ਕੈਲੀਫੋਰਨੀਆ: ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਕਸਬੇ ਬੇਕਰਸਫੀਲਡ ਵਿਚ ਸਿੱਖਾਂ ਵਲੋਂ ਇੱਥੇ ਸਥਿਤ ਪਾਰਕ “ਸਟੋਨ ਕਰੀਕ ਪਾਰਕ” ਦਾ ਨਾ ਤਬਦੀਲ ਕਰਕੇ “ਜਸਵੰਤ ਸਿੰਘ ਖਾਲੜਾ ਪਾਰਕ” ਰੱਖਣ ਲਈ ਮੁਹਿੰਮ ਸ਼ੁਰੂ ਕੀਤੀ ਹੈ।
ਗੌਰਤਲਬ ਹੈ ਕਿ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਵਿਚ 1980-90 ਦੌਰਾਨ ਭਾਰਤੀ ਰਾਜ ਵਲੋਂ ਝੂਠੇ ਮੁਕਾਬਲੇ ਬਣਾ ਕੇ ਕੀਤੇ ਗਏ ਮਨੁੱਖੀ ਅਧਿਕਾਰਾਂ ਦੇ ਘਾਣ ਖਿਲਾਫ ਅਵਾਜ਼ ਚੁੱਕੀ ਸੀ ਤੇ ਉਨ੍ਹਾਂ ਨੂੰ ਵੀ ਪੁਲਿਸ ਨੇ ਜ਼ਬਰਨ ਅਗਵਾ ਕਰਕੇ ਕਤਲ ਕਰ ਦਿੱਤਾ ਸੀ।
ਜੈਕਾਰਾ ਮੂਵਮੈਂਟ ਨਾਮੀਂ ਸੰਸਥਾ ਵਲੋਂ ਇਸ ਕਾਰਜ ਲਈ ਹਸਤਾਖਰ ਮੁਹਿੰਮ ਚਲਾਈ ਜਾ ਰਹੀ ਹੈ ਤੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਸ ਸਬੰਧੀ 28 ਮਾਰਚ ਨੂੰ ਸ਼ਹਿਰ ਕਾਉਂਸਲ ਦੀ ਹੋਈ ਇਕ ਮੀਟਿੰਗ ਵਿਚ 100 ਦੇ ਕਰੀਬ ਲੋਕਾਂ ਨੇ ਸ਼ਮੂਲੀਅਤ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਹੁਣ ਤਕ 570 ਦੇ ਕਰੀਬ ਲੋਕ ਇਸ ਮੁਹਿੰਮ ਵਿਚ ਹਸਤਾਖਰ ਕਰ ਚੁੱਕੇ ਹਨ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਲੀਫੋਰਨੀਆ ਦੇ ਸ਼ਹਿਰ ਫਰੈਸਨੋ ਵਿਚ ਬੀਤੇ ਵਰ੍ਹੇ ਵੀਕਟੋਰੀਆ ਵੈਸਟ ਕਮਿਊਨਿਟੀ ਪਾਰਕ ਦਾ ਨਾ ਬਦਲ ਕੇ ਜਸਵੰਤ ਸਿੰਘ ਖਾਲੜਾ ਪਾਰਕ ਰੱਖਿਆ ਗਿਆ ਸੀ।