ਮੋਗਾ: ਭਾਈ ਜਗਤਾਰ ਸਿੰਘ ਹਵਾਰਾ ਦੇ ਇਕ 12 ਸਾਲ ਪੁਰਾਣੇ ਮੁਕੱਦਮੇ ‘ਚ ਥਾਣਾ ਬੱਧਨੀ ਕਲਾਂ, ਜ਼ਿਲ੍ਹਾ ਮੋਗਾ ਪੁਲਿਸ ਨੇ ਬੀਤੇ ਕੱਲ੍ਹ (29 ਨਵੰਬਰ, 2017) ਸਬ ਡਿਵੀਜ਼ਨਲ ਜੁਡੀਸ਼ਲ ਮੈਜਿਸਟਰੇਟ, ਨਿਹਾਲ ਸਿੰਘ ਵਾਲਾ ਪੰਕਜ਼ ਵਰਮਾ ਦੀ ਅਦਾਲਤ ’ਚ ਦੋਸ਼ ਪੱਤਰ ਦਾਇਰ ਕੀਤਾ। ਇਸ ਮੌਕੇ ਭਾਈ ਹਵਾਰਾ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ।
ਭਾਈ ਜਗਤਾਰ ਸਿੰਘ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਉਨ੍ਹਾਂ ਦੀ ਥਾਂ ‘ਤੇ ਵਕੀਲ ਅਮਨਦੀਪ ਕੌਰ ਤਖ਼ਤੂਪੁਰਾ ਪੇਸ਼ ਹੋਏ ਅਤੇ ਉਨ੍ਹਾਂ ਦੋਸ਼ ਪੱਤਰ ਦੀ ਕਾਪੀ ਹਾਸਲ ਕੀਤੀ। ਇਸ ਐਫ਼ਆਈਆਰ ਮੁਤਾਬਕ ਭਾਈ ਹਵਾਰਾ ਵਲੋਂ ਪੰਜਾਬ ਪੁਲਿਸ ਦੇ ਸਿਪਾਹੀ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਸਬ ਡਿਵੀਜ਼ਨਲ ਜੁਡੀਸ਼ਲ ਮੈਜਿਸਟਰੇਟ ਨੇ ਆਈਪੀਸੀ ਦੀ ਧਾਰਾ 307 ਅਧੀਨ ਦਰਜ ਇਸ ਮੁਕੱਦਮੇ ਦੀ ਅਗਲੀ ਸੁਣਵਾਈ ਲਈ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ’ਚ ਭੇਜਦੇ ਹੋਏ ਜਗਤਾਰ ਸਿੰਘ ਹਵਾਰਾ ਦੀ ਸੈਸ਼ਨ ਅਦਾਲਤ ’ਚ 16 ਦਸੰਬਰ ਦੀ ਪੇਸ਼ੀ ਮੁਕੱਰਰ ਕੀਤੀ ਹੈ। ਥਾਣਾ ਬੱਧਨੀ ਕਲਾਂ ਪੁਲੀਸ ਨੇ ਇਸ ਵਰ੍ਹੇ 27 ਅਪ੍ਰੈਲ ਨੂੰ ਦਿੱਲੀ ਵਿਖੇ ਤਿਹਾੜ ਜੇਲ੍ਹ ’ਚ ਭਾਈ ਹਵਾਰਾ ਦੀ ਗ੍ਰਿਫ਼ਤਾਰੀ ਪਾ ਲਈ ਸੀ। ਇਸ ਦੋਸ਼ ਪੱਤਰ ’ਚ ਦੋ ਨਵੇਂ ਸਰਕਾਰੀ ਗਵਾਹ ਤਤਕਾਲੀ ਥਾਣਾ ਮੁਖੀ ਇੰਸਪੈਕਟਰ ਭੁਪਿੰਦਰ ਸਿੰਘ ਤੇ ਏਐਸਆਈ ਹਰਵਿੰਦਰ ਸਿੰਘ ਸਮੇਤ ਤਕਰੀਬਨ 15 ਗਵਾਹ ਹਨ। ਪੁਲਿਸ ਮੁਤਾਬਕ ਸੁਰੱਖਿਆ ਦੇ ਮੱਦੇਨਜ਼ਰ ਅਤੇ ਗ੍ਰਹਿ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਭਾਈ ਜਗਤਾਰ ਸਿੰਘ ਹਵਾਰਾ ਦੀ ਇਸ ਕੇਸ ’ਚ ਗ੍ਰਿਫ਼ਤਾਰੀ ਨਹੀਂ ਹੋਈ ਸੀ।
ਇਥੇ ਜ਼ਿਕਰਯੋਗ ਹੈ ਕਿ ਐਫ.ਆਈ.ਆਰ. ਮੁਤਾਬਕ 16 ਫ਼ਰਵਰੀ 2005 ਨੂੰ ਪੁਲਿਸ ਚੌਕੀ ਲੋਪੋਂ ਦੇ ਸਿਪਾਹੀ ਜਸਵੀਰ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ ਸੀ।
ਸਬੰਧਤ ਖ਼ਬਰ:
ਭਾਈ ਜਗਤਾਰ ਸਿੰਘ ਹਵਾਰਾ ਦੇ ਲੱਭੇ ਨਵੇਂ ਕੇਸਾਂ ਬਾਰੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨਾਲ ਗੱਲਬਾਤ …