Site icon Sikh Siyasat News

ਮਾਫੀਆ ਰਾਜ: ਮਜਜੀਠੀਆ ਵਿਰੁੱਧ ਮੁਹਿੰਮ ਨਹੀਂ ਕਾਰਵਾਈ ਕਰਨ ਨਵਜੋਤ ਸਿੱਧੂ: ਆਪ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਹੁਣ ਤਾਂ ਖੁਦ ਕਾਂਗਰਸੀਆਂ ਨੇ ਵੀ ਪਰਦਾ ਚੁੱਕ ਦਿੱਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਆਪਸ ਵਿਚ ਪੂਰੀ ਤਰਾਂ ਘਿਓ-ਖਿਚੜੀ ਹਨ।

‘ਆਪ’ ਵਲੋਂ ਬੀਤੇ ਕੱਲ੍ਹ (26 ਅਕਤੂਬਰ, 2017 ਨੂੰ) ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਮੁੱਖ ਬੁਲਾਰੇ ਅਤੇ ਕੌਮੀ ਕਾਰਜਕਾਰਨੀ ਦੇ ਮੈਂਬਰ ਹਰਜੋਤ ਸਿੰਘ ਬੈਂਸ, ਬੀਬੀ ਸਰਬਜੀਤ ਕੌਰ, ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ, ਜੇ ਕਿਸ਼ਨ ਸਿੰਘ ਰੋੜੀ ਅਤੇ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਬਾਦਲ ਅਤੇ ਕੈਪਟਨ ਚੋਣਾਂ ‘ਚ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ‘ਚ ਸਫਲ ਹੋ ਗਏ। ‘ਆਪ’ ਦੇ ਡਰੋਂ ਬਾਦਲਾਂ ਨੇ ਕੈਪਟਨ ਦੀ ਸਰਕਾਰ ਬਣਾਉਣ ਲਈ ਕਾਂਗਰਸ ਦੀ ਮਦਦ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਇਸ ਨਾਪਾਕ ਸਮਝੌਤੇ ‘ਤੇ ਖਰਾ ਉਤਰਦੇ ਹੋਏ ਬਾਦਲ ਪਰਿਵਾਰ ਅਤੇ ਕਾਰੋਬਾਰੀ ਮਾਫੀਆ ਦਾ ਬਚਾਅ ਕਰ ਰਹੇ ਹਨ।

ਹਰਜੋਤ ਸਿੰਘ ਬੈਂਸ, ਨਵਜੋਤ ਸਿੱਧੂ, ਬਿਕਰਮ ਮਜੀਠੀਆ (ਫੋਟੋ ਪ੍ਰਤੀਕ ਵਜੋਂ)

‘ਆਪ’ ਆਗੂਆਂ ਨੇ ਕਿਹਾ ਕਿ ਗੁਰਬਾਣੀ ਦੇ ਗੁਟਕਾ ਸਾਹਿਬ ਨੂੰ ਸਿਰ ‘ਤੇ ਰੱਖ ਕੇ ਡਰੱਗ ਮਾਫੀਆ ਇਕ ਮਹੀਨੇ ਦੇ ਅੰਦਰ-ਅੰਦਰ ਖਤਮ ਕਰਨ ਅਤੇ ਇਸਦੇ ਸਰਗਣਿਆਂ ਨੂੰ ਜੇਲ੍ਹਾਂ ‘ਚ ਸੁੱਟਣ ਦਾ ਵਾਅਦਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਨ ਪਿਛੋਂ ਬਿਕਰਮ ਸਿੰਘ ਮਜੀਠੀਆ ਦੀ ਉਸੇ ਤਰ੍ਹਾਂ ਢਾਲ ਬਣ ਚੁੱਕੇ ਹਨ ਜਿਵੇਂ ਬਾਦਲ-ਭਾਜਪਾ ਸਰਕਾਰ ਵੇਲੇ ਬਾਦਲ ਪਰਿਵਾਰ ਬਣਿਆ ਹੋਇਆ ਸੀ। ਹਾਲਾਤ ਇਹ ਹਨ ਕਿ ਅੱਜ ਬਿਕਰਮ ਸਿੰਘ ਮਜੀਠੀਆ ਕਾਂਗਰਸੀਆਂ ਨੂੰ ਲਲਕਾਰ ਰਿਹਾ ਹੈ ਅਤੇ ਸ਼ਰਮ ਦੇ ਮਾਰੇ ਕਾਂਗਰਸੀ ਵਿਧਾਇਕਾਂ ਨੂੰ ਬਿਕਰਮ ਸਿੰਘ ਮਜੀਠੀਆ ਉਪਰ ਕਾਰਵਾਈ ਕਰਾਉਣ ਲਈ ਇਕੱਠੇ ਹੋ ਕੇ ਕੈਪਟਨ ਅਮਰਿੰਦਰ ਸਿੰਘ ਦੀਆਂ ਲੇਲੜੀਆਂ ਕੱਢਣੀਆਂ ਪੈ ਰਹੀਆਂ ਹਨ।

‘ਆਪ’ ਆਗੂਆਂ ਨੇ ਕਿਹਾ ਕਿ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਦਾ ਮਜੀਠੀਆ ਵਿਰੁੱਧ ਕਾਰਵਾਈ ਲਈ ਮੁਹਿੰਮ ਵਿੱਢਣ ਦਾ ਹੋਕਾ ਅਸਲ ਵਿਚ ਇਨ੍ਹਾਂ ਕਾਂਗਰਸੀਆਂ ਦੀ ਲੋਕਾਂ ‘ਚ ਉਡ ਰਹੀ ਖਿੱਲੀ ਤੋਂ ਬਚਣ ਲਈ ਬੇਬਸੀ ਭਰਿਆ ਹੋਕਾ ਹੈ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਕਾਂਗਰਸੀ ਵਜ਼ੀਰ ਅਤੇ ਵਿਧਾਇਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹੁਣ ਉਹ ਸਰਕਾਰ ਚਲਾ ਰਹੇ ਹਨ ਅਤੇ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਇਸ ਕਰਕੇ ਪਾਈਆਂ ਸਨ ਕਿਉਂਕਿ ਸਿੱਧੂ ਅਤੇ ਉਸਦੇ ਕਾਂਗਰਸੀ ਸਾਥੀਆਂ ਨੇ ਮਾਫੀਆ ਰਾਜ ਚਲਾਉਣ ਵਾਲੇ ਬਾਦਲਾਂ ਨੂੰ ਸਖਤ ਸਜ਼ਾ ਦੇਣ ਦਾ ਵਾਅਦਾ ਜ਼ੋਰ-ਸ਼ੋਰ ਨਾਲ ਕੀਤਾ ਸੀ। ਇਸ ਲਈ ਸੱਤਾ ‘ਤੇ ਕਾਬਜ਼ਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਮੁਹਿੰਮ ਚਲਾਉਣ ਦੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸੌਂਪੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version