Site icon Sikh Siyasat News

ਬਾਦਲ ਤੇ ਬਾਦਲ ਪਰਿਵਾਰ ਨੂੰ ਸਜ਼ਾ ਅਦਾਲਤਾਂ ਜਾਂ ਸਰਕਾਰਾਂ ਨਹੀਂ, ਸਿੱਖ ਸੰਗਤ ਸਿੱਖ ਕੌਮ ਦੀ ਕਚਹਿਰੀ ਵਿਚ ਦਵੇਗੀ: ਮਾਨ

ਫ਼ਤਹਿਗੜ੍ਹ ਸਾਹਿਬ: ਬੀਤੇ ਕਲ੍ਹ ਅਬੋਹਰ ਵਿਖੇ ਹੋੲੈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਰੈਲੀ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਸੰਬੋਧਨ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੰਦਿਆਂ ਖੁਦ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਗੱਲ ‘ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਵੱਲੋਂ ਆਪਣੇ ਉਤੇ ਲੱਗੇ ਕੌਮੀ ਗੁਨਾਹਾਂ ਨੂੰ ਨਿਮਰਤਾ ਨਾਲ ਪ੍ਰਵਾਨ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼ ਹੋਣ ਦੀ ਬਜਾਇ ਹਊਮੈ ਅਤੇ ਬੁਖਲਾਹਟ ਵਿਚ ਆ ਕੇ ਗ੍ਰਿਫ਼ਤਾਰ ਕਰਨ ਦੀਆਂ ਚੁਣੋਤੀਆਂ ਦੇਣ ਦੇ ਅਮਲ ਬੇਹੱਦ ਸ਼ਰਮਨਾਕ ਹਨ।

ਮੀਡੀਆ ਦੇ ਨਾਂ ਜਾਰੀ ਅਖਬਾਰੀ ਬਿਆਨ ਵਿਚ ਉਨ੍ਹਾਂ ਕਿਹਾ, ““ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਹ ਕਹਿਣਾ ਕਿ ਜੇਕਰ ਮੈਂ ਦੋਸ਼ੀ ਹਾਂ ਤਾਂ ਕੈਪਟਨ ਅਮਰਿੰਦਰ ਸਿੰਘ ਮੈਨੂੰ ਗ੍ਰਿਫ਼ਤਾਰ ਕਰੇ, ਕੇਵਲ ਬੁਖਲਾਹਟ ਵਿਚ ਆ ਕੇ ਬਾਦਲ ਤੇ ਬਾਦਲ ਪਰਿਵਾਰ ਵੱਲੋਂ ਦਗਮਜੇ ਮਾਰੇ ਜਾ ਰਹੇ ਹਨ। ਕਿਉਂਕਿ ਬਾਦਲ ਅਤੇ ਬਾਦਲ ਪਰਿਵਾਰ ਵੱਲੋਂ ਕੀਤੇ ਗਏ ਬੱਜ਼ਰ ਗੁਨਾਹਾਂ ਦੀ ਸਜ਼ਾ ਅਦਾਲਤਾਂ ਜਾਂ ਕੈਪਟਨ ਅਮਰਿੰਦਰ ਸਿੰਘ ਨਹੀਂ, ਬਲਕਿ ਸਿੱਖ ਸੰਗਤ ਸਿੱਖ ਕੌਮ ਦੀ ਕਚਹਿਰੀ ਵਿਚ ਸਿੱਖੀ ਰਵਾਇਤਾ ਅਨੁਸਾਰ ਦੇਵੇਗੀ। ਕਿਉਂਕਿ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਕੀਤੀ ਗਈ ਬੇਅਦਬੀ ਦੀਆਂ ਸਾਜ਼ਿਸਾਂ ਦੀ ਸਰਪ੍ਰਸਤੀ ਕਰਨ ਵਾਲੇ ਅਤੇ ਸਿੱਖ ਕੌਮ ਦੇ ਦੋਸ਼ੀ ਸਿਰਸੇ ਵਾਲੇ ਬਲਾਤਕਾਰੀ ਅਤੇ ਕਾਤਲ ਸਾਧ ਨੂੰ ਸਿੱਖੀ ਰਵਾਇਤਾਂ ਦਾ ਘਾਣ ਕਰਕੇ ਮੁਆਫ਼ ਕਰਨ ਵਾਲੇ ਬਾਦਲ ਅਤੇ ਬਾਦਲ ਪਰਿਵਾਰ ਉਸ ਅਕਾਲ ਪੁਰਖ ਦੀ ਮਾਰ ਤੋਂ ਨਹੀਂ ਬਚ ਸਕਣਗੇ।”

ਉਨ੍ਹਾਂ ਕਿਹਾ ਕਿ ਭਾਰਤ ਦੀ ਕੇਂਦਰੀ ਸੱਤਾ ‘ਤੇ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਦੀ ਵਿਰੋਧੀ ਮੋਦੀ-ਆਰ.ਐਸ.ਐਸ. ਦੀ ਹਕੂਮਤ ਹੈ, ਜਿਸ ਨਾਲ ਬਾਦਲਾਂ ਦਾ ਪਤੀ-ਪਤਨੀ ਵਾਲਾ ਰਿਸ਼ਤਾ ਹੈ। ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਹੈ। ਪਹਿਲੇ ਤਾਂ ਕੈਪਟਨ ਅਮਰਿੰਦਰ ਸਿੰਘ ਹਕੂਮਤ ਹੀ ਸਿੱਖ ਕੌਮ ਦੇ ਦੋਸ਼ੀ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੁਆਰਾ ਪੁਖਤਾ ਸਬੂਤਾਂ ਸਮੇਤ ਠਹਿਰਾਏ ਦੋਸ਼ੀ ਬਾਦਲ ਪਰਿਵਾਰ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਸਜ਼ਾ ਦੇਣ ਤੋਂ ਟਾਲ-ਮਟੋਲ ਹੀ ਕਰ ਰਹੇ ਹਨ । ਜੇਕਰ ਸਿੱਖ ਕੌਮ ਦੇ ਅਤੇ ਆਪਣੀ ਕੈਬਨਿਟ ਦੇ ਦਬਾਅ ਦੀ ਬਦੌਲਤ ਸਜ਼ਾ ਦੇਣ ਲਈ ਹੌਸਲਾ ਕਰ ਲੈਣ ਤਾਂ ਕੇਂਦਰ ਦੀ ਮੁਤੱਸਵੀ ਮੋਦੀ ਹਕੂਮਤ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਜਿਹਾ ਕਰਨ ਦੀ ਕਦੇ ਵੀ ਇਜ਼ਾਜਤ ਨਹੀਂ ਦੇਣੀ।

ਉਨ੍ਹਾਂ ਕਿਹਾ, “ਬਾਦਲ ਤੇ ਦੂਸਰੇ ਰਵਾਇਤੀ ਆਗੂਆਂ ਨੇ ਇੰਦਰਾ ਗਾਂਧੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਉਤੇ ਫ਼ੌਜੀ ਹਮਲਾ ਕਰਨ ਲਈ ਖੁਦ ਪ੍ਰਵਾਨਗੀ ਦਿੱਤੀ । 1978 ਵਿਚ ਜਦੋਂ ਨਿਰੰਕਾਰੀ ਮੁਖੀ ਅੰਮ੍ਰਿਤਸਰ ਵਿਖੇ ਸਿੱਖ ਕੌਮ ਵਿਰੁੱਧ ਪ੍ਰਚਾਰ ਕਰ ਰਿਹਾ ਸੀ ਅਤੇ 13 ਸਿੰਘਾਂ ਨੇ ਸ਼ਾਂਤਮਈ ਰੋਸ ਕਰਦੇ ਹੋਏ ਨਿਰੰਕਾਰੀ ਮੁਖੀ ਵੱਲ ਵਾਹਿਗੁਰੂ ਦਾ ਜਾਪ ਕਰਦੇ ਹੋਏ ਮਾਰਚ ਕੀਤਾ ਤਾਂ ਉਸ ਸਮੇਂ ਬਾਦਲ ਨੇ ਹੀ ਪੁਲਿਸ ਨੂੰ ਗੋਲੀ ਚਲਾਉਣ ਦੇ ਹੁਕਮ ਕਰਕੇ 13 ਸਿੰਘਾਂ ਨੂੰ ਸ਼ਹੀਦ ਕਰਵਾਇਆ ਅਤੇ ਨਿਰੰਕਾਰੀ ਮੁਖੀ ਨੂੰ ਆਪਣੀਆ ਗੱਡੀਆਂ ਵਿਚ ਸੁਰੱਖਿਅਤ ਕਰਕੇ ਦਿੱਲੀ ਪਹੁੰਚਾਇਆ ਸੀ। ਉਸ ਤੋਂ ਉਪਰੰਤ ਨੂਰਮਹਿਲੀਆ ਪਾਖੰਡੀ ਸਾਧ ਵੱਲੋਂ ਜਦੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਦੇ ਹੋਏ ਕਾਰਵਾਈ ਹੋਈ ਤਾਂ ਸ਼ਾਂਤਮਈ ਤਰੀਕੇ ਧਰਨੇ ਤੇ ਬੈਠੇ ਸਿੱਖਾਂ ਉਤੇ ਗੋਲੀ ਤੇ ਲਾਠੀ ਚਲਾਉਣ ਦੇ ਹੁਕਮ ਵੀ ਬਾਦਲ ਨੇ ਦਿੱਤੇ, ਜਿਸ ਵਿਚ ਸ਼ਹੀਦ ਭਾਈ ਦਰਸ਼ਨ ਸਿੰਘ ਲੋਹਾਰਾ ਸ਼ਹੀਦ ਹੋਏ, ਅਨੂਪ ਸਿੰਘ ਸੰਧੂ ਅਤੇ ਹੋਰ ਅਨੇਕਾਂ ਸਿੰਘ ਜਖ਼ਮੀ ਕੀਤੇ ਗਏ। ਕਮਲਜੀਤ ਸਿੰਘ ਸੁਨਾਮ, ਬਲਕਾਰ ਸਿੰਘ ਮੁੰਬਈ, ਹਰਮਿੰਦਰ ਸਿੰਘ ਡੱਬਵਾਲੀ, ਜਸਪਾਲ ਸਿੰਘ ਚੌੜ ਸਿੱਧਵਾ ਵਰਗੇ ਸਿੱਖ ਨੌਜ਼ਵਾਨਾਂ ਨੂੰ ਸ਼ਹੀਦ ਕਰਨ ਵਾਲੇ ਬਾਦਲ ਅਤੇ ਬਾਦਲ ਪਰਿਵਾਰ ਦੇ ਕਾਰਨਾਮੇ ਹਨ। ਇਸ ਉਪਰੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੱੁਧ ਜਦੋਂ 14 ਅਕਤੂਬਰ 2015 ਵਿਚ ਬਹਿਬਲ ਕਲਾਂ ਵਿਖੇ ਸਿੱਖ ਸੰਗਤ ਸ਼ਾਂਤਮਈ ਰੋਸ ਧਰਨਾ ਦੇ ਰਹੀ ਸੀ ਤਾਂ ਵੀ ਬਾਦਲ ਮੁੱਖ ਮੰਤਰੀ ਸਨ ਅਤੇ ਉਨ੍ਹਾਂ ਨੇ ਹੀ ਪੁਲਿਸ ਨੂੰ ਗੋਲੀ ਚਲਾਉਣ ਦੇ ਹੁਕਮ ਕੀਤੇ।”

ਸ. ਮਾਨ ਨੇ ਕਿਹਾ ਕਿ ਬੀਤੇ ਕਲ੍ਹ ਹੋਈ ਅਬੋਹਰ ਰੈਲੀ ਵਿਚ ਦੇਖਿਆਂ ਸਾਫ ਪਤਾ ਲਗਦਾ ਸੀ ਕਿ ਬਾਦਲਾਂ ਨੇ ਇਹ ਇਕੱਠ ਸਿਰਸੇ ਵਾਲਿਆਂ ਦੀ ਮਦਦ ਨਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕੱਠ ਵਿਚ ਦੇਖਣ ਤੋਂ ਹੀ ਪਤਾ ਲਗ ਰਿਹਾ ਸੀ ਕਿ ਇਹ ਸਿੱਖਾਂ ਦਾ ਇਕੱਠ ਨਹੀਂ ਹੈ।

ਸ. ਮਾਨ ਨੇ ਕਿਹਾ ਕਿ ਭੂੰਦੜ ਵਰਗੇ ਸਿੱਖੀ ਦਾ ਦਾਅਵਾ ਕਰਨ ਵਾਲੇ ਆਗੂਆਂ ਵੱਲੋਂ ਜੋ ਬਾਦਲ ਨੂੰ ‘ਦਰਵੇਸ ਬਾਦਸ਼ਾਹ’ ਆਖਿਆ ਜਾ ਰਿਹਾ ਹੈ, ਇਸ ਤੋਂ ਵੱਡੀ ਚਾਪਲੂਸੀ ਦੀ ਕੋਈ ਉਦਾਹਰਣ ਨਹੀਂ ਹੈ। ਜਦੋਂਕਿ ਸਮੱੁਚੀ ਸਿੱਖ ਕੌਮ ਅੱਜ ਸਾਜ਼ਸੀ ਢੰਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ. ਬਾਦਲ ਨੂੰ ‘ਫਖ਼ਰ-ਏ-ਕੌਮ’ ਦੇ ਦਿੱਤੇ ਗਏ ਖਿਤਾਬ ਨੂੰ ਵਾਪਸ ਲੈਣ ਦੀ ਮੰਗ ਕਰ ਰਹੀ ਹੈ ਤਾਂ ਚਾਪਲੂਸਾਂ ਵੱਲੋਂ ਕੰਧ ਉਤੇ ਲਿਖੇ ਸ਼ਬਦਾਂ ਨੂੰ ਪੜ੍ਹਨ ਤੋਂ ਮੁਨਕਰ ਹੋਣਾ, ਇਨ੍ਹਾਂ ਦੀ ਸਿਆਸੀ ਤੇ ਇਖ਼ਲਾਕੀ ਮੌਤ ਨੂੰ ਪ੍ਰਤੱਖ ਕਰਦਾ ਹੈ ਅਤੇ ਆਉਣ ਵਾਲਾ ਸਮਾਂ ਇਸ ਗੱਲ ਦਾ ਸਹੀ ਦਿਸ਼ਾ ਵੱਲ ਫੈਸਲਾ ਕਰਕੇ ਰਹੇਗਾ ਅਤੇ ਜੋ ਆਗੂ ਅੱਜ ਵੀ ਸਿੱਖ ਕੌਮ ਨੂੰ ਮੂਰਖ ਬਣਾਉਣ ਦੀ ਅਸਫ਼ਲ ਕੋਸ਼ਿਸ਼ ਕਰ ਰਹੇ ਹਨ, ਉਹ ਕਦੀ ਵੀ ਆਪਣੇ ਮੰਦਭਾਵਨਾ ਭਰੇ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋਣਗੇ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version