March 3, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਭਾਰਤੀ ਉਪਮਹਾਂਦੀਪ ਦੇ ਤਿੰਨ ਉੱਤਰ-ਪੂਰਬੀ ਖਿੱਤਿਆਂ ਨਾਗਾਲੈਂਡ, ਤ੍ਰਿਪੁਰਾ ਅਤੇ ਮੇਘਾਲਿਆ ਵਿੱਚ ਅੱਜ ਵੋਟਾਂ ਦੀ ਗਿਣਤੀ ਹੋਈ ਜਿਸ ਵਿੱਚੋਂ ਸ਼ਾਮ ਤੱਕ ਸਪਸ਼ਟ ਹੋਏ ਨਤੀਜਿਆਂ ਅਨੁਸਾਰ ਭਾਰਤੀ ਜਨਤਾ ਪਾਰਟੀ ਦੀ ਤ੍ਰਿਪੁਰਾ ਤੇ ਮੇਘਾਲਿਆ ਵਿੱਚ ਸਰਕਾਰ ਬਣਨੀ ਤੈਅ ਹੈ ਜਦੋਂਕਿ ਮੇਘਾਲਿਆ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਿਲਆ।
ਤ੍ਰਿਪੁਰਾ ਵਿੱਚ ਖੱਬੇ ਪੱਖੀ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਪਿਛਲੇ 25 ਸਾਲਾਂ ਤੋਂ ਸੱਤਾ ਵਿੱਚ ਸੀ ਪਰ ਹੁਣ ਇੱਥੇ ਭਾਜਪਾ ਸੱਤਾ ਉੱਤੇ ਕਾਬਜ਼ ਹੋਈ ਹੈ।
ਖਬਰ ਲਿਖੇ ਜਾਣ ਤੱਕ ਤ੍ਰਿਪੁਰਾ ਦੀਆਂ 59 ਸੀਟਾਂ ਵਿੱਚੋਂ 30 ਸੀਟਾਂ ਭਾਜਪਾ ਨੇ ਜਿੱਤ ਲੱਈਆਂ ਸਨ ਅਤੇ 5 ਸੀਟਾਂ ਉਸ ਦੇ ਉਮੀਦਵਾਰ ਅੱਗੇ ਚੱਲ ਰਹੇ ਸਨ। ਸੱਤਾ ਤੋਂ ਬਾਹਰ ਹੋਈ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੂੰ 11 ਸੀਟਾਂ ‘ਤੇ ਜਿੱਤ ਨਸੀਬ ਹੋ ਚੁੱਕੀ ਸੀ ਅਤੇ 5 ਸੀਟਾਂ ‘ਤੇ ਉਸ ਦੇ ਉਮੀਦਵਾਰ ਅੱਗੇ ਚੱਲ ਰਹੇ ਸਨ।
ਤ੍ਰਿਪੁਰਾ ਦੇ ਮੂਲਨਿਵਾਸੀਆਂ ਦੇ ਫਰੰਟ ਨੇ 7 ਸੀਟਾਂ ਉੱਤੇ ਜਿਤ ਦਰਜ਼ ਕਰ ਲਈ ਸੀ ਜਦੋਂ ਕਿ ਫਰੰਟ ਦਾ ਹੋਰ ਇਕ ਉਮੀਦਵਾਰ ਮੁਕਾਬਲੇ ਵਿੱਚ ਅੱਗੇ ਚੱਲ ਰਿਹਾ ਸੀ।
ਨਾਗਾਲੈਂਡ ਵਿੱਚ ਨਾਗਾ ਪੀਪਲਜ਼ ਫਰੰਟ ਤੇ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਖਬਰ ਲਿਖੇ ਜਾਣ ਵੇਲੇ ਤੱਕ ਨਾਗਾ ਪੀਪਲਜ਼ ਫਰੰਟ ਨੇ 18 ਸੀਟਾਂ ਜਿੱਤ ਲੱਈਆਂ ਸਨ ਤੇ ਉਸ ਦੇ 7 ਉਮੀਦਵਾਰ ਮੁਕਾਬਲੇ ਵਿੱਚ ਅੱਗੇ ਚੱਲ ਰਹੇ ਸਨ। ਭਾਜਪਾ ਨੇ 9 ਸੀਟਾਂ ‘ਤੇ ਜਿੱਤ ਦਰਜ਼ ਕਰ ਲਈ ਸੀ ਤੇ ਉਸ ਦੇ 2 ਉਮੀਦਵਾਰ ਅੱਗੇ ਚੱਲ ਰਹੇ ਸਨ। ਨੈਸ਼ਨਲਿਟ ਡੈਮੋਕਰੈਟਿਕ ਪ੍ਰੋਗਰੈਸਿਵ ਪਾਰਟੀ ਦੇ 6 ਉਮੀਦਵਾਰਾਂ ਨੇ ਜਿੱਤ ਦਰਜ਼ ਕਰ ਲਈ ਸੀ ਤੇ ਉਸ ਦੇ 10 ਉਮੀਦਵਾਰ ਮੁਕਾਬਲੇ ਵਿੱਚ ਅੱਗੇ ਚੱਲ ਰਹੇ ਸਨ। ਨਾਗਾਲੈਂਡ ਵਿਧਾਨ ਸਭਾ ਵਿੱਚ ਕੁੱਲ 57 ਸੀਟਾਂ ਹਨ।
ਮੇਘਾਲਿਆ ਵਿੱਚ ਕਾਂਗਰਸ 20 ਸੀਟਾਂ ‘ਤੇ ਜਿੱਤ ਕਰਕੇ ਸਭ ਤੋਂ ਵੱਡੀ ਪਾਰਟੀ ਦੇ ਤੌਰ ‘ਤੇ ਉੱਭਰੀ ਹੈ ਪਰ ਇਹ ਬਹੁਮਤ ਤੋਂ ਕਾਫੀ ਪਿੱਛੇ ਹੈ। ਖਬਰ ਲਿਖੇ ਜਾਣ ਤੱਕ ਕਾਂਗਰਸ ਦਾ 1 ਹੋਰ ਉਮੀਦਵਾਰ ਮੁਕਾਬਲੇ ਵਿੱਚ ਅੱਗੇ ਚੱਲ ਰਿਹਾ ਸੀ। ਮੇਘਾਲਿਆ ਵਿੱਚ ਭਾਜਪਾ ਨੂੰ 2 ਸੀਟਾਂ ‘ਤੇ ਜਿੱਤ ਨਸੀਬ ਹੋਈ ਹੈ। 57 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਨੈਸ਼ਨਲ ਪੀਪਲਜ਼ ਪਾਰਟੀ ਦੇ 18 ਉਮੀਦਵਾਰ ਚੋਣ ਜਿੱਤ ਚੁੱਕੇ ਸਨ ਤੇ ਇਸ ਪਾਰਟੀ ਦਾ 1 ਉਮੀਦਰਵਾਰ ਅੱਗੇ ਚੱਲ ਰਿਹਾ ਸੀ।
ਭਾਜਪਾ ਵੱਲੋਂ ਤ੍ਰਿਪੁਰਾ ਦੀ ਜਿੱਤ ਨੂੰ ਇਤਿਹਾਸਕ ਦੱਸਿਆ ਜਾ ਰਿਹਾ ਹੈ।
Related Topics: BJP, Communist Parties of India, Congress Government in Punjab 2017-2022, Election Commission of India, Nagaland, Tripura