December 21, 2014 | By ਸਿੱਖ ਸਿਆਸਤ ਬਿਊਰੋ
ਤਲਵੰਡੀ ਸਾਬੋ (20 ਦਸੰਬਰ, 2014): ਪਿੱਛਲੇ ਕੁਝ ਦਿਨਾਂ ਤੋਂ ਸਿਧਾਂਤਕ ਮੁੱਦਿਆਂ ਨੂੰ ਲੈ ਕੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਅਤੇ ਪੰਜਾਬ ਦੀ ਹਾਕਮ ਧਿਰ ਬਾਦਲ ਦਲ ਵਿਚਾਲੇ ਚੱਲ ਰਹੇ ਤਨਾਅ ਦੌਰਾਨ ਅੱਜ ਆਪਣੇ ਗ੍ਰਹਿ ਵਿਖੇ ਜਥੇਦਾਰ ਨੰਦਗੜ ਨੇ ਕਿਹਾ ਕਿ ਉਨ੍ਹਾਂ ‘ਤੇ ਜਥੇਦਾਰੀ ਤੋਂ ਅਸਤੀਫਾ ਦੇਣ ਲਈ ਦਬਾਅ ਬਣਾਇਆ ਸੀ ਪਰ ਉਹ ਸਿੱਖ ਸਿਧਾਤਾਂ ‘ਤੇ ਡੱਟ ਕੇ ਪਹਿਰਾ ਦਿੰਦਿਆਂ ਬਿਨ੍ਹਾ ਕਿਸੇ ਦੋਸ਼ ‘ਤੇ ਜਥੇਦਾਰੀ ਤੋਂ ਅਸਤੀਫਾ ਨਹੀਂ ਦੇਣਗੇ ਤੇ ਨਾ ਹੀ ਸਿੱਖਾਂ ਦੀ ਵੱਖਰੀ ਕੌਮ ਦਾ ਵੱਖਰਾ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੋਂ ਪਿੱਛੇ ਹੱਟਣਗੇ।
ਜ਼ਿਕਰਯੋਗ ਹੈ ਕਿ ਜਥੇਦਾਰ ਨੰਦਗੜ ਨੇ ਨਾਨਕਸ਼ਾਹੀ ਕੈਲੰਡਰ ਤੇ ਨਾਲ ਹੀ ਅਕਾਲੀ ਸਰਕਾਰ ਦੀ ਹਮਜੋਲੀ ਪਾਰਟੀ ਭਾਜਪਾ ਤੇ ਆਰ.ਐਸ.ਐਸ ਨੂੰ ਵੀ ਅੜੇ ਹੱਥੀਂ ਲਿਆ। ਜਿਸ ਦਾ ਖਮਿਆਜ਼ਾ ਸਿੰਘ ਸਾਹਿਬ ਨੂੰ ਸਰਕਾਰੀ ਜਿਪਸੀ ਤੇ ਸਰਕਾਰੀ ਸੁਰੱਖਿਆ ਕਰਮੀ ਸਰਕਾਰ ਵੱਲੋਂ ਵਾਪਸ ਬੁਲਾ ਲੈਣ ਕਾਰਨ ਭੁਗਤਨਾ ਪਿਆ।
ਇਹ ਕੋਈ ਪਹਿਲਾ ਮੌਕਾ ਨਹੀਂ ਕਿ ਗਿਆਨੀ ਨੰਦਗੜ੍ਹ ਅਤੇ ਬਾਦਲ ਦਲ ਜਾਂ ਬਾਦਲ ਪਰਿਵਾਰ ਵਿਚਕਾਰ ਕਿਸੇ ਮੁੱਦੇ ਨੂੰ ਲੈਕੇ ਤਨਾਅ ਬਣਿਆ ਹੋਏ।ਜਥੇਦਾਰ ਨੰਦਗੜ ਵੱਲੋਂ ਦਿੱਤੇ ਜਾ ਰਹੇ ਬਿਆਨ ਪੰਥਕ ਨਜ਼ਰੀਏ ਤੋਂ ਸਲਾਹੁਣਯੋਗ ਹਨ, ਪਰ ਇਸਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਜੱਥਦਾਰ ਨੰਦਗੜ੍ਹ ਕਿੰਨੀ ਦ੍ਰਿਤਾ ਨਾਲ ਇਨ੍ਹਾਂ ਬਿਆਨਾਂ ਨੂੰ ਅਮਲੀ ਜ਼ਾਮਾ ਪਹਿਨਾਉਦੇ ਹਨ।
Related Topics: Jathedar Balwant Singh Nandgarh, Nanakshahi Calender