ਬਠਿੰਡਾ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਐਤਵਾਰ ਨੂੰ ਕਿਹਾ ਕਿ ਨਰਮੇ ’ਤੇ ਚਿੱਟੀ ਮੱਖੀ ਦਾ ਹਮਲਾ ਓਨਾ ਨਹੀਂ ਹੈ, ਜਿੰਨਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਮਾਨਸਾ ਜ਼ਿਲ੍ਹੇ ’ਚ ਚਿੱਟੀ ਮੱਖੀ ਦੇ ਹਮਲੇ ਦੀ ਗੱਲ ਵੀ ਕਬੂਲੀ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਇਸ ਦਾ ਨਿਰੀਖਣ ਕਰ ਰਹੀਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁ਼ਦ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ।
ਡੇਰਾ ਸਿਰਸਾ ਮੁਖੀ ਦੇ ਮਾਮਲੇ ‘ਚ ਉਨ੍ਹਾਂ ਕਿਹਾ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਅਤੇ ਸਰਕਾਰ ਨੇ ਸੁਰੱਖਿਆ ਇੰਤਜ਼ਾਮ ਪੂਰੇ ਕੀਤੇ ਹੋਏ ਹਨ। ਮਨਪ੍ਰੀਤ ਬਾਦਲ ਰਾਜੀਵ ਗਾਂਧੀ ਭਲਾਈ ਮੰਚ ਦੇ ਪ੍ਰਧਾਨ ਸੱਤਪਾਲ ਭਟੇਜਾ ਦੀ ਪ੍ਰਧਾਨਗੀ ਹੇਠ ਇੰਦਰਾ ਗਾਂਧੀ ਦੇ ਪੁੱਤਰ ਰਾਜੀਵ ਗਾਂਧੀ ਦੇ ਜਨਮ ਦਿਹਾੜੇ ਸਬੰਧੀ ਕਰਾਏ ਸਮਾਗਮ ਵਿੱਚ ਹਾਜ਼ਰੀ ਲਵਾਉਣ ਗਏ ਹੋਏ ਸੀ। ਮਨਪ੍ਰੀਤ ਬਾਦਲ ਨੇ ਕਿਹਾ ਕਿ ਰਾਜੀਵ ਗਾਂਧੀ ਦੀ ਹਰ ਵਰਗ ਨੂੰ ਨਾਲ ਲੈ ਕੇ ਅੱਗੇ ਵੱਧਣ ਦੀ ਸੋਚ ਸੀ। ਬਾਦਲ ਨੇ ਦਾਅਵਾ ਕੀਤਾ ਕਿ ਰਾਜੀਵ ਗਾਂਧੀ ਹੀ ਭਾਰਤ ਨੂੰ ਕੰਪਿਊਟਰ ਯੁੱਗ ‘ਚ ਲੈ ਕੇ ਆਏ ਹਨ।