ਪਰਥ, ਆਸਟ੍ਰੇਲੀਆ: ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀਆਂ ਬਹੁਤਾਤ ਅਣਛਪੀਆਂ ਚਿੱਠੀਆ ਨੂੰ ਪਹਿਲੀ ਵਾਰ ਸੰਗਤ ਦੇ ਸਨਮੁਖ ਕਰਦੀ ਨਵੀਂ ਕਿਤਾਬ “ਅਜ਼ਾਦਨਾਮਾ – ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂ” ਐਤਵਾਰ (19 ਨਵੰਬਰ) ਨੂੰ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਜਾਰੀ ਕੀਤੀ ਗਈ। ਇਹ ਕਿਤਾਬ ਸਿੱਖ ਸੇਵਕ ਜਥਾ ਪਰਥ ਅਤੇ ਪੰਜਾਬ ਯੂਥ ਫੈਡਰੇਸ਼ਨ ਆਫ ਵੈਸਟਰਨ ਆਸਟ੍ਰੇਲੀਆ ਵੱਲੋਂ ਸਾਂਝੇ ਤੌਰ ਉੱਤੇ ਕਰਵਾਏ ਗਏ ਇਕ ਸਮਾਗਮ ਦੌਰਾਨ ਜਾਰੀ ਕੀਤੀ ਗਈ। ਕਿਤਾਬ ਨੂੰ ਸਥਾਨਕ ਸਿੱਖ ਭਾਈਚਾਰੇ ਵਿਚ ਸਾਂਝੇ ਸੇਵਾ ਕਾਰਜਾਂ ਵਿਚ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਨੇ ਸਾਂਝੇ ਤੌਰ ਉੱਤੇ ਜਾਰੀ ਕੀਤਾ।
ਸਮਾਗਮ ਦੇ ਪ੍ਰਬੰਧਕਾਂ ਵੱਲੋਂ ਸਿੱਖ ਸਿਆਸਤ ਨੂੰ ਲਿਖਤੀ ਤੌਰ ਉੱਤੇ ਭੇਜੀ ਗਈ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਕਿਤਾਬ ਦਾ ਸਿਰਲੇਖ “ਅਜ਼ਾਦਨਾਮਾ ” ਪਾਠਕਾਂ ਵਿਚ ਉਤਸ਼ਾਹ ਦਾ ਸਬੱਬ ਰਿਹਾ।
ਜ਼ਿਕਰਯੋਗ ਹੈ ਕਿ ਭਾਵੇਂ ਸ਼ਹੀਦ ਭਾਈ ਸੁੱਖਾ-ਜਿੰਦਾ ਦੀਆਂ ਜੇਲ੍ਹ ਚਿੱਠੀਆਂ ਪਹਿਲਾਂ ਵੀ ਕਿਤਾਬ ਰੂਪ ਵਿਚ ਛਪੀਆਂ ਹਨ ਪਰ “ਅਜ਼ਾਦਨਾਮਾ” ਕਿਤਾਬ ਪਹਿਲਾਂ ਨਾਲੋਂ ਵਧੇਰੇ ਗਿਣਤੀ ਚਿੱਠੀਆਂ ਸ਼ਾਮਿਲ ਕੀਤੀਆਂ ਗਈਆਂ ਹਨ ਤੇ ਇਸ ਕਿਤਾਬ ਵਿਚ ਛਪੀਆਂ ਬਹੁਤਾਤ ਚਿੱਠੀਆਂ ਪਹਿਲੀ ਵਾਰ ਹੀ ਸੰਗਤਾਂ ਦੇ ਸਨਮੁਖ ਹੋ ਰਹੀਆਂ ਹਨ।
ਕਿਤਾਬ ਦੇ ਸੰਪਾਦਕਾਂ ਸ. ਪਰਮਜੀਤ ਸਿੰਘ ਗਾਜ਼ੀ ਅਤੇ ਸ. ਰਣਜੀਤ ਸਿੰਘ ਨੇ ਸਿੱਖ ਸਿਆਸਤ ਨਾਲ ਗੱਲਬਾਤ ਦੌਰਾਨ ਦੱਸਿਆ ਕਿ ‘ਭਾਈ ਸਾਹਿਬਾਨ ਦੀਆਂ ਚਿੱਠੀਆ ਦਾ ਮਜਮੂਨ ਅਜ਼ਾਦ ਜੀਵਨ ਦਾ ਝਲਕਾਰਾ ਦਿੰਦਾ ਹੈ। ਉਹਨਾ ਦੀਆਂ ਕੀਤੀਆਂ ਆਮ ਗੱਲਾਂ ਤੇ ਹਾਸਾ-ਮਖੌਲ ਵੀ ਉਹਨਾ ਦੀ ਸ਼ਹਾਦਤ ਦੇ ਪਰਸੰਗ ਵਿਚ ਵੇਖਿਆਂ ਵੱਡੇ ਅਰਥ ਦਿੰਦਾ ਹੈ। ਇਹਨਾ ਚਿੱਠੀਆਂ ਵਿਚ ਭਾਈ ਸਾਹਿਬਾਨ ਨੇ ਗੁਰਬਾਣੀ ਪ੍ਰੇਮ, ਗੁਰਮਤਿ ਦੀ ਮਾਰਗ ਸੇਧ, ਨਾਮ ਸਿਮਰਨ ਦੀ ਮਹਿਮਾ, ਗੁਰਬਾਣੀ ਪੜ੍ਹਨ, ਨਾਮ ਸਿਮਰਨ ਕਰਨ ਤੇ ਖਾਲਸਾਈ ਜੀਵਨ ਤੇ ਰਹਿਤ ਧਾਰਨ ਕਰਨ ਦੀ ਪ੍ਰੇਰਣਾ, ਖਾਲਿਸਤਾਨ ਬਾਰੇ ਸਿਧਾਂਤਕ ਸਪਸ਼ਟਤਾ ਆਦਿ ਬਹੁਤ ਸਾਰੇ ਵਿਸ਼ਿਆਂ ਬਾਰੇ ਲਿਖਿਆ ਹੈ’।
ਉਹਨਾ ਕਿਹਾ ਕਿ “ਖਾਲਿਸਤਾਨ ਅਤੇ ਸੰਘਰਸ਼ ਬਾਰੇ ਭਾਈ ਸਾਹਿਬਾਨ ਦੀਆਂ ਜੇਲ੍ਹ ਚਿੱਠੀਆਂ ਵਿਚ ਦਰਜ਼ ਸਪਸ਼ਟ ਬਿਆਨੀਆਂ ਅੱਜ ਦੇ ਸਮੇਂ ਹੋਰ ਵੀ ਵੱਧ ਅਹਿਮੀਅਤ ਅਖਤਿਆਰ ਕਰਦੀਆਂ ਹਨ। 1992 ਵਿਚ ਭਾਈ ਹਰਜਿੰਦਰ ਸਿੰਘ ਜਿੰਦਾ ਵੱਲੋਂ ਆਪਣੇ ਮਾਤਾ ਗੁਰਨਾਮ ਕੌਰ ਜੀ ਨੂੰ ਲਿਖੀ ਚਿੱਠੀ ਵਿਚ ਦਰਜ਼ ‘ਖਾਲਿਸਤਾਨ ਦੇ ਪਵਿੱਤਰ ਸੰਕਲਪ’, ‘ਜੰਗ-ਏ-ਖਾਲਿਸਤਾਨ’, ‘ਸਾਡਾ ਉਦੇਸ਼’, ‘ਸਾਡਾ ਕੇਂਦਰੀ ਨੁਕਤਾ’, ‘ਸਾਡੇ ਦੁਸ਼ਮਣ ਤੇ ਮਿੱਤਰ’ ਆਦਿ ਨੁਕਤੇ ਅੱਜ ਦੇ ਨੌਜਵਾਨਾਂ ਲਈ, ਅੱਜ ਦੇ ਸਮੇਂ ਵਿਚਾਰਨੇ ਹੋਰ ਵੀ ਵਧੇਰੇ ਅਹਿਮ ਹਨ”।