ਚੰਡੀਗੜ੍ਹ- ਵੀਹਵੀਂ ਸਦੀ ਵਿੱਚ ਦਿੱਲੀ ਦੀ ਬਿਪਰਵਾਦੀ ਹਕੂਮਤ ਵਿਰੁੱਧ ਖੜੀ ਹੋਈ ਖਾੜਕੂ ਲਹਿਰ ਵਿਚ ਆਲੋਅਰਖ ਦੇ ਸ਼ਹੀਦ ਹੋਏ ਸਿੰਘ, ਸਿੰਘਣੀਆਂ ਦੀ ਗਾਥਾ ਨੂੰ ਸੰਗਤ ਸਾਹਮਣੇ ਕਿਤਾਬ ਰੂਪ ਵਿਚ ਪੇਸ਼ ਕਰਦੀ ਕਿਤਾਬ ‘ਸ਼ਹੀਦਨਾਮਾ (ਆਲੋਅਰਖ ਦੇ ਸ਼ਹੀਦ)’ ਬੀਤੀ 29 ਅਗਸਤ 2023 ਨੂੰ ਇਹਨਾਂ ਸਿੰਘ ਸਿੰਘਣੀਆਂ ਦੀ ਹਾਦਤ ਨੂੰ ਸਮਰਪਿਤ ਸਮਾਗਮ ਦੌਰਾਨ ਗੁਰਦੁਆਰਾ ਮੰਜੀ ਸਾਹਿਬ, ਆਲੋਅਰਖ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੇਂਟ ਕਰਕੇ ਜਾਰੀ ਕੀਤੀ ਗਈ।
ਉਪਰੰਤ ਗੁਰੂ ਸਾਹਿਬ ਦੀ ਹਜੂਰੀ ਵਿੱਚ ਕਿਤਾਬ ਦੇ ਲੇਖਕ ਭਾਈ ਮਲਕੀਤ ਸਿੰਘ ਭਵਾਨੀਗੜ ਵੱਲੋਂ ਪਹਿਲੀ ਕਾਪੀ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਅਤੇ ਪੰਥ ਸੇਵਕ ਸਖਸ਼ੀਅਤਾਂ ਨੂੰ ਦਿੱਤੀ ਗਈ।
ਸ਼ਹੀਦਾਂ ਦੇ ਜੀਵਨ ਨੂੰ ਲਿਖਤੀ ਰੂਪ ਵਿੱਚ ਸੰਭਾਲਣ ਲਈ ਸ਼ਹੀਦ ਪਰਿਵਾਰਾਂ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਵਲੋਂ ਭਾਈ ਮਲਕੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਆਲੋਅਰਖ ਪਿੰਡ ਤੋਂ ਭਾਈ ਪਿਆਰਾ ਸਿੰਘ, ਉਹਨਾਂ ਦੀ ਸਿੰਘਣੀ ਬੀਬੀ ਭਰਪੂਰ ਕੌਰ, ਭਾਈ ਅਮਰ ਸਿੰਘ ਅਤੇ ਭਾਈ ਸਮਸ਼ੇਰ ਸਿੰਘ ਹੋਏ ਹਨ, ਜਿਹਨਾਂ ਨੇ ਗੁਰੂ ਆਸ਼ੇ ਅਨੁਸਾਰ ਸੰਘਰਸ਼ ਦੇ ਰਾਹ ‘ਤੇ ਚੱਲਕੇ ਅਡੋਲ ਸ਼ਹਾਦਤਾਂ ਦਿੱਤੀਆਂ। ਜਿਹਨਾਂ ਦੀ ਗਾਥਾ ਇਸ ਕਿਤਾਬ ਵਿੱਚ ਦਰਜ ਕੀਤੀ ਗਈ ਹੈ। ਇਹ ਕਿਤਾਬ ‘ਨੀਸਾਣਿ ਪ੍ਰਕਾਸ਼ਨ’ ਵੱਲੋਂ ਛਾਪੀ ਗਈ।
ਇਸ ਮੌਕੇ ‘ਨੀਸਾਣਿ ਪ੍ਰਕਾਸ਼ਨ’ ਵਲੋਂ ਕਿਤਾਬ ਜਾਰੀ ਕਰਨ ਉਪਰੰਤ ਇੱਕ ਕਿਤਾਬ ਪ੍ਰਦਰਸ਼ਨੀ ਦਾ ਵੀ ਇੰਤਜ਼ਾਮ ਕੀਤਾ ਗਿਆ। ਉਹਨਾਂ ਦੱਸਿਆ ਕਿ ਇਹ ਕਿਤਾਬ ਦੇਸ਼ ਵਿਦੇਸ਼ ਵਿੱਚ ਕਿਤੇ ਵੀ ਮੰਗਵਾਈ ਜਾ ਸਕਦੀ ਹੈ।
ਸਮਾਗਮ ਦੌਰਾਨ ਵੱਖ-ਵੱਖ ਸਖਸ਼ੀਅਤਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਪਣੇ ਵਿਚਾਰ ਰੱਖੇ। ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸ਼ਹੀਦਾਂ ਨੂੰ ਸ਼ਰਧੰਜਲੀ ਦਿੰਦਿਆ ਸ.ਗੋਬਿੰਦ ਸਿੰਘ ਨੇ ਕਿਹਾ ਕਿ ਉਂਝ ਸਰਕਾਰ ਭਾਵੇਂ ਭਾਈਚਾਰੇ ਦੀਆਂ ਮਿਸਾਲਾਂ ਦਿੰਦੀ ਹੈ, ਪਰ ਘੱਟ ਗਿਣਤੀਆਂ ਨਾਲ ਹਮੇਸ਼ਾ ਜ਼ੁਲਮ ਕਰਦੀ ਹੈ। ਸ.ਮੇਜਰ ਸਿੰਘ ਮੱਟਰਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਭਾਈ ਪਿਆਰਾ ਸਿੰਘ ਜੀ ਦੇ ਬਾਰੇ ਦੱਸਿਆ ਕਿ ਉਹ ਲਹਿਰ ਨੂੰ ਪੂਰੀ ਤਰ੍ਹਾਂ ਸਮਰਪਿਤ ਤਾਂ ਸਨ ਹੀ ਨਾਲ ਹੀ ਨਿੱਘੇ ਅਤੇ ਮਿਲਾਪੜੇ ਸੁਭਾਅ ਦੇ ਸਨ।
ਭਾਈ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਸ਼ਹੀਦੀਆਂ ਕਦੇ ਵੀ ਨੁਕਸਾਨ ਨਹੀਂ ਹੁੰਦੀਆਂ ਅਤੇ ਸ਼ਹੀਦ ਹੋਣਾ ਕਦੇ ਵੀ ਕਿਸੇ ਦੇ ਵੱਸ ਨਹੀਂ ਹੁੰਦਾ। ਸ਼ਹੀਦੀ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਬਾਬਾ ਹਰਦੀਪ ਸਿੰਘ ਮਹਿਰਾਜ ਨੇ ਸ਼ਹੀਦਾਂ ਦੇ ਇਤਿਹਾਸ ਇਕੱਠੇ ਕਰਨ ਦੇ ਉਪਰਾਲੇ ਨੂੰ ਜਾਰੀ ਰੱਖਣ ਦੀ ਰਾਇ ਦਿੱਤੀ।
ਭਾਈ ਦਲਜੀਤ ਸਿੰਘ ਜੀ ਨੇ ਕਿਹਾ ਕਿ ਸ਼ਹੀਦ ਨਫ਼ੇ – ਨੁਕਸਾਨਾਂ ਤੋਂ ਦੂਰ ਸਨ। ਜਿਹੜੇ ਸਿੰਘ ਉਸ ਵਕਤ ਸ਼ਹੀਦ ਹੋਏ, ਉਹ ਉਹਨਾਂ ਵੇਲਿਆਂ ਦੀ ਸ਼ਾਨ ਸਨ, ਤਾਹੀਂ ਉਹਨਾਂ ਨੂੰ ਗੁਰੂ ਨੇ ਆਪਣੇ ਕੋਲ ਬੁਲਾਇਆ ਅਤੇ ਸ਼ਹੀਦੀਆਂ ਦੀ ਦਾਤ ਬਖਸ਼ੀ। ਸਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿ ਲਹਿਰ ਵਿਚ ਨੁਕਸਾਨ ਹੋਇਆ ਅਤੇ ਅਸੀ ਆਪਣੇ ਸਿੰਘ ਗਵਾ ਲਏ ਸਗੋਂ ਇਹ ਤਾਂ ਅਕਾਲ ਪੁਰਖ ਵਲੋਂ ਭੇਜੇ ਹੋਏ ਸਨ।
ਵਕੀਲ ਜਗਮੀਤ ਸਿੰਘ ਸੰਗਰੂਰ ਨੇ ਕਿਹਾ ਕਿ ਸ਼ਹੀਦੀ ਹਰ ਇੱਕ ਨੂੰ ਪ੍ਰਾਪਤ ਨਹੀਂ ਹੋ ਸਕਦੀ। ਇਸ ਪਿੱਛੇ ਬਹੁਤ ਵੱਡੀ ਘਾਲਣਾ ਹੈ। ਭਾਈ ਪਰਮਜੀਤ ਸਿੰਘ ਗਾਜ਼ੀ ਨੇ ਕਿਹਾ ਕਿ ਇਲਾਕੇ ਦੇ ਸ਼ਹੀਦਾਂ ਦੀ ਯਾਦ ਮਨਾਉਣ ਦਾ ਉਪਰਾਲਾ ਸਲਾਹੁਣਯੋਗ ਹੈ ਨਾਲ ਹੀ ਕਿਹਾ ਕਿ ਸ਼ਹੀਦਾਂ ਦੇ ਜੀਵਨ ਨੂੰ ਕਿਤਾਬ ਰੂਪ ਵਿੱਚ ਸਾਂਭਣਾ ਬੜਾ ਜ਼ਰੂਰੀ ਸੀ। ਇਸ ਤਰ੍ਹਾਂ ਦੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਹਨ।
ਭਾਈ ਗੁਰਦੀਪ ਸਿੰਘ ਕਾਲਾਝਾੜ ਨੇ ਸ਼ਹੀਦਾਂ ਦੀ ਯਾਦ ਵਿਚ ਵੱਧ ਚੜ ਕੇ ਸਮਾਗਮ ਕਰਦੇ ਰਹਿਣ ਦੀ ਗੱਲ ਦੁਹਰਾਈ। ਸ਼ਹੀਦ ਪਰਿਵਾਰਾਂ ਵਿਚੋਂ ਭਾਈ ਬਲਬੀਰ ਸਿੰਘ ਸਾਗਰ ਅਤੇ ਭਾਈ ਗੁਰਦਿਤ ਸਿੰਘ ਨੇ ਸ਼ਹੀਦਾਂ ਨੂੰ ਪੂਰੀ ਕੌਮ ਦਾ ਸਰਮਾਇਆ ਦੱਸਿਆ। ਇਸ ਮੌਕੇ ਤੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ ਅਤੇ ਕਿਤਾਬ ‘ਸ਼ਹੀਦਨਾਮਾ – ਆਲੋਅਰਖ ਦੇ ਸ਼ਹੀਦ’ ਪਰਿਵਾਰਾਂ ਨੂੰ ਭੇਟਾ ਕੀਤੀ ਗਈ। ਅਖੀਰ ਤੇ ਭਾਈ ਇੰਦਰਪ੍ਰੀਤ ਸਿੰਘ ਨੇ ਆਈ ਸੰਗਤ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਮੱਖਣ ਸਿੰਘ, ਜਥੇਦਾਰ ਗੁਰਨੈਬ ਸਿੰਘ ਰਾਮਪੁਰਾ (ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ), ਭਾਈ ਗੁਰਜੀਤ ਸਿੰਘ, ਭਾਈ ਸਤਪਾਲ ਸਿੰਘ, ਭਾਈ ਹਰਪ੍ਰੀਤ ਸਿੰਘ ਲੋਂਗੋਵਾਲ, ਭਾਈ ਅਜੀਤਪਾਲ ਸਿੰਘ , ਭਾਈ ਪਰਵਿੰਦਰ ਸਿੰਘ, ਭਾਈ ਬਲਕਾਰ ਸਿੰਘ, ਭਾਈ ਰਾਏ ਸਿੰਘ, ਭਾਈ ਅਮਨਪ੍ਰੀਤ ਸਿੰਘ ਸੰਗਰੂਰ, ਭਾਈ ਅਮਨਪ੍ਰੀਤ ਸਿੰਘ , ਭਾਈ ਬੇਅੰਤ ਸਿੰਘ ਆਦੀ ਸੰਗਤਾਂ ਹਾਜ਼ਰ ਸਨ।