Site icon Sikh Siyasat News

ਜਰਨੈਲ ਸਿੰਘ ਇੰਗਲੈਂਡ ‘ਚ ਖਾਲਿਸਤਾਨੀਆਂ ਨੂੰ ਮਿਲੇ; ਹਰ ਤਰ੍ਹਾਂ ਦਾ ਕੂੜਾ ਸਾਂਭ ਸਕਦੀ ਹੈ ‘ਆਪ’:ਸੁਖਬੀਰ

ਲੁਧਿਆਣਾ: ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ’ਤੇ ਦੋਸ਼ ਲਾਇਆ ਕਿ ਅਰਵਿੰਦ ਕੇਜਰੀਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਖ਼ਾਲਿਸਤਾਨੀਆਂ ਦਾ ਕਬਜ਼ਾ ਕਰਵਾਉਣਾ ਚਾਹੁੰਦਾ ਹੈ, ਇਸ ਕੰਮ ਲਈ ਉਸਦੀ ਖ਼ਾਲਿਸਤਾਨੀਆਂ ਨਾਲ ਡੀਲ ਵੀ ਹੋ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਜੋ ਵੈੱਬਸਾਈਟ ਸਰਬੱਤ ਖ਼ਾਲਸਾ ਦੀ ਚੱਲ ਰਹੀ ਹੈ, ਹੁਣ ਉਹੀ ਆਮ ਆਦਮੀ ਪਾਰਟੀ ਦੀ ਚੱਲ ਰਹੀ ਹੈ। ਇਹ ਇਸ ਗੱਲ ਦਾ ਸਬੂਤ ਹੈ। ਏਨਾ ਹੀ ਨਹੀਂ ਪੰਜਾਬ ਵਿੱਚ ‘ਆਪ’ ਦੇ ਨਵੇਂ ਸਹਿ-ਇੰਚਾਰਜ ਤੇ ਵਿਧਾਇਕ ਜਰਨੈਲ ਸਿੰਘ ਵੀ ਆਪਣੇ ਇੰਗਲੈਂਡ ਦੌਰੇ ਦੌਰਾਨ ਖ਼ਾਲਿਸਤਾਨੀਆਂ ਨੂੰ ਸਮਰਥਨ ਕਰ ਚੁੱਕੇ ਹਨ।

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਪ ਮੁੱਖ ਮੰਤਰੀ ਸੁਖਬੀਰ ਬਾਦਲ

ਉਪ ਮੁੱਖ ਮੰਤਰੀ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਦੌਰੇ ’ਤੇ ਸੀ ਅਤੇ ਉਨ੍ਹਾਂ ਨੇ ਹੰਬੜਾ ਰੋਡ ਸਥਿਤ ਨਰਵਾਣਾ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ‘ਆਪ’ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੱਲੋਂ ਟਿਕਟਾਂ ਦੀ ਵੰਡ ਵਿੱਚ ਪੈਸੇ ਲੈਣ ਦੀ ਗੱਲ ਨੂੰ ਸਾਜ਼ਿਸ਼ ਦੱਸਣ ’ਤੇ ਸ੍ਰੀ ਬਾਦਲ ਨੇ ਕਿਹਾ ਕਿ ਜੇਕਰ ਛੋਟੇਪੁਰ ਉਨ੍ਹਾਂ ਨੂੰ ਲਿਖ ਕੇ ਦੇਵੇ ਤਾਂ ਉਹ ਇਸਦੀ ਜਾਂਚ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਛੋਟੇਪੁਰ ਨਹੀਂ, ਬਲਕਿ ਸੰਜੈ ਸਿੰਘ ਤੋਂ ਲੈ ਕੇ ਹੇਠਾਂ ਤੱਕ ਸਾਰੇ ਪੈਸੇ ਇਕੱਠੇ ਕਰਨ ਵਿੱਚ ਲੱਗੇ ਹੋਏ ਹਨ। ਹਾਲਾਤ ਇਹ ਹਨ ਕਿ ਜੋ ਪੈਸੇ ਦੇਵੇਗਾ, ਉਸਨੂੰ ਹੀ ਟਿਕਟ ਮਿਲੇਗੀ। ਇਸੇ ਕਰਕੇ ਹਰ ਥਾਂ ‘ਆਪ’ ਦੇ ਉਮੀਦਵਾਰਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ।

ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਦੇ ਕਰੀਬ ਅੱਧੇ ਤੋਂ ਵੱਧ ਉਮੀਦਵਾਰ ਅਪਰਾਧੀ ਹਨ। ਆਮ ਆਦਮੀ ਪਾਰਟੀ ਕੋਲ ਕੋਈ ਮੁੱਦੇ ਨਹੀਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਾਲਿਡ ਵੇਸਟ ਮੈਨੇਜਮੈਂਟ ਕੰਪਨੀ ਦੀ ਤਰ੍ਹਾਂ ਹੈ। ਪੰਜਾਬ ਦਾ ਜਿਹੜਾ ਵੀ ਨਿਖਿੱਧ ਆਗੂ ਹੈ, ਉਹ ‘ਆਪ’ ਵਿੱਚ ਚਲਾ ਜਾਂਦਾ ਹੈ। ਇਸ ਤੋਂ ਸਾਫ਼ ਹੋ ਗਿਆ ਹੈ ਕਿ ‘ਆਪ’ ਸਾਰੇ ਕੂੜੇ ਨੂੰ ਸਾਂਭਣ ਲਈ ਤਿਆਰ ਹੈ। ਬਾਦਲ ਨੇ ਕਿਹਾ ਕਿ ਅਗਲੇ ਡੇਢ ਸਾਲ ਦੇ ਅੰਦਰ ਲੁਧਿਆਣਾ ਦੇ ਧਨਾਸੂ ਵਿੱਚ ਸਾਈਕਲ ਵੈਲੀ ਪ੍ਰੋਜੈਕਟ ਲਾਂਚ ਕਰ ਦਿੱਤਾ ਜਾਵੇਗਾ। ਇਸ ਵਿੱਚ ਕੌਮੀ ਪੱਧਰ ਦੇ ਹਾਈਟੈਕ ਸਾਈਕਲਾਂ ਦਾ ਨਿਰਮਾਣ ਕੀਤਾ ਜਾਵੇਗਾ। ਬਾਦਲ ਨੇ ਦਾਅਵਾ ਕੀਤਾ ਕਿ 1 ਅਕਤੂਬਰ ਤੋਂ ਸੂਬੇ ਵਿੱਚ ਪਾਣੀ ’ਚ ਚੱਲਣ ਵਾਲੀਆਂ ਬੱਸਾਂ ਲਾਂਚ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਸਿੰਜਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਮੁੱਖ ਮੰਤਰੀ ਦੇ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਸਰੂਪ ਚੰਦ ਸਿੰਗਲਾ ਆਦਿ ਮੌਜੂਦ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version