Site icon Sikh Siyasat News

ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ‘ਤੇ ਸਿੱਖ ਰਹਿਤ ਮਰਿਆਦਾ ਨੂੰ ਨਾ ਮੰਨਣ ਵਾਲਿਆਂ ਦੀ ਸਲਾਹ ਨੂੰ ਨਾ ਵਿਚਾਰਿਆ ਜਾਵੇ: ਪੰਥਕ ਸ਼ਖਸ਼ੀਅਤਾਂ

ਅੰਮ੍ਰਿਤਸਰ (7 ਮਾਰਚ, 2015): ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ 9 ਮਾਰਚ ਨੂੰ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਇਕੱਤਰਤਾ ਵਿੱਚ ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਵਿਚਾਰਿਆ ਜਾਣਾ ਹੈ।

ਇਸ ਸਬੰਧੀ ਕੁਝ ਸਿੱਖ ਜਥੇਬੰਦੀਆਂ ਅਤੇ ਸਿੱਖ ਸ਼ਖ਼ਸੀਅਤਾਂ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਦੋ ਜਥੇਦਾਰਾਂ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਤੇ ਗਿਆਨੀ ਕੇਵਲ ਸਿੰਘ, ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ, ਸਾਬਕਾ ਆੲੀਏਅੈਸ ਅਧਿਕਾਰੀ ਗੁਰਤੇਜ ਸਿੰਘ ਅਤੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ. ਗੁਰਦਰਸ਼ਨ ਸਿੰਘ ਢਿੱਲੋਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ 9 ਮਾਰਚ ਨੂੰ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਇਕੱਤਰਤਾ ਵਿੱਚ ਨਾਨਕਸ਼ਾਹੀ ਕੈਲੰਡਰ ਬਾਰੇ ਸਿੱਖ ਰਹਿਤ ਮਰਿਆਦਾ ਤੋਂ ਆਕੀ ਡੇਰੇਦਾਰਾਂ ਤੇ ਹੋਰਨਾਂ ਦੇ ਦਬਾਅ ਅਧੀਨ ਕੋਈ ਫ਼ੈਸਲਾ ਨਾ ਕੀਤਾ ਜਾਵੇ ਅਤੇ ਨਾ ਹੀ ੳੁਨ੍ਹਾਂ ਵੱਲੋਂ ਦਿੱਤੀ ਸਲਾਹ ਨੂੰ ਵਿਚਾਰਿਆ ਜਾਵੇ।

ਗਿਆਨੀ ਗੁਰਬਚਨ ਸਿੰਘ ਸੋਧਿਆ ਹੋਇਆ ਕੰਲੈਡਰ ਜਾਰੀ ਕਰਦੇ ਹੋਏ (ਫਾਈਲ ਫੋਟੋ)

ਦੱਸਣਯੋਗ ਹੈ ਕਿ ਪੰਜ ਸਿੰਘ ਸਾਹਿਬਾਨ ਦੀ 9 ਮਾਰਚ ਨੂੰ ਹੋਣ ਵਾਲੀ ਇਕੱਤਰਤਾ ਵਿੱਚ ਨਾਨਕਸ਼ਾਹੀ ਕੈਲੰਡਰ ਵਿਵਾਦ ਬਾਰੇ ਵਿਚਾਰ ਕੀਤੀ ਜਾਣੀ ਹੈ ਅਤੇ ਨਾਨਕਸ਼ਾਹੀ ਕੈਲੰਡਰ ਸਬੰਧੀ ਕੋਈ ਅਹਿਮ ਫ਼ੈਸਲਾ ਕੀਤਾ ਜਾ ਸਕਦਾ ਹੈ। ਇਸ ਮਾਮਲੇ ਵਿੱਚ ਕੈਲੰਡਰ ਵਿਰੋਧੀ ਅਤੇ ਸਮਰਥਕ, ਦੋਵਾਂ ਧਿਰਾਂ ਵੱਲੋਂ ਆਪੋ ਆਪਣੇ ਸੁਝਾਅ ਅਕਾਲ ਤਖ਼ਤ ਸਾਹਿਬ ਵਿਖੇ ਭੇਜੇ ਜਾ ਚੁੱਕੇ ਹਨ।

ਸਾਂਝੇ ਬਿਆਨ ਵਿੱਚ ਇਨ੍ਹਾਂ ਵਿਦਵਾਨਾਂ ਨੇ ਚਿੰਤਾ ਪ੍ਰਗਟ ਕੀਤਾ ਕਿ 9 ਮਾਰਚ ਨੂੰ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਇਕੱਤਰਤਾ ਵਿੱਚ ਸਿੱਖ ਰਹਿਤ ਮਰਿਆਦਾ ਤੋਂ ਆਕੀ ਡੇਰੇਦਾਰਾਂ ਤੇ ਹੋਰਨਾਂ ਦੇ ਦਬਾਅ ਅਧੀਨ ਨਾਨਕਸ਼ਾਹੀ ਕੈਲੰਡਰ ਵਿਰੁੱਧ ਫ਼ੈਸਲਾ ਕੀਤਾ ਜਾ ਸਕਦਾ ਹੈ।

ਉਨ੍ਹਾਂ ਆਖਿਆ ਕਿ ਮੂਲ ਨਾਨਕਸ਼ਾਹੀ ਕੈਲੰਡਰ ਕਈ ਸਾਲਾਂ ਦੇ ਵਿਚਾਰ ਵਟਾਂਦਰੇ ਤੋਂ ਬਾਅਦ ਹੋਂਦ ਵਿੱਚ ਆਇਆ ਹੈ। ਉਨ੍ਹਾਂ ਆਖਿਆ ਕਿ 14 ਸਾਲਾਂ ਦੇ ਵਿਚਾਰ ਵਟਾਂਦਰੇ ਮਗਰੋਂ ਹੋਂਦ ਵਿੱਚ ਆਈ ਸਿੱਖ ਰਹਿਤ ਮਰਿਆਦਾ, ਜਿਸ ਨੂੰ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਗੀ ਦਿੱਤੀ ਗਈ ਸੀ, ਨੂੰ ਵੀ ਦੋ ਤਖ਼ਤਾਂ ਦੇ ਜਥੇਦਾਰਾਂ ਅਤੇ ਕੁਝ ਡੇਰੇਦਾਰਾਂ ਵੱਲੋਂ ਕਦੇ ਨਹੀਂ ਮੰਨਿਆ ਗਿਆ।

ਉਨ੍ਹਾਂ ਆਖਿਆ ਕਿ ਹੈਰਾਨੀ ਦੀ ਗੱਲ ਹੈ ਕਿ ਰਹਿਤ ਮਰਿਆਦਾ ਨੂੰ ਨਾ ਮੰਨਣ ਵਾਲੇ ਨਾ ਸਿਰਫ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਸ਼ਾਮਲ ਹੁੰਦੇ ਹਨ ਸਗੋਂ ਕਈ ਅਹਿਮ ਫ਼ੈਸਲੇ ਵੀ ਪੰਜ ਸਿੰਘ ਸਾਹਿਬਾਨ ਦੇ ਰੂਪ ਵਿੱਚ ਲੈ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version