ਨਕੋਦਰ (29 ਜਨਵਰੀ, 2011): ਨਕੋਦਰ ਵਿਖੇ 4 ਫਰਵਰੀ, 1986 ਨੂੰ ਚਾਰ ਨਿਰਦੋਸ਼ ਗੁਰਸਿੱਖ ਨੌਜਵਾਨਾਂ ਨੂੰ ਬਰਨਾਲਾ ਸਰਕਾਰ ਨੇ ਉਸ ਵੇਲੇ ਪੁਲਿਸ ਗੋਲੀਬਾਰੀ ਕਰਵਾਕੇ ਸ਼ਹੀਦ ਕਰਵਾ ਦਿੱਤਾ ਸੀ ਜਦੋਂ ਉਹ ਪੁਰਨਅਮਨ ਤਰੀਕੇ ਨਾਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਨ ਭੇਂਟ ਕੀਤੇ ਸਰੂਪਾਂ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਸਨ। ਇਨ੍ਹਾਂ ਸ਼ਹੀਦ ਸਿੱਖਾਂ ਦੇ 25ਵੇਂ ਸ਼ਹੀਦੀ ਦਿਹਾੜੇ ਮੌਕੇ 4 ਫਰਵਰੀ 2011 ਨੂੰ ਪਿੰਡ ਲਿਤੱਰਾ ਨਜ਼ਦੀਕ ਨਕੋਦਰ ਵਿਖੇ ਗੁਰਦੁਆਰਾ ਬੋਹੜਾ ਵਾਲਾ ਵਿਖੇ ਸ਼ਹੀਦੀ ਸਮਾਗਮ ਕੀਤਾ ਜਾ ਰਿਹਾ ਹੈ। ਪੰਜਾਬ ਨਿਊਜ਼ ਨੈਟਵਰਕ ਨੂੰ ਇਹ ਜਾਣਕਾਰੀ ਲਿਖਤੀ ਰੂਪ ਵਿੱਚ ਸ੍ਰ. ਕਰਨੈਲ ਸਿੰਘ ਪੀਰਮੁਹੰਮਦ ਵੱਲੋਂ ਭੇਜੀ ਗਈ ਹੈ। ਉਨ੍ਹਾਂ ਕਿਹਾ ਹੈ ਕਿ ਚਾਰ ਸ਼ਹੀਦ ਸਿੱਖ ਨੌਜਵਾਨਾਂ ਦੀ ਯਾਦ ਵਿਚ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਸ਼ਹੀਦੀ ਸਮਾਗਮ ਕੀਤਾ ਜਾ ਰਿਹਾ ਹੈ ਜਿਸ ਵਿਚ ਸਮੂਹ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆ ਨੂੰ ਵੱਡੀ ਗਿਣਤੀ ਵਿਚ ਸ਼ਾਮਲ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ 25 ਸਾਲ ਬੀਤ ਜਾਣ ਦੇ ਬਾਵਜੂਦ ਉਪਰੋਕਤ ਚਾਰ ਸਿੱਖ ਨੌਜਵਾਨਾ ਦੇ ਕਾਤਲ ਪੁਲਿਸ ਅਧਿਕਾਰੀਆ ਖਿਲਾਫ ਜਸਟਿਸ ਗੁਰਨਾਮ ਸਿੰਘ ਵੱਲੋਂ ਕੀਤੀ ਇਨਕੁਆਰੀ ਵਿਚ ਦੋਸ਼ੀ ਪਾਏ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ 4 ਫਰਵਰੀ ਨੂੰ ਹੋਣ ਵਾਲੇ ਸ਼ਹੀਦੀ ਸਮਾਗਮ ਦੌਰਾਨ ਅਗਲੇ ਪ੍ਰੋਗਰਾਮ ਦੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।
ਉਨ੍ਹਾਂ ਪੰਜਾਬ ਅੰਦਰ ਹੋਈ ਭਿਆਨਕ ਕਤਲੋਗਾਰਤ ਦੀ ਨਿਰਪੱਖ ਜਾਂਚ ਕਰਵਾਏ ਜਾਣ ਦੀ ਮੰਗ ਨੂੰ ਮੁੜ ਦੁਹਰਾਇਆ ਅਤੇ ਕਿਹਾ ਕਿ ਪੰਜਾਬ ਦੀ ਧਰਤੀ ਉਪਰ ਜ਼ੁਲਮ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਮੌਜੂਦਾ ਬਾਦਲ ਸਰਕਾਰ ਨੂੰ ਤੁਰੰਤ ਦਿਲਚਸਪੀ ਦਿਖਾਉਣੀ ਚਾਂਹੀਦੀ ਹੈ।
ਜ਼ਿਕਰਯੋਗ ਹੈ ਕਿ ਪਿਛਲੀ ਸਦੀ ਦੇ ਅੱਸੀਵਿਆਂ ਤੇ ਨੱਬੇਵਿਆਂ ਦੌਰਾਨ ਪੰਜਾਬ ਵਿੱਚ ਵੱਡੀ ਪੱਧਰ ਉੱਤੇ ਫਰਜੀ ਪੁਲਿਸ ਮਾਕਬਲਿਆਂ, ਬੇਲੋੜੀ ਪੁਲਿਸ ਫਾਇਰੰਗ, ਜ਼ਬਰੀ ਲਾਪਤਾ ਕਰਨ ਦੀਆਂ ਕਾਰਵਾਈਆਂ ਤੇ ਗੈਰ-ਕਾਨੂੰਨੀ ਹਿਰਾਸਤ ਦੀਆਂ ਕਾਰਵਾਈਆਂ ਰਾਹੀਂ ਸਿੱਖ ਨੌਜਵਾਨੀ ਦਾ ਘਾਣ ਕੀਤਾ ਗਿਆ ਹੈ, ਪਰ ਅੱਜ ਤੱਕ ਇਸ ਸੰਬੰਧੀ ਕੋਈ ਵੀ ਵਿਆਪਕ ਜਾਂਚ ਨਹੀਂ ਹੋ ਸਕੀ। ਬਲਕਿ ਜਿਨ੍ਹਾਂ ਕੁਝ ਕੇਸਾਂ ਵਿੱਚ ਜਾਂਚ ਹੋਈ ਵੀ ਹੈ, ਉਸ ਦੀ ਜਾਂ ਤਾਂ ਰਿਪੋਰਟ ਜਨਤਕ ਹੀ ਨਹੀਂ ਕੀਤੀ ਗਈ ਤੇ ਜਾਂ ਫਿਰ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ। ਭਾਵੇਂ ਕਿ ਮੌਜੂਦਾ ਰਾਜ ਕਰ ਰਹੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ 1997 ਦੀਆਂ ਵਿਧਾਨ ਸਭਾ ਚੋਣਾ ਮੌਕੇ ਇਨਹਾਂ ਵਧੀਕੀਆਂ ਬਾਰੇ ਜਾਂਚ ਕਰਵਾ ਕੇ ਦੋਸ਼ੀ ਪੁਲਿਸ ਅਫਸਰਾਂ ਤੇ ਪੁਲਿਸ ਕੈਟਾਂ ਖਿਲਾਫ ਕਾਰਵਾਈ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਵਾਅਦਾ ਪੂਰਾ ਕਰਨ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਸਾਫ ਮੁਨਕਰ ਹੋ ਗਿਆ ਸੀ।