Site icon Sikh Siyasat News

ਨਾਨਕਸ਼ਾਹੀ ਕੈਲੰਡਰ ਮਾਮਲਾ ਕੌਮ ਨੂੰ ਪਾੜਨ ਦੀ ਥਾਂ ਇਕਮੁੱਠ ਕਰਨ ਲਈ ਕੰਮ ਕੀਤਾ ਜਾਵੇ

ਨਾਨਕਸ਼ਾਹੀ ਕੈਲੰਡਰ ਦਾ ਮਾਮਲਾ ਸਿੱਖ ਕੌਮ ਲਈ ਉਲਝਣ ਭਰਿਆ ਬਣਦਾ ਜਾ ਰਿਹਾ ਹੈ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਇਸ ਮਾਮਲੇ ‘ਤੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ, ਤਖ਼ਤ ਸਾਹਿਬਾਨ ਦੇ ਜਥੇਦਾਰਾਂ ਅਤੇ ਅਕਾਲੀ ਦਲ ਦੇ ਨੇਤਾਵਾਂ ਵਿਚ ਕੋਈ ਆਪਸੀ ਤਾਲਮੇਲ ਹੀ ਨਹੀਂ ਹੈ।

ਗਿਆਨੀ ਗੁਰਬਚਨ ਸਿੰਘ ਸੋਧਿਆ ਹੋਇਆ ਕੰਲੈਡਰ ਜਾਰੀ ਕਰਦੇ ਹੋਏ (ਫਾਈਲ ਫੋਟੋ)

ਇਹੀ ਕਾਰਨ ਹੈ ਕਿ ਨਾਨਕਸ਼ਾਹੀ ਕੈਲੰਡਰ ਦੇ ਮਾਮਲੇ ‘ਤੇ ਸੰਸਦ ਵਿਚ ਸ: ਸੁਖਦੇਵ ਸਿੰਘ ਢੀਂਡਸਾ ਨੂੰ ਬਿਆਨ ਦੇਣਾ ਪਿਆ ਕਿ ਕੈਲੰਡਰ ਨਾਲ ਅਕਾਲੀ ਦਲ ਤੇ ਪੰਜਾਬ ਸਰਕਾਰ ਦਾ ਕੋਈ ਸਬੰਧ ਨਹੀਂ ਹੈ। ਇਹ ਨਿਰੋਲ ਸ਼੍ਰੋਮਣੀ ਕਮੇਟੀ ਦਾ ਮਾਮਲਾ ਹੈ। ਭਾਵੇਂ ਇਸ ਮੌਕੇ ਸ: ਢੀਂਡਸਾ ਨੇ 1984 ਦੇ ਸਿੱਖ ਕਤਲੇਆਮ ਲਈ ਮੁਆਫ਼ੀ ਮੰਗੇ ਜਾਣ ਦੀ ਮੰਗ ਵੀ ਕੀਤੀ ਪਰ ਉਹ ਅਣਗੌਲੀ ਕਰ ਦਿੱਤੀ ਗਈ ਤੇ ਇਹੀ ਕਾਰਨ ਹੈ ਕਿ ਨਾਨਕਸ਼ਾਹੀ ਕੈਲੰਡਰ ਦਾ ਮਾਮਲਾ ਸਿੱਖ ਕੌਮ ਨੂੰ ਇਕਮੁੱਠ ਕਰਨ ਦੀ ਥਾਂ ਪਾੜਨ ਦਾ ਕੰਮ ਜ਼ਿਆਦਾ ਕਰ ਰਿਹਾ ਹੈ।

ਕਿਸੇ ਨੂੰ ਸਮਝ ਨਹੀਂ ਆ ਰਹੀ ਕਿ ਸ਼੍ਰੋਮਣੀ ਕਮੇਟੀ ਤੇ ਅਕਾਲੀ ਲੀਡਰਸ਼ਿਪ ਕੋਈ ਕੰਮ ਕਰਨ ਤੋਂ ਪਹਿਲਾਂ ਉਸ ਦੇ ਗੁਣ ਦੋਸ਼ ਕਿਉਂ ਨਹੀਂ ਵਿਚਾਰਦੀ?

ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਸਤਿਕਾਰਯੋਗ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਤੋਂ ਪੁੱਛਿਆ ਜਾ ਸਕਦਾ ਹੈ ਕਿ 2003 ਵਿਚ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਵੇਲੇ ਉਨ੍ਹਾਂ ਸਾਹਮਣੇ ਕਿਹੜੇ ਤਰਕ ਸਨ? ਫਿਰ ਕਿਹੜੇ ਤਰਕ ਸੋਚ-ਵਿਚਾਰ ਕੇ ਡੇਰੇਦਾਰਾਂ ਦੇ ਦਬਾਅ ਹੇਠ ਪਹਿਲੇ ਕੈਲੰਡਰ ਦੀ ਭਾਵਨਾ ਨੂੰ ਮਾਰ ਕੇ ਨਵਾਂ ਕੈਲੰਡਰ ਜਾਰੀ ਕੀਤਾ ਗਿਆ ਤੇ ਹੁਣ ਤੀਸਰਾ ਆਰਜ਼ੀ ਕੈਲੰਡਰ ਕੀ ਸੋਚ-ਵਿਚਾਰ ਕੇ ਜਾਰੀ ਕੀਤਾ ਗਿਆ ਹੈ?

ਰੱਬ ਦਾ ਵਾਸਤਾ ਜੇ, ਕੌਮ ਲਈ ਜੋ ਵੀ ਫ਼ੈਸਲਾ ਕਰਨਾ ਹੋਵੇ, ਉਸ ਦੇ ਸਾਰੇ ਗੁਣ ਦੋਸ਼, ਫਾਇਦੇ ਨੁਕਸਾਨ ਵਿਚਾਰ ਕੇ ਲੰਮੀ ਬਹਿਸ ਤੋਂ ਬਾਅਦ ਹੀ ਕਰਨਾ ਚਾਹੀਦਾ ਹੈ। ਫਿਰ ਵੀ ਜੇ ਵਕਤ ਅਤੇ ਤਜਰਬੇ ਤੋਂ ਬਾਅਦ ਕਿਸੇ ਫ਼ੈਸਲੇ ਦੀ ਕੋਈ ਮੱਦ ਕੌਮ ਦੇ ਹਿਤ ਵਿਚ ਨਜ਼ਰ ਨਹੀਂ ਆਉਂਦੀ ਤਾਂ ਉਸ ‘ਤੇ ਵੀ ਦੁਬਾਰਾ ਡੂੰਘੀ ਵਿਚਾਰ ਕਰਕੇ ਉਸ ਨੂੰ ਬਦਲਣ ਦੇ ਸਪੱਸ਼ਟ ਕਾਰਨ ਸੰਗਤਾਂ ਨੂੰ ਦੱਸੇ ਜਾਣੇ ਚਾਹੀਦੇ ਹਨ ਤਾਂ ਜੋ ਕੌਮ ਕਿਸੇ ਭੰਬਲਭੂਸੇ ਵਿਚ ਨਾ ਪਵੇ।

– ਧੰਨਵਾਦ ਸਾਹਿਤ “ਅਜ਼ੀਤ” ਵਿੱਚੋਂ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version