ਚੰਡੀਗੜ੍ਹ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਮਨਜੀਤ ਸਿੰਘ ਜੀ.ਕੇ. ਉੱਤੇ ਲੰਘੇ ਦਿਨ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਯੂਬਾ ਸਿਟੀ ਵਿੱਚ ਹਮਲਾ ਕੀਤਾ ਗਿਆ। ਹਮਲਾ ਕਰਨ ਵਾਲਿਆਂ ਨੇ ਗੁਰਦੁਆਰਾ ਸਾਹਿਬ ਦੇ ਵਿਹੜੇ ਵਿੱਚ ਮਨਜੀਤ ਸਿੰਘ ਜੀ. ਕੇ. ਦੀ ਕੁੱਟਮਾਰ ਕੀਤੀ ।
ਇਸ ਬਾਬਤ ਜੋ ਦ੍ਰਿਸ਼ ਬਿਜਲ ਸੱਥ (ਸੋਸ਼ਲ ਮੀਡੀਆ) ਅਤੇ ਮੱਕੜਤੰਦ ਯੂ-ਟਿਊਬ ਉੱਤੇ ਨਸ਼ਰ ਹੋਏ ਹਨ ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਹਮਲਾ ਕਰਨ ਵਾਲਿਆਂ ਦੇ ਧੱਕਾ ਮਾਰਨ ਤੇ ਮਨਜੀਤ ਸਿੰਘ ਜੀ. ਕੇ. ਹੇਠਾਂ ਡਿੱਗ ਗਿਆ ਜਿਸ ਤੋਂ ਬਾਅਦ ਉਹਦੀ ਕੁੱਟਮਾਰ ਕੀਤੀ ਗਈ। ਬਾਅਦ ਵਿੱਚ ਜੀ.ਕੇ. ਦੇ ਸਾਥੀ ਉਸ ਨੂੰ ਉਠਾ ਪਰ੍ਹਾਂ ਲੈ ਗਏ।
ਇਸ ਤੋਂ ਕੁਝ ਦਿਨ ਪਹਿਲਾਂ ਜੀ.ਕੇ. ਨੇ ਦੋਸ਼ ਲਾਇਆ ਸੀ ਕਿ ਕੁਝ ਲੋਕਾਂ ਨੇ ਉਸ ਉੱਤੇ ਨਿਊਯਾਰਕ ਵਿਖੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਘਟਨਾ ਦੇ ਜੋ ਦ੍ਰਿਸ਼ ਸਾਹਮਣੇ ਆਏ ਸਨ ਉਨ੍ਹਾਂ ਵਿੱਚ ਕੁਝ ਨੌਜਵਾਨ ਸ਼੍ਰੋ.ਅ.ਦ. (ਬਾਦਲ) ਉੱਤੇ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾ ਰਹੇ ਸਨ।
ਕੱਥੂਨੰਗਲ ਤੋਂ ਕੈਲੀਫੋਰਨੀਆ: ਕੈਲੀਫੋਰਨੀਆ ਦੀ ਘਟਨਾ ਵਿੱਚ ਮਨਜੀਤ ਸਿੰਘ ਜੀ.ਕੇ ਦੀ ਪੱਗ ਲੱਥਣ ਨੂੰ ਸਿੱਖਾਂ ਦੇ ਕਾਫੀ ਵੱਡੇ ਹਿੱਸੇ ਵੱਲੋਂ ਮੰਦਭਾਗਾ ਦੱਸਿਆ ਜਾ ਰਿਹਾ ਹੈ ਤੇ ਯਕੀਨਨ ਕਿਸੇ ਵੀ ਸਿੱਖ ਦੀ ਇੰਝ ਦਸਤਾਰ ਲੱਥਣੀ ਮੰਦਭਾਗੀ ਗੱਲ ਹੀ ਹੈ। ਪਰ ਇਸ ਦੇ ਨਾਲ ਹੀ ਇਹ ਨਜ਼ਰੀਆ ਵੀ ਸਾਹਮਣੇ ਆ ਰਿਹਾ ਹੈ ਕਿ ਇਹ ਕੱਥੂਨੰਗਲ ਵਿੱਚ ਖਲਾਰੇ ਕੰਡੇ ਹੀ ਹਨ ਜਿਹੜੇ ਸ਼੍ਰੋ.ਅ.ਦ. (ਬਾਦਲ) ਵਾਲਿਆਂ ਨੂੰ ਕੈਲੀਫੋਰਨੀਆ ਵਿੱਚ ਜਾ ਕੇ ਚੁਗਣੇ ਪਏ। ਕਿਉਂਕਿ ਬਾਦਲ ਦਲ ਨੇ ਅਕਤੂਬਰ 2006 ਵਿੱਚ ਇਸ ਤੋਂ ਵੱਧ ਵਿਓਂਤ ਬੰਦੀ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਨਾਲ ਸੰਬੰਧਤ ਸਿੱਖਾਂ ਨੂੰ ਬਾਬਾ ਬੁੱਢਾ ਜੀ ਦੀ ਸ਼ਤਾਬਦੀ ਸਬੰਧੀ ਹੋ ਰਹੇ ਸਮਾਗਮ ਦੇ ਪੰਡਾਲ ਵਿੱਚ ਜਾਣ ਤੋਂ ਰੋਕਣ ਲਈ ਮਾਰੂ ਹਮਲਾ ਕੀਤਾ ਸੀ ਜਿਸ ਵਿੱਚ ਸ. ਸਿਮਰਨਜੀਤ ਸਿੰਘ ਮਾਨ ਸਮੇਤ ਕਈ ਸਿੱਖ ਆਗੂਆਂ ਉੱਤੇ ਰੋੜਿਆਂ, ਕਰਪਾਨਾਂ, ਡਾਂਗਾਂ ਤੇ ਗੋਲੀਆਂ ਨਾਲ ਹਮਲਾ ਕੀਤਾ ਸੀ। ਸਿੱਖ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਕੱਥੁਨੰਗਲ ਘਟਨਾ ਵੀ ਮੰਦਭਾਗੀ ਸੀ ਤੇ ਕੈਲੀਫੋਨੀਆ ਵਿੱਚ ਵਪਾਰੀ ਘਟਨਾ ਵੀ ਮੰਦਭਾਗੀ ਹੈ ਕਿਉਂਕਿ ਅਖੀਰ ਇਹ ਹੈ ਤਾਂ ਸਿੱਖਾਂ ਵਿਚਲੀ ਅੰਦਰੂਨੀ ਖਾਨਾਜੰਗੀ ਦਾ ਹੀ ਪ੍ਰਗਟਾਵਾ। ਪਰ ਇਸ ਦੇ ਨਾਲ ਹੀ ਇਹ ਸੱਤਾ ਦੇ ਨਸ਼ੇ ਵਿੱਚ ਸਿੱਖਾਂ ਨਾਲ ਹੀ ਵਧੀਕੀਆਂ ਕਰਨ ਵਾਲੇ ਸਿੱਖਾਂ ਵਿਚਲੇ ਹੀ ਹਿੰਦ ਹਕੂਮਤ ਪੱਖੀ ਲੋਕਾਂ ਲਈ ਸਬਕ ਵੀ ਹੈ ਤੇ ਇਸ ਗੱਲ ਦੀ ਤਸਦੀਕ ਵੀ ਆਪਣਾ ਬੀਜਿਆ ਵੱਢਨਾ ਵੀ ਪੈਂਦਾ ਹੈ।