ਗੱਧਲੀ/ਜੰਡਿਆਲਾ (25 ਸਤੰਬਰ, 2010 – ਪੰਜਾਬ ਨਿਊਜ਼ ਨੈਟ.): ਸਿੱਖ ਪੰਥ ਦੇ ਮਹਾਨ ਸ਼ਹੀਦਾਂ ਭਾਈ ਸੁਖਦੇਵ ਸਿੰਘ ਅਤੇ ਭਾਈ ਹਰਜਿੰਦਰ ਸਿੰਘ, ਜਿਨ੍ਹਾਂ ਨੂੰ ਭਾਈ ਸੁੱਖਾ-ਜਿੰਦਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ, ਦਾ ਸ਼ਹੀਦੀ ਦਿਹਾੜਾ ਇਸ ਵਾਰ 9 ਅਕਤੂਬਰ ਦੀ ਬਜਾਇ 10 ਅਕਤੂਬਰ ਨੂੰ ਮਨਾਉਣ ਦਾ ਫੈਸਲਾ ਹੋਇਆ ਹੈ। ਇਸ ਸੰਬੰਧੀ ਪੰਜਾਬ ਨਿਊਜ਼ ਨੈਟਵਰਕ ਨੂੰ ਮਿਲੀ ਜਾਣਕਾਰੀ ਮੁਤਾਬਕ ਇਹ ਫੈਸਲਾ ਬੀਤੇ ਦਿਨੀਂ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਭਾਈ ਸੁੱਖਾ-ਜਿੰਦਾ ਦੇ ਪਰਿਵਾਰ ਨਾਲ ਕੀਤੀ ਗਈ ਮੁਲਾਕਾਤ ਵਿੱਚ ਲਿਆ ਗਿਆ ਹੈ।ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਆਗੂ ਭਾਈ ਹਰਪਾਲ ਸਿੰਘ ਚੀਮਾ ਨੇ ਸੰਪਰਕ ਕੀਤੇ ਜਾਣ ਉੱਤੇ ਦੱਸਿਆ ਕਿ ਸ਼ਹੀਦ ਸਿੰਘਾਂ ਦਾ ਸ਼ਹੀਦੀ ਦਿਹਾੜਾ 9 ਅਕਤੂਬਰ ਨੂੰ ਹੁੰਦਾ ਹੈ, ਪਰ ਇਸੇ ਦਿਨ ਹੀ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਵੀ ਹੁੰਦਾ ਹੈ, ਜਿਸ ਕਾਰਨ ਬਹੁਤ ਸਾਰੀਆਂ ਸੰਗਤਾਂ ਅਤੇ ਸਖਸ਼ੀਅਤਾਂ ਸ਼ਹੀਦੀ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਤੋਂ ਵਾਞਿਆਂ ਰਹਿ ਜਾਂਦੀਆਂ ਹਨ। ਉਹਨਾਂ ਦੱਸਿਆ ਕਿ ਪਿਛਲੇ ਸਾਲ ਸ਼ਹੀਦੀ ਸਮਾਗਮਾਂ ਮੌਕੇ ਬਹੁਤ ਸਾਰੇ ਬੁਲਾਰਿਆਂ ਨੇ ਸ਼ਹੀਦੀ ਸਮਾਗਮ ਦਾ ਦਿਨ ਬਦਲਣ ਦਾ ਸੁਝਾਅ ਦਿੱਤਾ ਸੀ, ਜਿਸ ਤਹਿਤ ਹੀ ਇਸ ਵਾਰ ਤੋਂ ਸ਼ਹੀਦੀ ਦਿਹਾੜਾ 10 ਅਕਤੂਬਰ ਨੂੰ ਮਨਾਉਣ ਦਾ ਫੈਸਲਾ ਲਿਆ ਗਿਆ ਹੈ। ਉਹਨਾਂ ਸਮੂਹ ਸਿੱਖ ਸੰਗਤ ਨੂੰ ਸ਼ਹੀਦੀ ਸਮਾਗਮਾਂ ਵਿੱਚ ਹਾਜ਼ਰੀ ਭਰਨ ਲਈ ਕਿਹਾ।
ਇੱਥੇ ਇਹ ਦੱਸਣ ਯੋਗ ਹੈ ਕਿ ਭਾਈ ਸੁੱਖਾ-ਜਿੰਦਾ ਨੇ ਭਾਰਤੀ ਫੌਜ ਦੇ ਮੁਖੀ ਜਨਰਲ ਅਰੁਣ ਵੈਦਿਆ ਨੂੰ ਮਾਰਿਆ ਸੀ, ਜਿਸ ਦੇ ਮੁਖੀ ਹੁੰਦਿਆਂ ਫੌਜ ਨੇ ਜੂਨ 1984 ਵਿੱਚ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਸੀ ਤੇ ਅਨੇਕਾਂ ਬੇਦੋਸ਼ੇ ਸਿੱਖਾਂ ਨੂੰ ਕਤਲ ਕੀਤਾ ਸੀ। ਇਸ ਤੋਂ ਇਲਾਵਾ ਭਾਈ ਸੁੱਖਾ-ਜਿੰਦਾ ਨੇ ਅਜ਼ਾਦ ਸਿੱਖ ਰਾਜ ‘ਖਾਲਸਤਾਨ’ ਲਈ ਚੱਲੇ ਖਾੜਕੂ ਸਿੱਖ ਸੰਘਰਸ਼ ਵਿੱਚ ਵੀ ਅਹਿਮ ਯੋਗਦਾਨ ਪਾਇਆ। ਭਾਈ ਸੁੱਖਾ-ਜਿੰਦਾ ਨੇ ਗ੍ਰਿਫਤਾਰੀ ਤੋਂ ਬਾਅਦ ਅਦਾਲਤ ਵਿੱਚ ਕਬੂਲ ਕੀਤਾ ਕਿ ਉਨ੍ਹਾਂ ਜਨਰਲ ਵੈਦਿਆ ਨੂੰ ਮਾਰਿਆ ਹੈ, ਅਤੇ ਇਹ ਵੀ ਸਪਸ਼ਟ ਕੀਤਾ ਕਿ ਉਹਨਾਂ ਅਜਿਹਾ ਨਿੱਜੀ ਰੰਜਸ਼ ਜਾਂ ਨਿੱਜੀ ਮੁਫਾਦਾਂ ਕਰਕੇ ਨਹੀਂ, ਬਲਕਿ ਕੌਮੀ ਭਾਵਨਾਵਾਂ ਅਤੇ ਇਤਿਹਾਸ ਦੀ ਪ੍ਰੇਰਣਾ ਸਦਕਾ ਕੀਤਾ ਹੈ। ਉਹਨਾਂ ਇਸ ਕਾਰਜ ਬਦਲੇ ਮਿਲੀ ਫਾਂਸੀ ਦੀ ਸਜਾ ਨੂੰ ਖਿੜ੍ਹੇ ਮੱਥੇ ਪ੍ਰਵਾਣ ਕੀਤਾ।
ਜਦੋਂ ਭਾਈ ਸੁੱਖਾ-ਜਿੰਦਾ ਨੂੰ ਅਦਾਲਤ ਨੇ ਫਾਂਸੀ ਦੀ ਸਜਾ ਸੁਣਾਈ ਤਾਂ ਉਹਨਾਂ ਭਾਰਤ ਦੇ ਰਾਸ਼ਟਰਪਤੀ ਨੂੰ ਇੱਕ ਚਿੱਠੀ ਲਿਖੀ, ਜਿਸ ਰਾਹੀਂ ਉਹਨਾਂ ਕੌਮੀ ਭਾਵਨਾਵਾਂ ਨੂੰ ਬਿਆਨ ਕਰਨ ਦੇ ਨਾਲ-ਨਾਲ ਅਖੌਤੀ ਭਾਰਤੀ ਜਮਹੂਰੀਅਤ ਨੂੰ ਇਸ ਦਾ ਵਹਿਸ਼ੀ ਚਿਹਰਾ ਵੀ ਦਿਖਾਇਆ। ਇੱਹ ਚਿੱਠੀ ਅੱਜ ਇਤਿਹਾਸ ਦੀ ਅਹਿਮ ਦਸਤਾਵੇਜ਼ ਬਣ ਚੁੱਕੀ ਹੈ। ਉਹਨਾਂ ਨੂੰ 9 ਅਕਤੂਬਰ 1992 ਨੂੰ ਪੂਨਾ ਦੀ ਯੇਰਵਾੜਾ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ।