਤਾਂ ਉਸਨੇ ਬੇਪਰਵਾਹੀ ਨਾਲ ਕਿਹਾ ਕਿ “ਮੈਂ ਇਸ ਦੀ ਪਰਵਾਹ ਨਹੀਂ ਕਰਦਾ ਕਿ ਤੂੰ ਅਖਬਾਰ ‘ਚ ਕੀ ਲਿਖਦਾ ਹੈ। ਉਹਨੇ ਮੈਨੂੰ ਸੁਝਾਅ ਦਿੱਤਾ ਕਿ ਸੈਮ ਨੂੰ ਆਖਾਂ ਕਿ ਪੰਜਾਬ ਆ ਕੇ ਪੁਲਸ ਨਾਲ ਸਹਿਯੋਗ ਕਰੇ।” ਅਸਥਾਨਾ ‘ਤੇ ਪਹਿਲਾਂ ਵੀ ਹਿਰਾਸਤੀ ਮੌਤ ਦੇ ਦੋਸ਼ ਲਾਏ ਗਏ ਹਨ, ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਰੋਕਿਆ ਗਿਆ ਅਤੇ ਇਲੈਕਸ਼ਨ ਕਮੀਸ਼ਨ ਵੱਲੋਂ ਪੱਖਪਾਤੀ ਹੋਣ ਦੇ ਦੋਸ਼ ਲਾਏ ਗਏ ਅਤੇ ਬਦਲੀ ਕਰ ਦਿੱਤੀ ਗਈ।

ਇਹ ਬਹੁਤ ਹੈਰਾਨੀ ਵਾਲੀ ਗੱਲ ਸੀ ਕਿ ਮਧੋਕ ਜੋ ਦਿੱਲੀ ਰਹਿੰਦੇ ਸਨ ਉਹ ਕੇਸ ਦਾਇਰ ਕਰਨ ਲਈ ਪੰਜਾਬ ਗਏ ਸਨ। ਜਦੋਂ ਮੈਂ ਇਸ ਬਾਰੇ ਪੁੱਛਿਆ ਤਾਂ ਉਹਨਾਂ ਦੇ ਵਕੀਲ ਨੇ ਦੱਸਿਆ ਕਿ ਮਾਲਕਾਂ ਨੇ ਜਦੋਂ ਵੈਬਸਾਈਟ ਵੇਖੀ ਤਾਂ ਉਹ ਪੰਜਾਬ ਵਿੱਚ ਸਨ ਇਸ ਲਈ ਉਹਨਾਂ ਪੰਜਾਬ ‘ਚ ਸ਼ਿਕਾਇਤ ਦਰਜ ਕਰਵਾਈ। ਮੈਂ ਪੁੱਛਿਆ ਕਿ ਤੁਹਾਡੀ ਪੰਜਾਬ ਦੇ ਤਾਕਤਵਰ ਰਾਜਨੀਤਕ ਟੱਬਰ ਨਾਲ ਨੇੜਤਾ ਹੈ ਇਸ ਲਈ ਤੁਸੀਂ ਉੱਥੇ ਸ਼ਿਕਾਇਤ ਦਰਜ ਕੀਤੀ ਪਰ ਮੈਨੂੰ ਕੋਈ ਜਵਾਬ ਨਹੀਂ ਮਿਲਿਆ।

ਮੈਂ ਮਧੋਕ ਨੂੰ ਉਸੇ ਡਿਫੈਂਸ ਕਲੋਨੀ ਵਾਲੇ ਦਫਤਰ ‘ਚ ਮਿਲਿਆ ਜਿੱਥੇ ਕੰਧਾਂ ‘ਤੇ ਵੱਡੇ ਚਿੱਤਰ ਟੰਗੇ ਹੋਏ ਸਨ ਜਿਹੜੇ ਕਿ ਚੀਨ ਦੀਆਂ ਬਣੀਆਂ ਨਕਲਾਂ ਲੱਗ ਰਹੇ ਸਨ। ਦੋਵੇਂ ਭਰਾਵਾਂ ਨੇ ਦਿੱਲੀ ਦੇ ਵੱਡੇ ਵਕੀਲਾਂ ਰਾਹੀਂ ਮੇਰੇ ਤੱਕ ਪਹੁੰਚ ਕੀਤੀ ਤੇ ਮੈਨੂੰ ਇਸ ਖਬਰ ਨੂੰ ਛੱਡਣ ਲਈ ਰਿਸ਼ਵਤ ਦੀ ਪੇਸ਼ਕਸ਼ ਕੀਤੀ। ਵਕੀਲ ਨੇ ਮੈਨੂੰ ਕਿਹਾ ਕਿ “ਮੇਰੇ ਕੋਲ ਬਜਟ ਹੈ ਆਪਾਂ ਇਹਦੇ ਹਿੱਸੇ ਕਰ ਸਕਦੇ ਹਾਂ, ਕਿਸੇ ਨੂੰ ਵੀ ਦੱਸਣ ਦੀ ਲੋੜ ਨਹੀਂ। ਇਸ ਯਤਨ ਦੇ ਅਸਫਲ ਹੋਣ ਤੋਂ ਬਾਅਦ ਮਧੋਕ ਮੈਨੂੰ ਮਿਲਣ ਲਈ ਮੰਨ ਗਿਆ।”

ਪੰਜਾਬ ਦੇ ਤਾਕਤਵਰ ਰਾਜਨੀਤਕ ਪਰਿਵਾਰ ਨਾਲ ਨੇੜਤਾ ਹੋਣ ਕਰਕੇ ਪੰਜਾਬ ਦੀ ਪੁਲਸ ਮਧੋਕ ਦੇ ਹੱਥ ਵਿੱਚ ਸੀ। ਪੰਜਾਬ ਵਿੱਚ ਖਾੜਕੂਆਂ ਅਤੇ ਪੁਲਸ ਦੀ ਟੱਕਰ ਨਾਲ ਪੰਜਾਬ ਪੁਲਸ ‘ਤੇ ਗਹਿਰੇ ਅਸਰ ਪਏ। ਖਾੜਕੂਵਾਦ ਤਾਂ ਖਤਮ ਹੋ ਗਿਆ, ਪਰ ਪੁਲਸ ਦੀਆਂ ਵਧੀਕੀਆਂ ਨਿਆਂ ਹੇਠ ਨਾ ਲਿਆਂਦੀਆਂ ਗਈਆਂ ਤੇ ਇਹ ਪ੍ਰਣਾਲੀ ਇਸੇ ਤਰ੍ਹਾਂ ਵੱਧਦੀ ਫੁੱਲਦੀ ਛੱਡ ਦਿੱਤੀ ਗਈ। ‘ਜੈ ਪੋਲੀਕੈਮ’ ਨੇ ਬੱਸ ਪੁਲਸ ਦੇ ਇਸੇ ਹਿੱਸੇ ਨੂੰ ਕੰਮੀਂ ਲਾ ਲਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version