Site icon Sikh Siyasat News

ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ‘ਨਾਨਕਸ਼ਾਹੀ ਕੈਲੰਡਰ’ ਦੀ ਅਸਲੀਅਤ

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੁਆਰਾ ਬੀਤੇ ਕਲ੍ਹ ਬੜੇ ਹੀ ਚੱੁਪ ਚੱੁਪੀਤੇ ਢੰਗ ਨਾਲ ‘ਨਾਨਕਸ਼ਾਹੀ’ਦੀ ਮੋਹਰ ਹੇਠ ਜਾਰੀ ਕੀਤੇ ਗਏ ਕੈਲੰਡਰ ਨੇ ਸਿੱਖ ਗੁਰੂ ਸਾਹਿਬਾਨ ਨਾਲ ਸਬੰਧਤ ਦਿਹਾੜੇ ਮਨਾਉਣ ਪ੍ਰਤੀ ਅਪਣਾਈ ਗੁੱਝੀ ਮਾਨਸਿਕਤਾ ਦਾ ਇਜ਼ਹਾਰ ਕਰ ਦਿੱਤਾ ਹੈ ।ਕਿਉਂਕਿ ਸ਼੍ਰੋਮਣੀ ਕਮੇਟੀ ਸਾਲ 2019 ਵਿੱਚ ਆ ਰਹੇ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਤਿਆਰੀਆਂ ਦੇ ਦਾਅਵੇ ਕਰ ਰਹੀ ਹੈ ਇਸ ਕਰਕੇ ਸਾਲ 2018 ਵਿੱਚ ਆ ਰਹੇ ਗੁਰੂ ਨਾਨਕ ਸਾਹਿਬ ਦੇ ਪਰਕਾਸ਼ ਦਿਹਾੜੇ ਦੀ ਤਾਰੀਖ ,ਮੂਲ ਰੂਪ ਨਾਨਕਸ਼ਾਹੀ ਕੈਲੰਡਰ ਦੀ ਅਨੁਸਾਰੀ ਵੀ ਹੈ ਤੇ ਉਸ ਮਿਲਗੋਭਾ ਕੈਲੰਡਰ ਦੀ ਵੀ ਵੱਖ ਵੱਖ ਨਿੱਜੀ ਪ੍ਰਕਾਸ਼ਕਾਂ ਦੁਆਰਾ ਛਾਪੇ ਜਾਂਦੇ ਹਨ।

ਸਬੰਧਤ ਖ਼ਬਰ:  ਸ਼੍ਰੋਮਣੀ ਕਮੇਟੀ ਨੇ ਚੁੱਪ ਚਾਪ ਜਾਰੀ ਕੀਤਾ ਨਾਨਕਸ਼ਾਹੀ ਕੈਲੰਡਰ, ਮੀਡੀਆ ਨੂੰ ਸਮਾਗਮ ਤੋਂ ਰੱਖਿਆ ਦੂਰ

ਲੇਕਿਨ ਇਸ ਜਾਰੀ ਕੀਤੇ ਕੈਲੰਡਰ ਵਿੱਚ ਦਸਮੇਸ਼ ਪਿਤਾ ਦੇ ਪ੍ਰਕਾਸ਼ ਦਿਹਾੜੇ ਦਾ ਜਿਕਰ ਨਹੀ ਹੈ।ਹਾਲਾਂਕਿ ਕਮੇਟੀ ਦੁਆਰਾ ਜਾਰੀ ਕੀਤੇ ਸਾਲ 2017-18 ਦੇ ਕੈਲੰਡਰ ਅਨੁਸਾਰ ਦਸਮੇਸ਼ ਪਿਤਾ ਦਾ 25 ਦਸੰਬਰ 2017 ਨੂੰ ਮਨਾਇਆ ਗਿਆ ਪ੍ਰਕਾਸ਼ ਦਿਹਾੜਾ 11ਪੋਹ ਸੰਮਤ 549 ਦੀ ਗਲ ਕਰਦਾ ਹੈ ਤੇ ਇਸ ਵਾਰ ਜਾਰੀ ਕੀਤੇ ਗਏ ਸੰਮਤ 550 ਦੇ ਕੈਲੰਡਰ ਅਨੁਸਾਰ ਇਹੀ 11ਪੋਹ ਦਾ ਦਿਹਾੜਾ 26 ਦਸੰਬਰ ਅਤੇ 11ਪੋਹ ਵਦੀ ਦਾ ਦਿਨ 1ਜਨਵਰੀ 2019 ਨੂੰ ਆਉਂਦਾ ਹੈ।

ਸ਼੍ਰੋਮਣੀ ਕਮੇਟੀ ਦੁਆਰਾ ਬੀਤੇ ਕਲ੍ਹ ਜਾਰੀ ਕੀਤੇ ਗਏ ਕੈਲੰਡਰ ਨੁੰ ਸਾਲ 2017 ਦੇ ਕੈਲੰਡਰ ਨਾਲ ਸੁਮੇਲ ਕਰਦਿਆਂ ਸਹਿਜੇ ਹੀ ਪਤਾ ਲਗ ਜਾਂਦਾ ਹੈ ਕਿ ‘ਨਾਨਕਸ਼ਾਹੀ’ਨਾਮ ਹੇਠ ਕੈਲੰਡਰ ਤਿਆਰ ਕਰਨ ਵਾਲੇ ਕਮੇਟੀ ਅਧਿਕਾਰੀ ਤਾਂ ਮੱਖੀ ਤੇ ਮੱਖੀ ਮਾਰਨ ਵਿੱਚ ਵੀ ਮਾਹਿਰ ਨਹੀ ਹਨ ਜਾਂ ਉਨ੍ਹਾਂ ਨੇ ਉਹੀ ਕੀਤਾ ਹੈ ਜੋ ਉਨਹਾਂ ਦੇ ਸਿਆਸੀ ਮਾਲਕਾਂ ਨੇ ਲਿਫਾਫੇ ਵਿੱਚ ਬੰਦ ਕਰਕੇ ਭੇਜ ਦਿੱਤਾ ਹੈ।ਤੇ ਜੋ ਕੁਝ ਬੰਦ ਲਿਫਾਫੇ ਵਿੱਚ ਭੇਜਿਆ ਗਿਆ ਹੈ ਉਸਦਾ ਇੱਕੋ ਇੱਕ ਮਕਸਦ ਸਿੱਖ ਸੰਗਤਾਂ ਅੰਦਰ ਸਿੱਖ ਗੁਰੂ ਸਾਹਿਬਾਨ ਨਾਲ ਸਬੰਧਤ ਦਿਹਾੜਿਆਂ ਪ੍ਰਤੀ ਦੁਵਿਧਾ ਪੈਦਾ ਕਰਨਾ ਹੀ ਹੈ ।ਉਦਾਹਰਣ ਵਜੋਂ ਸਾਲ 2017 ਗੁਰੂ ਹਰਿ ਰਾਏ ਸਾਹਿਬ ਦਾ ਗੁਰਗੱਦੀ ਦਿਵਸ 13ਚੇਤ ਨੂੰ ਸੀ ਤੇ ਇਸ ਵਾਰ 15 ਚੇਤ ਨੂੰ ।ਗੁਰੂ ਅਮਰ ਦਾਸ ਪਾਤਸ਼ਾਹ ਦਾ ਗੁਰਤਾ ਗੱਦੀ ਦਿਵਸ 15 ਚੇਤ ਸੀ ਜੋ ਇਸ ਵਾਰ 5 ਚੇਤਰ ਸੁਦੀ 1 ਹੈ ।ਗੁਰੂ ਨਗਰੀ ਅੰਮ੍ਰਿਤਸਰ ਦੇ ਬਾਨੀ ਹੋਣ ਕਾਰਣ ਸ਼ਹਿਰ ਵਾਸੀਆਂ ਵਲੋਂ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਣ ਵਾਲਾ ਗੁਰੂ ਰਾਮਦਾਸ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ,ਸਾਲ 2017 ਵਿੱਚ 23 ਅੱਸੂ ਭਾਵ 8 ਅਕਤੂਬਰ ਨੁੰ ਸੀ ਜੋ ਇਸ ਵਾਰ 10 ਕੱਤਕ ਭਾਵ 26 ਅਕਤੂਬਰ ਨੂੰ ਹੈ ।ਇਸੇ ਤਰਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸਾਲ 2017 ਵਿੱਚ 7 ਭਾਦੋਂ ਭਾਵ 22 ਅਗਸਤ ਨੂੰ ਮਨਾਇਆ ਗਿਆ ਜੋ ਇਸ ਵਾਰ ਭਾਦੋਂ ਸੁਦੀ 1 ਭਾਵ 22 ਸਤੰਬਰ ਨੂੰ ਮਨਾਇਆ ਜਾਣਾ ਹੈ ।

ਸ਼੍ਰੋਮਣੀ ਕਮੇਟੀ ਦੁਆਰਾ ਸਾਲ 2017-18 ਵਿੱਚ ਛਾਪੇ ਗਏ ਸੰਮਤ 549 ਅਤੇ ਸਾਲ 2018-19 ਲਈ ਛਾਪੇ ਗਏ ਸੰਮਤ 550 ਦੇ ਕੈਲੰਡਰ ਦਾ ਇੱਕ ਅਹਿਮ ਪਹਿਲੂ ਇਹ ਵੀ ਹੈ ਕਿ ਕੈਲੰਡਰ ਨੂੰ ਛਾਪਣ ਵਾਲੇ ਹਰੇਕ ਪ੍ਰਕਾਸ਼ਕ ਦੀਆਂ ਤਾਰੀਖਾਂ ਮਿਲਦੀਆਂ ਜੁਲਦੀਆਂ ਹਨ ।ਇੱਕ ਪ੍ਰਕਾਸ਼ਕ ਨੇ ਤਾਂ ਇਹ ਵੀ ਛਾਪਿਆ ਹੋਇਆ ਹੈ ਕਿ ਛਪੇ ਗਏ ਸਾਰੇ ਹੀ ਦਿਨ ਤਿਉਹਾਰ ਸ਼੍ਰੋਮਣੀ ਗੁ:ਪ੍ਰ:ਕਮੇਟੀ ਦੁਆਰਾ ਸਾਲ 2017-18 ਦੇ ਕੈਲੰਡਰ ਦੇ ਅਨੁਸਾਰ ਹਨ।

ਸਪਸ਼ਟ ਹੈ ਕਿ ਕਮੇਟੀ ਵਲੋਂ ਇਨ੍ਹਾਂ ਨਿੱਜੀ ਪ੍ਰਕਾਸ਼ਕਾਂ ਨੂੰ ਕੈਲੰਡਰ ਛਪਣ ਪ੍ਰਤੀ ਕੋਈ ਗੁਪਤ ਹਦਾਇਤਾਂ ਹਨ ਜੋ ਯਕੀਨਨ ਬਾਦਲਾਂ ਦੇ 10 ਸਾਲਾ ਰਾਜ ਭਾਗ ਦੌਰਾਨ ਸੱਤਾ ਦੀ ਦੁਰਵਰਤੋਂ ਕਰਦਿਆਂ ਦਿੱਤੀਆਂ ਗਈਆਂ।ਲੇਕਿਨ ਕੁਝ ਜਾਗਰੂਕ ਪ੍ਰਕਾਸ਼ਕ ਸੰਗਤਾਂ ਦੇ ਰੋਹ ਤੋਂ ਬਚਣ ਲਈ ਵਿਸ਼ੇਸ਼ ਕਰਕੇ ਜੰਤਰੀਆਂ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਏ ਜਾਣ ਵਾਲੇ ਗੁਰਪੁਰਬਾਂ ਦਾ ਜਿਕਰ ਵੀ ਕਰਦੇ ਹਨ ।ਇੱਕ ਤਲਖ ਹਕੀਕਤ ਹੋਰ ਵੀ ਹੈ ਕਿ ਕੁਝ ਸਾਲਾਂ ਤੀਕ ਬਾਦਲਾਂ ਲਈ ਗਦਾਰ ਰਹੇ ਸੰਤ ਹਰਚੰਦ ਸਿੰਘ ਲੋਂਗੋਵਾਲ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ ਸਾਲ 2017 ਤੇ 2018 ਦੇ ਕੈਲੰਡਰ ਅਨਸਾਰ 5 ਭਾਦੋਂ (21 ਅਗਸਤ)ਨੂੰ ਹੀ ਆ ਰਹੀ ਹੈ।

ਬਾਜਾਰ ਵਿੱਚ ਵਿਕ ਰਹੀਆਂ ਅਜੇਹੀਆਂ ਜੰਤਰੀਆਂ ਤੇ ਕੈਲੰਡਰਾਂ ਉਪਰ ਇਹ ਵੀ ਸ਼ਬਦ ਅੰਕਿਤ ਨਹੀ ਮਿਲਦੇ ਕਿ ਕੈਲੰਡਰ ਨਾਨਕਸ਼ਾਹੀ ਹੈ ਜਾਂ ਬਿਕਰਮੀ ਲੇਕਿਨ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਹਰ ਸਾਲ ਛਾਪੇ ਜਾਣ ਵਾਲੇ ‘ਨਾਨਕਸ਼ਾਹੀ’ਦੀ ਮੋਹਰ ਵਾਲੇ ਕੈਲੰਡਰ ਵਿੱਚ ਨਾਨਕਸ਼ਾਹੀ ਅੰਸ ਕਿਤਨਾ ਕੁ ਹੈ ਇਸਦਾ ਸਬੂਤ ਇਸ ਵਾਰ ਛਾਪੇ ਗਏ ਕੈਲੰਡਰ ਤੋਂ ਮਿਲਦਾ ਹੈ ਜਿਥੇ ਸਿਰਫ ਇੱਕ ਗੁਰਪੁਰਬ ,ਪ੍ਰਕਾਸ਼ ਦਿਹਾੜਾ ਗੁਰੂ ਨਾਨਕ ਸਾਹਿਬ ਜੀ ਦੀ ਤਾਰੀਖ ਮੂਲ ਨਾਨਕਸ਼ਾਹੀ ਕੈਲੰਡਰ ਨਾਲ ਮੇਲ ਖਾਂਦਾ ਹੈ ।ਤੇ ਬਾਕੀ ਕੈਲੰਡਰ ਦੇ ਅਨੁਸਾਰੀ ਪੁਰਬਾਂ ਦੀਆਂ ਤਾਰੀਕਾਂ ਤਾਂ ਸਾਲ 2017 ਵਿੱਚ ਜਾਰੀ ਕੀਤੇ ਕੈਲੰਡਰ ਨਾਲ ਵੀ ਮੇਲ ਨਹੀ ਖਾਂਦੀਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version